India

ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਕਤਲ ਮਾਮਲੇ ‘ਚ ਨਿਹੰਗ ਸਰਬਜੀਤ ਸਿੰਘ ਵੱਲੋਂ ਆਤਮ-ਸਮਰਪਣ

ਨਵੀਂ ਦਿੱਲੀ – ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਦੋਸ਼ ਵਿਚ ਨਿਹੰਗ ਸਰਬਜੀਤ ਸਿੰਘ ਵੱਲੋਂ ਆਤਮ-ਸਮਰਪਣ ਕੀਤਾ ਗਿਆ ਹੈ। ਹਰਿਆਣਾ ਦੀ ਪੁਲਿਸ ਨੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਨਿਹੰਗ ਸਰਬਜੀਤ ਸਿੰਘ ਨੇ ਹੱਤਿਆ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਸ਼ੁੱਕਰਵਾਰ ਸਵੇਰੇ ਸਿੰਘੂ ਬਾਰਡਰ ਸਥਿਤ ਕਿਸਾਨ ਕੈੰਪ ‘ਚ ਇਕ ਵਿਅਕਤੀ ਨੂੰ ਵਹਿਸ਼ੀਆਨਾ ਢੰਗ ਨਾਲ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ਵਿੱਚ ਸਰਬਜੀਤ ਸਿੰਘ ਨਿਹੰਗ  ਨੇ ਕੱਲ੍ਹ ਸ਼ਾਮ ਹਰਿਆਣਾ ਪੁਲਿਸ ਸਾਹਮਣੇ ਆਤਮ ਸਮਰਪਣ ਕਰਦਿਆਂ ਆਪਣੀ ਗ੍ਰਿਫ਼ਤਾਰੀ ਦੇ ਦਿੱਤੀ। ਉਸ ਉਪਰ ਦੋਸ਼ ਸੀ ਕਿ ਤਰਨ ਤਾਰਨ ਦੇ ਪਿੰਡ ਚੀਮਾ ਕਲਾਂ, ਥਾਣਾ ਸਰਾਏ ਅਮਾਨਤ ਖ਼ਾਨ ਦੇ ਵਸਨੀਕ ਲਖ਼ਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਕੱਲ੍ਹ ਸਵੇਰੇ ਸਿੰਘੂ ਬਾਰਡਰ ‘ਤੇ ਹਮਲਾ ਕਰਕੇ ਉਸਨੂੰ ਬੈਰੀਕੇਡ ‘ਤੇ ਟੰਗ ਦਿੱਤਾ ਗਿਆ ਸੀ। ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ਼ ਕਰ ਲਿਆ ਸੀ। ਪੁਲਿਸ ਵੱਲੋ ਮੁਲਜ਼ਮ ਨਿਹੰਗ ਦੀ ਗਿਰਫਤਾਰੀ ਲਈ ਤਿਆਰੀ ਕੀਤੀ ਜਾ ਰਹੀ ਸੀ ਕਿ ਨਿਹੰਗ ਨੇ ਆਤਮ ਸਮਰਪਣ ਕਰ ਦਿੱਤਾ। ਗ੍ਰਿਫ਼ਤਾਰੀ ਤੋਂ ਪਹਿਲਾਂ ਨਿਹੰਗ ਸਰਬਜੀਤ ਸਿੰਘ ਨੇ ਕਿਹਾ ਕਿ ਉਸਨੂੰ ਇਸ ਘਟਨਾ ਦਾ ਕੋਈ ਅਫ਼ਸੋਸ ਨਹੀਂ ਹੈ ਅਤੇ ਜੇ ਗੁਰੂ ਦੀ ਬੇਅਦਬੀ ਕਰਨ ਵਾਲੇ 100 ਲੋਕ ਵੀ ਮਾਰਣੇ ਪੈਣ ਤਾਂ ਉਹ ਵਾਰ-ਵਾਰ ਜਨਮ ਲੈ ਕੇ ਵੀ ਇਹ ਕਾਰਜ ਕਰਨ ਨੂੰ ਤਿਆਰ ਹੈ। ਦੂਜੇ ਪਾਸੇ ਮੌਤ ਦਾ ਸ਼ਿਕਾਰ ਹੋਇਆ ਲਖਬੀਰ ਸਿੰਘ ਤਿੰਨ ਧੀਆਂ ਦਾ ਪਿਤਾ ਸੀ ਅਤੇ ਨਸ਼ਿਆਂ ਦਾ ਆਦੀ ਸੀ। ਉਸਦੇ ਮਾਂ-ਬਾਪ ਦੀ ਮੌਤ ਹੋ ਚੁੱਕੀ ਹੈ। ਨਸ਼ੇ ਦੇ ਕਾਰਨ ਉਸਦੀ ਪਤਨੀ ਚਾਰ ਸਾਲ ਪਹਿਲਾਂ ਉਸਨੂੰ ਛੱਡ ਕੇ ਆਪਣੇ ਨਾਨਕੇ ਘਰ ਚਲੀ ਗਈ ਸੀ। ਲਖਬੀਰ ਦਿੱਲੀ ਦੀ ਸਿੰਘੂ ਸਰਹੱਦ ‘ਤੇ ਕਿਸਾਨਾਂ ਦੇ ਧਰਨੇ’ ਤੇ ਕਿਵੇਂ ਪਹੁੰਚਿਆ, ਇਹ ਪਤਾ ਨਹੀਂ ਲੱਗਿਆ ਹੈ। ਪਰਿਵਾਰ ਨੇ ਬੇਅਦਬੀ ਦੇ ਦੋਸ਼ਾਂ ਤੋਂ ਕਿਨਾਰਾ ਕਰਦਿਆਂ ਕਿਹਾ ਹੈ ਕਿ ਲਖਬੀਰ ਨੇ ਤਾਂ ਕਦੇ ਕਿਸੇ ਨਾਲ ਪਿੰਡ ਵਿਚ ਵੀ ਲੜਾਈ ਨਹੀਂ ਕੀਤੀ ਸੀ।

ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ‘ਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਸੰਯੁਕਤ ਮੋਰਚੇ ਨੇ ਕਿਹਾ ਕਿ ਨਿਹੰਗਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਯੋਗੇਂਦਰ ਯਾਦਵ ਨੇ ਕਿਹਾ ਕਿ ਲਖਬੀਰ ਕੁਝ ਲੋਕਾਂ ਨਾਲ ਸਿੰਘੂ ਵਿਚ ਰਹਿ ਰਿਹਾ ਸੀ। ਰਾਤੀਂ ਬੇਅਦਬੀ ਨੂੰ ਲੈ ਕੇ ਬੋਲ-ਬੁਲਾਰਾ ਹੋ ਗਿਆ। ਮਾਮਲਾ ਪੁਲਸ ਕੋਲ ਲਿਜਾਣਾ ਚਾਹੀਦਾ ਸੀ, ਉਸ ਨੂੰ ਕਤਲ ਕਰਨਾ ਨਿਖੇਧੀਯੋਗ ਹੈ।

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin