ਚੰਡੀਗੜ੍ਹ – ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ’ਚ ਆਪਣੇ ਆਖ਼ਰੀ ਸਾਹ ਗਿਣ ਰਹੀ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ’ਚ ਕਾਂਗਰਸ ਦੇ ਪਤਨ ’ਚ ਆਖ਼ਰੀ ਕਿੱਲ ਠੋਕ ਦਿੱਤਾ ਹੈ। ਸਿੱਧੂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੇ ਭੁੱਖੇ ਹਨ। ਕਾਂਗਰਸ ਹਾਈ ਕਮਾਨ ਸਿੱਧੂ ਨੂੰ ਮੁੱਖ ਮੰਤਰੀ ਬਣਾ ਦਿੰਦੀ ਤਾਂ ਸ਼ਾਇਦ ਪੰਜਾਬ ’ਚ ਇੰਨਾ ਵੱਡਾ ਸਿਆਸੀ ਭੂਚਾਲ ਨਾ ਆਉਂਦਾ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਸਾਢੇ ਚਾਰ ਸਾਲ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਕਾਂਗਰਸ ਹਾਈ ਕਮਾਨ ਨੇ ਪੰਜਾਬ ’ਚ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਇਕ ਡਰਾਮੇ ਦੀ ਕਹਾਣੀ ਲਿਖੀ ਤੇ ਉਸ ਨੂੰ ਪੰਜਾਬ ’ਚ ਸਿੱਧੂ ਦੇ ਰੂਪ ’ਚ ਪ੍ਰਦਰਸ਼ਿਤ ਕੀਤਾ ਗਿਆ।ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਡਰਾਮਾ ਤਾਂ ਰਚ ਦਿੱਤਾ ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਸਿੱਧੂ ਇਕ ਬੇਕਾਬੂ ਘੋੜਾ ਹੈ। ਉਸ ’ਤੇ ਲਗਾਮ ਲਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਸਿੱਧੂ ਮੁੱਖ ਮੰਤਰੀ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ ਜੋ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਲੜਾਈ ਦਾ ਖਮਿਆਜ਼ਾ ਸੂਬੇ ਦੀ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ। ਕਾਂਗਰਸ ’ਚ ਉੱਪਰੋਂ ਲੈ ਕੇ ਹੇਠਾਂ ਤਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਖ਼ੁਦ ਮੁੱਖ ਮੰਤਰੀ ਚੰਨੀ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਕਲੀਨ ਚਿੱਟ ਦੇ ਕੇ ਜਨਤਾ ’ਚ ਅਵਿਸ਼ਵਾਸ ਦੀ ਭਾਵਨਾ ਜਗਾ ਦਿੱਤੀ ਹੈ।ਭਾਜਪਾ ਦੇ ਸੂਬਾ ਪ੍ਰਧਾਨ ਨੇ ਪਾਰਟੀ ਦਫ਼ਤਰ ’ਚ ਕਰਵਾਏ ਇਕ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਹੋਰਨਾਂ ਸੰਗਠਨਾਂ ਦੇ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰਵਾਇਆ। ਅਸ਼ਵਨੀ ਸ਼ਰਮਾ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਦਿਵਾਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
previous post