ਸੁਨਚਿਓਨ – ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਤੇ ਓਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਜਰਮਨ ਓਪਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪੁੱਜਣ ਵਾਲੇ ਸੇਨ ਬਿਹਤਰੀਨ ਲੈਅ ਵਿਚ ਚੱਲ ਰਹੇ ਹਨ ਤੇ ਪਹਿਲੇ ਗੇੜ ਵਿਚ ਚੀਨ ਦੇ ਵਿਸ਼ਵ ਵਿਚ 25ਵੇਂ ਨੰਬਰ ਦੇ ਖਿਡਾਰੀ ਲੂ ਗੁਆਂਗ ਜੂ ਨਾਲ ਭਿੜਨਗੇ। ਸੇਨ ਲਈ ਖ਼ਿਤਾਬ ਜਿੱਤਣਾ ਹਾਲਾਂਕਿ ਸੌਖਾ ਨਹੀਂ ਹੋਵੇਗਾ ਕਿਉਂਕਿ ਮਰਦ ਸਿੰਗਲਜ਼ ਡਰਾਅ ਵਿਚ ਕੁਝ ਦਮਦਾਰ ਖਿਡਾਰੀ ਜਿਵੇਂ ਇੰਡੋਨੇਸ਼ੀਆ ਦੇ ਐਂਥਨੀ ਗਿਟਿੰਗ (ਸਿਖਰਲਾ ਦਰਜਾ ਹਾਸਲ) ਤੇ ਜੋਨਾਥਨ ਕ੍ਰਿਸਟੀ (ਤੀਜਾ ਦਰਜਾ ਹਾਸਲ), ਵਿਸ਼ਵ ਚੈਂਪੀਅਨ ਤੇ ਚੌਥਾ ਦਰਜਾ ਹਾਸਲ ਲੋਹ ਕੀਨ ਯੂ, ਮਲੇਸ਼ੀਆ ਦੇ ਦੂਜਾ ਦਰਜਾ ਹਾਸਲ ਲੀ ਜੀ ਜੀਆ ਤੇ ਥਾਈਲੈਂਡ ਦੇ ਕੁਨਲਾਵੁਤ ਵਿਟੀਡਸਰਨ (ਅੱਠਵਾਂ ਦਰਜਾ ਹਾਸਲ) ਹਿੱਸਾ ਲੈ ਰਹੇ ਹਨ।
ਇਸ ਸੈਸ਼ਨ ਵਿਚ ਸਈਅਦ ਮੋਦੀ ਇੰਟਰਨੈਸ਼ਨਲ ਤੇ ਸਵਿਸ ਓਪਨ ਦੇ ਰੂਪ ਵਿਚ ਦੋ ਖ਼ਿਤਾਬ ਜਿੱਤਣ ਵਾਲੀ ਸਿੰਧੂ ਅਮਰੀਕਾ ਦੀ ਲਾਰੇਨ ਲੈਮ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਪਿਛਲੇ ਡੇਢ ਸਾਲ ਤੋਂ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਹ ਇੱਥੇ ਪਹਿਲੇ ਗੇੜ ਵਿਚ ਜਾਪਾਨ ਦੀ ਅਸੁਕਾ ਤਾਕਾਹਾਸ਼ੀ ਦਾ ਸਾਹਮਣਾ ਕਰੇਗੀ। ਸਵਿਸ ਓਪਨ ਦੇ ਫਾਈਨਲ ਵਿਚ ਪੁੱਜਣ ਵਾਲੇ ਐੱਚਐੱਸ ਪ੍ਰਣਯ ਮਰਦ ਸਿੰਗਲਜ਼ ਵਿਚ ਆਪਣੀ ਮੁਹਿੰਮ ਦੀ ਸ਼ੁਰੂਆ ਮਲੇਸ਼ੀਆ ਦੇ ਚੀਮ ਜੂਨ ਵੇਈ ਖ਼ਿਲਾਫ਼ ਕਰਨਗੇ ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਤੇ ਪੰਜਵਾਂ ਦਰਜਾ ਹਾਸਲ ਕਿਦਾਂਬੀ ਸ਼੍ਰੀਕਾਂਤ ਪਹਿਲੇ ਗੇੜ ਵਿਚ ਮਲੇਸ਼ੀਆ ਦੇ ਲਿਊ ਡੈਰੇਨ ਨਾਲ ਭਿੜਨਗੇ। ਇਕ ਹੋਰ ਖਿਡਾਰੀ ਕਿਰਨ ਜਾਰਜ ਦਾ ਸਾਹਮਣਾ ਕੋਰੀਆ ਦੇ ਲੀ ਡੋਂਗ ਕਿਊਨ ਨਾਲ ਹੋਵੇਗਾ। ਡਬਲਜ਼ ਵਿਚ ਭਾਰਤ ਦੀ ਨਜ਼ਰ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤੀਜਾ ਦਰਜਾ ਹਾਸਲ ਮਰਦ ਜੋੜੀ ‘ਤੇ ਟਿਕੀ ਰਹੇਗੀ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਮਰਦ ਡਬਲਜ਼ ਵਿਚ, ਬੀ ਸੁਮੀਤ ਰੈੱਡੀ ਤੇ ਅਸ਼ਵਿਨੀ ਪੋਨੱਪਾ ਮਿਕਸਡ ਡਬਲਜ਼ ਵਿਚ ਤੇ ਐੱਨ ਸਿੱਕੀ ਰੈੱਡੀ ਤੇ ਅਸ਼ਵਿਨੀ ਮਹਿਲਾ ਡਬਲਜ਼ ਵਿਚ ਚੁਣੌਤੀ ਪੇਸ਼ ਕਰਨਗੇ।