ਅੰਮ੍ਰਿਤਸਰ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾ ਲਈ, ਪਰ ਪਟਿਆਲਾ ‘ਚ ਆਪਣਾ ਮੇਅਰ ਨਹੀਂ ਬਚਾ ਸਕੇ। ਹੁਣ ਇਸ ਹਾਲਤ ‘ਚ ਉਹ (ਕੈਪਟਨ ਅਮਰਿੰਦਰ ਸਿੰਘ) ਆਪਣੀ ਐਮਐਲਏ ਦੀ ਸੀਟ ਕਿਵੇਂ ਜਿੱਤਣਗੇ। ਇਸ ਦੇ ਨਾਲ ਹੀ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਨਿਸ਼ਾਨਾ ਸਾਧਿਆ ਹੈ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ‘ਚ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ‘ਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ। ਉੱਥੇ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ। ਕੇਜਰੀਵਾਲ ਪੰਜਾਬ ਆ ਕੇ ਝੂਠ ‘ਤੇ ਝੂਠ ਬੋਲ ਰਿਹਾ ਹੈ।ਨਵਜੋਤ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਨੰਬਰ ਦੋ ਦੀ ਖ਼ੂਬ ਕਮਾਈ ਕੀਤੀ। ਉਨ੍ਹਾਂ ਦੇ ਘਰ ਨਸ਼ਾ ਤਸਕਰ ਰਹਿੰਦੇ ਹਨ। ਸਿੱਧੂ ਨੇ ਕਿਹਾ ਕਿ ਡਰੱਗ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੋਲਾ ਨੇ ਜਨਤਕ ਤੌਰ ‘ਤੇ ਉਸ ਦਾ ਨਾਂ ਲਿਆ, ਪਰ ਇਸ ਮਾਮਲੇ ‘ਚ ਕਿਸੇ ਨੇ ਕੁਝ ਨਹੀਂ ਕੀਤਾ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵੀ ਸਹਿਮਿਆ ਹੋਇਆ ਹੈ। ਅੱਜ ਈਡੀ ਦੀ ਛਾਪੇਮਾਰੀ ਜਗ੍ਹਾ-ਜਗ੍ਹਾ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਅਕਾਲੀ ਰਾਜ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਕਠਪੁਤਲੀ ਬਣਾ ਕੇ ਰੱਖਿਆ। ਅਕਾਲੀ ਦਲ ਵਾਂਗ ਨਾ ਤਾਂ ਸਿੱਧੂ ਦੀਆਂ ਬੱਸਾਂ ਚਲਦੀਆਂ ਹਨ ਅਤੇ ਨਾ ਹੀ ਮੇਰੇ ਕੋਲ ਹੋਟਲ ਹਨ। ਸਿੱਧੂ ਮਿਹਨਤ ਦੀ ਖਾਂਦਾ ਹੈ। ਇਸ ਵਾਰ ਲੋਕਾਂ ਦੀ ਸਰਕਾਰ ਬਣੇਗੀ। ਜੋ ਵਾਅਦੇ ਅਸੀਂ ਕਰ ਰਹੇ ਹਾਂ, ਉਹ ਪੂਰੇ ਕੀਤੇ ਜਾਣਗੇ।