ਚੰਡੀਗੜ੍ਹ – 3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਨਾਲ ਅਹਿਮ ਮੀਟਿੰਗ ਹੋਈ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਇੱਕ ਵੀ ਅਧਿਆਪਕ ਦਾ ਨੁਕਸਾਨ ਨਹੀਂ ਹੋਵੇਗਾ ਅਤੇ ਓਹਨਾਂ ਇਸ ਮਸਲੇ ਦੇ ਹੱਲ ਵਾਸਤੇ ਤੁਰੰਤ 18 ਅਪ੍ਰੈਲ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕਨੌਮੀਕਲੀ ਵੀਕਰ ਸੈਕਸ਼ਨ (EWS) ਕੇਸ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਆਏ ਫੈਸਲੇ ਤੋਂ ਬਾਅਦ ਵਿਭਾਗ ਵੱਲੋਂ ਮੈਰਿਟ ਲਿਸਟਾਂ ਰਿਵਾਈਜ਼ ਕਰ ਦਿੱਤੀਆਂ ਗਈਆਂ। ਜਿਸ ਨਾਲ ਸਾਡੀ ਭਰਤੀ ਦੇ 04 ਸਾਲ ਤੋਂ ਸੇਵਾਵਾਂ ਨਿਭਾਅ ਰਹੇ ਰੈਗੂਲਰ 117 ਅਧਿਆਪਕਾਂ ਨੂੰ ਸੇਵਾਵਾਂ ਖ਼ਤਮ ਕਰ ਦੇਣ ਸਬੰਧੀ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਸੀ। ਜਿਸ ਨਾਲ 117 ਅਧਿਆਪਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਜਦੋਂ ਕਿ ਉਹਨਾਂ ਅਧਿਆਪਕਾਂ ਦਾ ਇਸ ਵਿੱਚ ਕੋਈ ਦੋਸ਼ ਵੀ ਨਹੀਂ। ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮਿਲੇ ਭਰੋਸੇ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਵਿਭਾਗ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢੇਗਾ। ਪ੍ਰੰਤੂ ਫਿਰ ਵੀ ਜੇਕਰ ਵਿਭਾਗ ਵੱਲੋਂ ਸਾਡੇ ਅਧਿਆਪਕਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਵਾਸਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੇ ਕਿਸੇ ਵੀ ਅਧਿਆਪਕ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਜਗਜੀਵਨਜੋਤ ਸਿੰਘ, ਰਾਜੇਸ਼ਵਰ ਰਾਏ, ਗੁਰਪ੍ਰੀਤ ਸਿੰਘ, ਬੇਅੰਤ ਕੌਰ, ਅਮਨਪ੍ਰੀਤ ਕੌਰ, ਸੁਖਮਨੀ ਕੌਰ, ਵੀਰਕਰਨ ਸਿੰਘ ਆਦਿ ਅਧਿਆਪਕ ਮੌਜੂਦ ਸਨ।