ਪੰਜਾਬ ’ਚ ਗੱਡੀਆਂ ਦੀ ਖਰੀਦ ਨੂੰ ਲੈ ਕੇ ਸਿਆਸਤ ਭਖ ਚੁੱਕੀ ਹੈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਅਤੇ ਉਨ੍ਹਾਂ ਨੇ ਇਸ ਮਾਮਲੇ ’ਤੇ ਜਾਂਚ ਦੀ ਮੰਗ ਕੀਤੀ ਹੈ।
ਪੰਜਾਬ ਵਿਧਾਨ ਸਭਾ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਹੈ ਕਿ ਜੇਕਰ ਕੰਪਨੀ ਵੱਲੋਂ ਛੋਟ ਦਿੱਤੀ ਗਈ ਸੀ ਤਾਂ ਪੰਜਾਬ ਸਰਕਾਰ ਨੇ ਇਹ ਛੋਟ ਕਿਉਂ ਨਹੀਂ ਲਈ। ਜੇਕਰ ਸਰਕਾਰ ਨੇ ਛੋਟ ਲੈ ਲਈ ਹੁੰਦੀ ਤਾਂ 14.50 ਕਰੋੜ ਰੁਪਏ ਦੀ ਬਚਤ ਹੋਣੀ ਸੀ।
ਸੁਖਪਾਲ ਖਹਿਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ, ‘ਕੀ ਕਿਸੇ ਹੋਰ ਨੇ ਇਸ ਸੌਦੇ ਰਾਹੀਂ ਛੋਟ ਦੀ ਰਕਮ ਨਕਦ ’ਚ ਵਾਪਸ ਲਈ ਹੈ। ਮੈ ਡੀਜੀਪੀ ਪੰਜਾਬ ਨੂੰ ਇਸ ਸ਼ੱਕੀ ਤਰੀਕੇ ਨਾਲ ਹੋਈ ਖਰੀਦ ਦੀ ਜਾਂਚ ਕਰਨ ਦੀ ਮੰਗ ਕਰਦਾ ਹਾਂ। ਪੰਜਾਬ ਦੇ ਲੋਕਾਂ ਨੂੰ ਸੱਚਣ ਜਾਣਨ ਦਾ ਅਧਿਕਾਰ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇ।’