
ਪੰਜਾਬੀ ਸੂਬੇ ਦਾ ਮੋਰਚਾ 1955 ਤੋ 1961 ਤੱਕ ਚਲਦਾ ਰਿਹਾ। ਉਸ ਸਮੇ ਮੇਰੀ ਉਮਰ ਪੰਜ ਕੂ ਸਾਲ ਹੋਵੇਗੀ ਜਦੋ ਮੈ ਆਪਣੇ ਪਿੰਡ ਜਗਾ ਰਾਮ ਤੀਰਥ ਦੇ ਇਤਹਾਸਕ ਪਿਛੋਕੜ ਵਾਲੇ ਗੁਰਦੁਆਰਾ ਥੰਮ ਸਾਹਿਬ ਤੋ ਬਠਿੰਡੇ ਜੇਲ੍ਹ ਲਈ ਬੱਸ ਤੇ ਜੰਞ ਚੜਦੀ ਵੇਖੀ। ਸਭ ਤੋ ਵੱਡੀ ਉਮਰ ਦੇ ਬਾਬਾ ਮੇਘ ਸਿੰਘ ਨੂੰ ਸੇਹਰੇ ਸਜਾ ਮੋਤ ਨੂੰ ਵਿਆਉਣ ਜਾਣ ਵਾਲੀ ਬਰਾਤ ਦਾ ਲੀਡਰ ਚੁਣਿਆ ਗਿਆ। ਚੀਨ ਦੀ ਜੰਗ ਸ਼ੁਰੂ ਹੋਣ ‘ਤੇ ਮੋਰਚਾ ਖਤਮ ਹੋ ਗਿਆ। ਪਿਤਾ ਜੀ ਇਸ ਮੋਰਚੇ ਵਿੱਚ ਤਿੰਨ ਮਹੀਨੇ ਬਠਿੰਡਾ ਜੇਲ੍ਹ ਵਿੱਚ ਰਹੇ। 1960 ਵਿੱਚ ਮਾਤਾ ਜੀ ਦੀ ਅਚਾਨਕ ਮੌਤ ਹੋ ਗਈ। ਬੱਚਿਆ ਸਮੇਤ ਸਾਰੇ ਪ੍ਰਵਾਰ ਦੀ ਜਿੰਮੇਵਾਰੀ ਪਿਤਾ ਜੀ ਦੀ ਸੀ। ਖੇਤੀਬਾੜੀ ਦੀ ਸਾਰੀ ਜਿ਼ੰਮੇਵਾਰੀ ਵੀ ਪਿਤਾ ਜੀ ਦੀ ਸੀ। ਪੰਥ ਖਤਰੇ ਵਿੱਚ ਹੋਣ ਦੀ ਜਿੰਮੇਵਾਰੀ, ਪਿਤਾ ਜੀ ਨੂੰ ਘਰੇਲੂ ਜਿੰਮੇਵਾਰੀਆਂ ਤੋ ਵੱਡੀ ਜਾਪਦੀ ਸੀ। ਅੰਮ੍ਰਿਤਧਾਰੀ ਹੋਣ ਕਾਰਨ ਪਿਤਾ ਜੀ ਦਾ ਜੇਲ੍ਹ ਵਿੱਚ ਵੀ ਵੱਖਰਾ ਦਸਤੂਰ ਸੀ। ਹੋਰ ਦੋ ਅੰਮ੍ਰਿਤਧਾਰੀ ਸਿੰਘਾ ਨਾਲ ਰਲ ਕੇ ਪਿਤਾ ਜੀ ਨੇ ਜੇਲ੍ਹ ਦਾ ਖਾਣਾ ਖਾਣ ਤੋ ਇਨਕਾਰ ਕਰ ਦਿੱਤਾ। ਕੱਚਾ ਰਾਸ਼ਨ ਦੇਣ ਅਤੇ ਖਾਣਾ ਆਪ ਬਣਾਉਣ ਦੀ ਮੰਗ ਕੀਤੀ। ਦੋ ਦਿਨ ਭੁਖ ਹੜਤਾਲ ਚੱਲੀ। ਆਖੀਰ ਜੇਲ੍ਹ ਅਧਿਕਾਰੀਆ ਮੰਗ ਮੰਨ ਲਈ। ਮੁਲਾਕਾਤੀ ਰਾਸ਼ਨ ਦੇ ਢੇਰ ਲੱਗਾ ਦਿੰਦੇ। ਖੁੱਲ੍ਹਾ ਲੰਗਰ ਚਲਦਾ ਰਿਹਾ। ਕੈਦੀ ਖੁਸ਼ ਅਤੇ ਸੇਵਾਦਾਰ ਵੀ ਖੁਸ਼। ਗੁਰਦੂਆਰਾ ਥੰਮ ਸਾਹਿਬ ਦੇ ਇਤਹਾਸਕ ਪਿਛੋਕੜ ਗੁਰੂ ਅਰਜਨ ਦੇਵ ਜੀ ਦੇ ਪਿਛਲੇ ਪਿੰਡ ਜੰਬਰ ਕਲਾਂ ਜਿਲਾ ਲਾਹੋਰ ਦੀ ਆਮਦ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਨੇ ਸਿੱਖ ਦਾ ਪ੍ਰਚਾਰ ਕਰਦੇ ਨਗਰ ਨੂੰ ਸਿੱਖੀ ਦਾ ਵਰਦਾਨ ਦਿੱਤਾ ਸੀ। ਵੰਡ ਤੋ ਬਾਅਦ ਨਵੇ ਪਿੰਡ ਵਿੱਚ ਆਪਣੇ ਘਰ ਬਣਾਉਣ ਦੇ ਨਾਲ ਹੀ ਪਿਛਲੇ ਪਿੰਡ ਦੇ ਗੁਰਦੂਆਰਾ ਸਾਹਿਬ ਦੇ ਨਾਮ ‘ਤੇ ਹੀ ਗੁਰੂ ਘਰ ਉਸਾਰ ਲਿਆ।
