ਚੰਡੀਗਡ਼੍ਹ – ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਸਰਕਾਰ ਦੇ ਏਜੀ ਏਪੀਐਸ ਦਿਓਲ ਵਿਚਕਾਰ ਚੱਲ ਰਹੀ ਲਡ਼ਾਈ ’ਤੇ ਚੁਸਕੀ ਲੈਂਦੇ ਹੋਏ ਟਵੀਟ ਕੀਤੀ ਹੈ। ਇਸ ਟਵੀਟ ਵਿਚ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਇਹ ਉਜਾਗਰ ਹੋ ਗਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਕਿਵੇਂ ਏਜੀ ਦੇ ਸੰਵਿਧਾਨਕ ਦਫ਼ਤਰ ਦੇ ਕੰਮਕਾਜ ਵਿਚ ਰੁਕਾਵਟ ਬਣ ਰਹੇ ਹਨ। ਉਨ੍ਹਾਂ ਵੱਲੋਂ ਸਿਆਸੀ ਹਿਸਾਬ ਕਿਤਾਬ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਨੂੰ ਇਹ ਦੱਸਣ ਕਿ ਉਹ ਸੰਵਿਧਾਨਿਕ ਅਹੁਦੇ ਦੀ ਰੱਖਿਆ ਕਰਨ ਦੇ ਸਮੱਰਥ ਕਿਉਂ ਨਹੀਂ ਹਨ? ਦੱਸ ਦੇਈਏ ਕਿ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਅੱਜ ਸਵੇਰੇ ਇਕ ਪ੍ਰੈਸ ਰਿਲੀਜ਼ ਕਰਕੇ ਵੱਡਾ ਹਮਲਾ ਕੀਤਾ ਸੀ। ਇਸ ਬਿਆਨ ਵਿਚ ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਨਿੱਜੀ ਸਿਆਸੀ ਮੁਨਾਫ਼ੇ ਲਈ ਸਰਕਾਰ ਤੇ ਏਜੀ ਦੇ ਕੰਮਾਂ ਵਿਚ ਰੁਕਾਵਟ ਬਣ ਰਹੇ ਹਨ। ਨਸ਼ੇ ਅਤੇ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਵਿਚ ਰੋਡ਼ੇ ਅਟਕਾ ਰਹੇ ਹਨ। ਸਿਆਸੀ ਮੁਨਾਫੇ ਲਈ ਗਲਤ ਜਾਣਕਾਰੀ ਫੈਲਾਅ ਰਹੇ ਹਨ। ਸਿੱਧੂ ਆਪਣੀਆਂ ਭਾਸ਼ਣਬਾਜ਼ੀਆਂ ਨਾਲ ਸਰਕਾਰ ਦੀ ਮਿਹਨਤ ’ਤੇ ਪਾਣੀ ਫੇਰ ਰਹੇ ਹਨ।ਜ਼ਿਕਰਯੋਗ ਹੈ ਕਿ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ’ਤੇ ਨਿਸ਼ਾਨੇ ਸਾਧ ਰਹੇ ਹਨ। ਇਕ ਦਿਨ ਉਹ ਚੰਨੀ ਨਾਲ ਖਡ਼੍ਹੇ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਹੀ ਦਿਨ ਉਹ ਵਿਰੋਧੀ ਧਿਰ ਵਾਂਗ ਉਨ੍ਹਾਂ ਨੂੰ ਕਟਹਿਰੇ ਵਿਚ ਖਡ਼੍ਹਾ ਕਰ ਲੈਂਦੇ ਹਨ। ਇਸ ਨਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਜਨਤਾ ਵਿਚ ਸ਼ੰਕੇ ਵਧ ਜਾਂਦੇ ਹਨ।