ਨਵੀਂ ਦਿੱਲੀ – ਦਿੱਲੀ ਵਿੱਚ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਹੱਤਿਆ ਦੇ ਇਕ ਮਾਮਲੇ ਵਿੱਚ ਸਰਕਾਰੀ ਧਿਰ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਅਪੀਲ ਕੀਤੀ ਅਤੇ ਇਸ ਨੂੰ ‘ਸਭ ਤੋਂ ਦੁਰਲੱਭ’ ਅਪਰਾਧ ਕਰਾਰ ਦਿੱਤਾ। ਸਰਕਾਰੀ ਧਿਰ ਵੱਲੋਂ ਦਾਇਰ ਇਕ ਲਿਖਤ ਹਲਫਨਾਮੇ ਵਿੱਚ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੂੰ ਇਸ ਦਲੀਲ ਬਾਰੇ ਜਾਣਕਾਰੀ ਦਿੱਤੀ ਗਈ। ਹੱਤਿਆ ਲਈ ਘੱਟੋ ਘੱਟ ਸਜ਼ਾ ਉਮਰ ਕੈਦ ਹੈ।
ਸੱਜਣ ਕੁਮਾਰ ਦੇ ਵਕੀਲ ਨੇ ਮਾਮਲੇ ’ਤੇ ਬਹਿਸ ਕਰਨ ਲਈ ਸਮਾਂ ਮੰਗਿਆ, ਜਿਸ ਮਗਰੋਂ ਜੱਜ ਨੇ ਇਹ ਕਹਿੰਦੇ ਹੋਏ ਮਾਮਲੇ ਦੀ ਸੁਣਵਾਈ 21 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਕਿ ਵਕੀਲ, ਐਡਵੋਕੇਟ ਸੋਧ ਬਿੱਲ 2025 ਦੇ ਵਿਰੋਧ ਵਿੱਚ ਅੱਜ ਕੰਮ ਨਹੀਂ ਕਰਨਗੇ। ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਸਰਕਾਰੀ ਧਿਰ ਦੀ ਮੌਤ ਦੀ ਸਜ਼ਾ ਦੀ ਮੰਗ ਦਾ ਸਮਰਥਨ ਕੀਤਾ ਅਤੇ ਬਹਿਸ ਲਈ ਸਮਾਂ ਮੰਗਿਆ। ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਪਹਿਲੀ ਨਵੰਬਰ 1984 ਨੂੰ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਦੇ ਸਬੰਧ ਵਿੱਚ ਪੰਜਾਬੀ ਬਾਗ ਥਾਣੇ ਨੇ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਇਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਦੀ ਜ਼ਿੰਮਵੇਾਰੀ ਲੈ ਲਈ ਸੀ। ਸੱਜਣ ਕੁਮਾਰ ਫਿਲਹਾਲ ਤਿਹਾੜ ਜੇਲ੍ਹ ਵਿੱਚ ਬੰਦ ਹੈ।