ਨਵੀਂ ਦਿੱਲੀ – ਸਾਲ 2030 ਤਕ ਜਾਪਾਨ ਨੂੰ ਪਿੱਛੇ ਛੱਡ ਭਾਰਤ ਏਸ਼ੀਆ ਦੀ ਦੂਜੀ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਉਸ ਸਮੇਂ ਤਕ ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਦਾ ਆਕਾਰ ਜਰਮਨੀ ਅਤੇ ਬਿ੍ਟੇਨ ਤੋਂ ਵੀ ਜ਼ਿਆਦਾ ਹੋ ਜਾਣ ਅਤੇ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣਨ ਦੀ ਸੰਭਾਵਨਾ ਹੈ। ਆਈਐੱਚਐੱਸ ਮਾਰਕੀਟ ਦੀ ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਭਾਰਤੀ ਅਰਥਵਿਵਸਥਾ ਲਈ ਇਹ ਦਹਾਕਾ ਕਾਫ਼ੀ ਚੰਗਾ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਭਾਰਤ ਇਸ ਸਮੇਂ ਅਮਰੀਕਾ, ਚੀਨ, ਜਾਪਾਨ, ਜਰਮਨੀ ਅਤੇ ਬਿ੍ਰਟੇਨ ਤੋਂ ਬਾਅਦ ਦੁਨੀਆ ਦੀ ਛੇਵੀਂ ਵੱਡੀ ਅਰਥਵਿਵਸਥਾ ਹੈ। ਇਸ ਰਿਪੋਰਟ ਮੁਤਾਬਕ ਭਾਰਤ ਦਾ ਬਾਜ਼ਾਰ ਮੁੱਲ ’ਤੇ ਜੀਡੀਪੀ ਸਾਲ 2021 ਦੇ 2.7 ਟ੍ਰਿਲੀਅਨ ਡਾਲਰ ਤੋਂ ਵੱਧ ਕੇ ਸਾਲ 2030 ਤਕ 8.4 ਟ੍ਰਿਲੀਅਨ ਡਾਲਰ ਹੋ ਜਾਣ ਦਾ ਅਨੁਮਾਨ ਹੈ। ਇਸ ਤੇਜ਼ ਰਫ਼ਤਾਰ ਵਾਲੇ ਵਾਧੇ ਨਾਲ ਭਾਰਤੀ ਜੀਡੀਪੀ ਦਾ ਆਕਾਰ 2030 ਤਕ ਜਾਪਾਨ ਤੋਂ ਅੱਗੇ ਨਿਕਲ ਜਾਵੇਗਾ। ਇਸ ਨਾਲ ਚੀਨ ਤੋਂ ਬਾਅਦ ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਦੂਜੀ ਵੱਡੀ ਅਰਥਵਿਵਸਥਾ ਬਣ ਜਾਵੇਗਾ। ਭਾਰਤ ਦੀ ਜੀਡੀਪੀ ਉਸ ਸਮੇਂ ਤਕ ਜਰਮਨੀ, ਫਰਾਂਸ ਅਤੇ ਬਿ੍ਰਟੇਨ ਨੂੰ ਵੀ ਆਕਾਰ ਦੇ ਮਾਮਲੇ ਵਿਚ ਪਿੱਛੇ ਛੱਡ ਚੁੱਕੀ ਹੋਵੇਗੀ। ਰਿਪੋਰਟ ਕਹਿੰਦੀ ਹੈ ਕਿ ਕੁਲ ਮਿਲਾ ਕੇ ਭਾਰਤ ਦੇ ਅਗਲੇ ਦਹਾਕੇ ਵਿਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣੇ ਰਹਿਣ ਦੀ ਸੰਭਾਵਨਾ ਹੈ। ਤੇਜ਼ੀ ਨਾਲ ਵਧਦਾ ਮੱਧ ਵਰਗ ਦਾ ਆਕਾਰ ਭਾਰਤ ਵਿਚ ਖਪਤਕਾਰ ਖ਼ਰਚ ਨੂੰ ਮਜ਼ਬੂਤੀ ਦੇ ਰਿਹਾ ਹੈ। ਸਾਲ 2030 ਤਕ ਦੇਸ਼ ਦਾ ਖਪਤਕਾਰ ਖ਼ਰਚ ਦੁੱਗਣਾ ਹੋ ਕੇ ਤਿੰਨ ਟ੍ਰਿਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਵਿਚ ਭਾਰਤ ਦੀ ਅਸਲ ਜੀਡੀਪੀ ਵਾਧਾ ਦਰ 8.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ ਜਦਕਿ ਸਾਲ 2020-21 ਵਿਚ ਇਸ ਵਿਚ 7.3 ਫ਼ੀਸਦੀ ਦੀ ਗਿਰਾਵਟ ਆਈ ਸੀ।
previous post