ਬੈਂਗਲੁਰੂ – ਦੇਸ਼ ’ਚ ਸੱਤ ਸਾਲ ਦੀ ਉਮਰ ਤਕ ਦੇ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ਦਾ ਸੁਰੱਖਿਆ ਘੇਰਾ ਮਿਲਣ ਦੀ ਉਮੀਦ ਵੱਧ ਗਈ ਹੈ। ਭਾਰਤੀ ਦਵਾਈ ਰੈਗੂਲੇਟਰੀ ਨੇ ਸੀਰਮ ਇੰਸਟੀਚਿਊਟ ਨੂੰ ਅਮਰੀਕੀ ਕੰਪਨੀ ਨੋਵਾਵੈਕਸ ਦੀ ਵੈਕਸੀਨ ਦਾ ਸੱਤ ਤੋਂ 11 ਸਾਲ ਦੀ ਉਮਰ ਤਕ ਦੇ ਬੱਚਿਆਂ ’ਤੇ ਤਜਰਬਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।ਸੀਰਮ ਇੰਸਟੀਚਿਊਟ ਅਮਰੀਕੀ ਦਵਾ ਕੰਪਨੀ ਦੀ ਵੈਕਸੀਨ ਨੂੰ ਦੇਸ਼ ’ਚ ਕੋਵਾਵੈਕਸ ਦੇ ਨਾਂ ਤੋਂ ਬਣਾ ਰਹੀ ਹੈ। ਸੀਰਮ ਨੂੰ ਭਾਰਤ ਦੇ ਦਵਾ ਮਹਾ ਨਿਰਦੇਸ਼ਕ (ਡੀਸੀਜੀਆਈ) ਤੋਂ ਪਹਿਲਾਂ ਹੀ 12 ਤੋਂ 17 ਸਾਲ ਦੇ ਉਮਰ ਵਰਗ ਦੇ ਬੱਚਿਆਂ ’ਤੇ ਇਸ ਦੇ ਤਜਰਬੇ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਕੰਪਨੀ ਨੇ ਸ਼ੁਰੂਆਤੀ ਤੌਰ ’ਤੇ ਇਸ ਦਾ 100 ਬੱਚਿਆਂ ’ਤੇ ਪ੍ਰੀਖਣ ਵੀ ਕੀਤਾ ਹੈ ਤੇ ਇਸ ਦੇ ਸੁਰੱਖਿਆ ਸਬੰਧੀ ਡਾਟਾ ਵੀ ਦਵਾ ਰੈਗੂਲੇਟਰੀ ਨੂੰ ਮੁਹੱਈਆ ਕਰਵਾ ਦਿੱਤਾ ਹੈ।ਕੇਂਦਰੀ ਦਵਾ ਮਾਪਦੰਡ ਕੰਟਰੋਲ ਸੰਗਠਨ (ਸੀਡੀਐੱਸਸੀਓ) ਦੇ ਵਿਸ਼ਾ ਮਾਹਿਰ ਕਮੇਟੀ ਨੇ ਕਿਹਾ ਕਿ ਵਿਸਤਾਰ ਨਾਲ ਚਰਚਾ ਕਰਨ ਤੋਂ ਬਾਅਦ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੰਪਨੀ ਨੂੰ ਸੱਤ ਤੋਂ 11 ਸਾਲ ਦੇ ਉਮਰ ਦੇ ਬੱਚਿਆਂ ’ਤੇ ਵੈਕਸੀਨ ਦੇ ਤਜਰਬੇ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਗਈ ਹੈ।ਹਾਲਾਂਕਿ ਨੋਵਾਵੈਕਸ ਦੀ ਵੈਕਸੀਨ ਨੂੰ ਫ਼ਿਲਹਾਲ ਭਾਰਤ ’ਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ। ਇਸ ਮਹੀਨੇ ਦੀ ਸ਼ੁਰੂਆਤ ’ਚ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਉਮੀਦ ਪ੍ਰਗਟਾਈ ਸੀ ਕਿ ਅਗਲੇ ਸਾਲ ਜਨਵਰੀ-ਫਰਵਰੀ ਤਕ ਕੋਵਾਵੈਕਸ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਮਨਜ਼ੂਰੀ ਮਿਲ ਜਾਵੇਗੀ।ਦੇਸ਼ ’ਚ ਹੁਣ ਤਕ ਸਿਰਫ ਜਾਇਡਸ ਕੈਡਿਲਾ ਦੀ ਵੈਕਸੀਨ ਨੂੰ ਹੀ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਤੇ ਬਾਲਗਾਂ ਨੂੰ ਲਗਾਉਣ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ।