ਨਵੀਂ-ਦਿੱਲੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 6, ਫ਼ਲੈਗ ਸਟਾਫ਼ ਰੋਡ ਸਥਿਤ ਬੰਗਲੇ ਦੀ ਜਾਂਚ ਕੀਤੀ ਜਾਵੇਗੀ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ 13 ਫ਼ਰਵਰੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਹੁਕਮ ਦਿਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 40,000 ਵਰਗ ਗਜ਼ (8 ਏਕੜ) ਵਿਚ ਫੈਲੇ ਇਸ ਬੰਗਲੇ ਦੇ ਨਿਰਮਾਣ ਵਿਚ ਕਈ ਨਿਯਮਾਂ ਨੂੰ ਤੋੜਿਆ ਗਿਆ ਸੀ।
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਬੰਗਲੇ ਦੇ ਨਵੀਨੀਕਰਨ ’ਚ 45 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਨੂੰ ਸ਼ਿਕਾਇਤ ਕੀਤੀ ਸੀ ਕਿ ਕੇਜਰੀਵਾਲ ਦਾ ਬੰਗਲਾ ਚਾਰ ਸਰਕਾਰੀ ਜਾਇਦਾਦਾਂ ਨੂੰ ਗ਼ਲਤ ਤਰੀਕੇ ਨਾਲ ਮਿਲਾ ਕੇ ਬਣਾਇਆ ਗਿਆ ਸੀ। ਇਸ ਪ੍ਰਕਿਰਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਦੇ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਇਸ ਬੰਗਲੇ ’ਚ ਨਹੀਂ ਰਹਿਣਗੇ। ਭਾਜਪਾ ਨੇ ਇਸ ਬੰਗਲੇ ਦਾ ਨਾਂ ਕੇਜਰੀਵਾਲ ਦਾ ਸ਼ੀਸ਼ਮਹਿਲ ਰਖਿਆ ਹੈ। ਕੇਜਰੀਵਾਲ 2015 ਤੋਂ 2024 ਤਕ ਇੱਥੇ ਰਹੇ। ਬਾਜਪਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਮੁਰੱਮਤ ਦੇ ਨਾਂ ’ਤੇ ਬੰਗਲੇ ਨੂੰ 7 ਸਟਾਰ ਰਿਜ਼ਾਰਟ ਵਿਚ ਬਦਲ ਦਿਤਾ।