ਚੰਡੀਗੜ੍ਹ – ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਸਜ਼ਾ ਪੂਰੀ ਕਰ ਚੁੱਕੇ ਦਵਿੰਦਰ ਭੁੱਲਰ ਸਣੇ 12 ਸਿੱਖ ਕੈਦੀਆਂ ਦੀ ਰਿਹਾਈ ‘ਤੇ ਵੱਡਾ ਦਾਅ ਖੇਡ ਸਕਦੀ ਹੈ। 14 ਫਰਵਰੀ ਨੂੰ ਜਲੰਧਰ ਵਿਚ ਚੋਣ ਰੈਲੀ ਵਿਚ ਸ਼ਾਮਲ ਹੋਣ ਆ ਰਹੇ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੇ ਹਨ।
ਇਸ ਵੱਡੇ ਫੈਸਲੇ ਦੀ ਸੰਭਾਵਨਾ ਇਸ ਲਈ ਵੀ ਬਣ ਗਈ ਹੈ ਕਿਉਂਕਿ ਪੰਜਾਬ ਭਾਜਪਾ ਵਲੋਂ ਇਸ ਮਾਮਲੇ ਦੀ ਮਨਜ਼ੂਰੀ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਭੇਜਿਆ ਗਿਆ ਹੈ। ਪਾਰਟੀ ਨੇਤਾਵਾਂ ਦੇ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲਾ ਸਿੱਖ ਸੰਗਠਨਾਂ ਦੀ ਮੰਗ ਨੂੰ ਦੇਖਦੇ ਹੋਏ ਮਨਜ਼ੂਰੀ ਦੇ ਸਕਦਾ ਹੈ।
ਹਾਲ ਹੀ ਵਿਚ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਵਿਚ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਸੀ। ਸਿੱਖ ਸੰਗਠਨ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਭੁੱਲਰ ਸਣੇ 12 ਸਿੱਖ ਕੈਦੀ ਅਜਿਹੇ ਹਨ ਜੋ ਅਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਲੇਕਿਨ ਉਨ੍ਹਾਂ ਰਿਹਾਅ ਨਹੀਂ ਕੀਤਾ ਜਾ ਰਿਹਾ। ਕੇਂਦਰੀ ਮੰਤਰੀ ਨੇ ਸੰਗਠਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰਾਲਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਾਵਾਂਗੇ। ਇਸ ਤੋਂ ਬਾਅਦ ਪੰਜਾਬ ਭਾਜਪਾ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਭੇਜ ਕੇ ਇਸ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੇਤਾ ਇਹ ਮੰਨ ਰਹੇ ਹਨ ਕਿ ਪੰਜਾਬ ਦੇ ਸਿੱਖ ਸੰਗਠਨਾਂ ਦੀ ਮੰਗ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਗੰਭੀਰਤਾ ਨਾਲ ਲਵੇਗਾ।