ਲੁਧਿਆਣਾ – ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ’ਤੇ ਫਿਰ ਵੱਡਾ ਹਮਲਾ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਬੀਐੱਸਐੱਫ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ’ਚ ਕਦੇ ਵੀ ਵੜ ਸਕਦੀ ਹੈ। ਜੇ ਕੇਂਦਰ ਸਰਕਾਰ ਨੂੰ ਕਿਸੇ ਨਾਲ ਵੀ ਨਾਰਾਜ਼ਗੀ ਜਾਂ ਵਿਰੋਧ ਹੋਇਆ ਤਾਂ ਉਹ ਸਿੱਧੇ ਬੀਐੱਸਐੱਫ ਦੀ ਵਰਤੋਂ ਕਰ ਸਕੇਗੀ। ਇਹ ਸੰਘੇ ਢਾਂਚੇ ’ਤੇ ਸਿੱਧਾ ਹਮਲਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ’ਚ ਉਥੋਂ ਦੀ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਅਧੀਨ ਨਾ ਹੋ ਕੇ ਕੇਂਦਰ ਅਧੀਨ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਕਾਫੀ ਇਲਾਕਾ ਬੀਐੱਸਐੱਫ ਅਧੀਨ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਫਿਰ ਪੰਜਾਬ ਪੁਲਿਸ ਦੀ ਕੀ ਹੈਸੀਅਤ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਕੇਂਦਰ ਨਾਲ ਲੜਾਈ ਲੜਨ ਦੀ ਲੋੜ ਹੈ ਪਰ ਚੰਨੀ ਸਰਕਾਰ ਚੁੱਪ ਬੈਠੀ ਹੈ। ਉਨ੍ਹਾਂ ਖੇਤੀ ਸੁਧਾਰ ਕਾਨੂੰਨ ਬਣਾਉਣ ਵਾਲੀ ਕਮੇਟੀ ਵਿਚ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੈਂਬਰ ਸਨ ਅਤੇ ਫਿਰ ਵੀ ਖੇਤੀ ਕਾਨੂੰਨ ਪਾਸ ਹੋ ਗਏ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕੇਂਦਰ ਸਰਕਾਰ ਹਮੇਸ਼ਾ ਧੱਕੇਸ਼ਾਹੀ ਕਰ ਰਹੀ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਬਿਜਲੀ ਦਾ ਸੰਕਟ ਕੋਲੇ ਦੀ ਕਮੀ ਨਾਲ ਨਹੀਂ ਬਲਕਿ ਸਰਕਾਰ ਦੇ ਕਮਜ਼ੋਰ ਪ੍ਰਬੰਧਾਂ ਕਾਰਨ ਪੈਦਾ ਹੋਇਆ ਹੈ। ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਕੋਈ ਥਰਮਲ ਪਲਾਂਟ ਨਹੀਂ ਲਗਾਇਆ ਜਦਕਿ ਇਸ ਦੌਰਾਨ ਮੰਗ ਕਾਫੀ ਵਧ ਗਈ ਹੈ। ਜੇ ਸਰਕਾਰ ਸਮੇਂ ਸਿਰ ਪ੍ਰਬੰਧ ਕਰਦੀ ਤਾਂ ਅੱਜ ਪੰਜਾਬੀਆਂ ਨੂੰ ਗੰਭੀਰ ਬਿਜਲੀ ਸੰਕਟ ਨਾਲ ਜੂਝਣਾ ਨਾ ਪੈਂਦਾ।