
ਸਾਹਿਤ ਦੀ ਹਰ ਵਿਧਾ ਦੇ ਪਰਖਣ ਲਈ ਕਈ ਨਿਯਮ ਬਣੇ ਹੋਏ ਹਨ, ਪਰ ਮੇਰਾ ਨਿਜੀ ਵਿਚਾਰ ਹੈ ਕਿ ਪੁਰਾਣੇ ਬਣੇ ਨਿਯਮ ਅਜੋਕੇ ਸਮੇਂ ਦੇ ਹਾਣ ਦੇ ਨਹੀਂ ਰਹੇ। ਸਮੇਂ ਨੇ ਬਹੁਤ ਤੇਜੀ ਨਾਲ ਕਰਵਟ ਬਦਲੀ ਹੈ ਅਤੇ ਬਦਲਾਅ ਦੀ ਇਹ ਪ੍ਰਕ੍ਰਿਆ ਹੁਣ ਵੀ ਜਾਰੀ ਹੈ। ਇਕੱਲਾ ਸਮਾਂ ਹੀ ਨਹੀਂ ਬਦਲ ਰਿਹਾ, ਮਨੁੱਖੀ ਸੁਭਾ, ਰਹਿਣ-ਸਹਿਣ, ਖਾਣ-ਪੀਣ ਆਦਿ ਵਿਚ ਵੀ ਢੇਰ ਸਾਰਾ ਪਰਿਵਰਤਨ ਹੋ ਰਿਹਾ ਹੈ। ਇਸੇ ਤਰਾਂ ਸਾਹਿਤ ਦੀ ਹਰ ਵਿਧਾ ਨੇ ਵੀ ਨਵੇਂ ਅੰਬਰਾਂ ਵੱਲ ਉਡਾਰੀਆਂ ਭਰੀਆਂ ਹਨ। ਇਹ ਨਵੇਂ ਸਾਹਿਤਕ ਪਰਿੰਦਿਆਂ ਨੂੰ ਪੁਰਾਣੇ ਪਿੰਜਰਿਆਂ ਵਿਚ ਨਹੀਂ ਡਕਿਆ ਜਾ ਸਕਦਾ। ਜਿਵੇਂ ਨਵੀਆਂ ਗੁੱਡੀਆਂ ਲਈ ਨਵੇਂ ਪਟੋਲੇ ਚਾਹੀਦੇ ਹਨ, ਉਸੇ ਤਰਾਂ ਵਰਤਮਾਨ ਸਮੇੰ ਦੇ ਸਾਹਿਤ ਲਈ ਵੀ ਨਵੇਂ ਮਾਪਦੰਡ ਚਾਹੀਦੇ ਹਨ, ਪਰ ਕੁਝ ਪੁਰਾਣੇ ਨੁਕਤੇ ਅਜਿਹੇ ਵੀ ਹਨ ਜਿੰਨਾਂ ਨੂੰ ਅੱਜ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਸਲਨ ਸਾਹਿਤਕ ਵਿਧਾ ਕੋਈ ਵੀ ਹੋਵੇ ਇਹ ਦੇਖਣਾ ਹੀ ਪੈਂਦਾ ਹੈ ਕਿ ਪੇਸ਼ ਕੀਤਾ ਜਾ ਰਿਹਾ ਵਿਸ਼ਾ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਜਾਂ ਨਹੀਂ, ਲੇਖਕ ਨੇ ਵਿਸ਼ੇ ਦੀ ਪੇਸ਼ਕਾਰੀ ਸਮੇਂ ਅਜਿਹੀਆਂ ਜੁਗਤਾਂ ਵਰਤੀਆਂ ਹਨ ਜਾਂ ਨਹੀਂ ਜੋ ਪਾਠਕਾਂ ਦੀ ਰੁਚੀ ਨੂੰ ਕਾਇਮ ਰੱਖਣ? ਕੀ ਪ੍ਰਗਟਾਇਆ ਜਾ ਰਿਹਾ ਵਿਸ਼ਾ ਕਿਸੇ ਅਜਿਹੇ ਧੁਰੇ ਦੇ ਦੁਆਲੇ ਘੁੰਮਦਾ ਹੈ, ਜੋ ਵਰਤਮਾਨ ਸਮਾਜਿਕ, ਆਰਥਿਕ, ਰਾਜਨੀਤਕ ਜਾਂ ਅੰਤਰ-ਰਾਸਟਰੀ ਸਰੋਕਾਰਾਂ ਨਾਲ ਸੰਬੰਧਿਤ ਹੋਵੇ। ਅਸਲ ਵਿਚ ਜੀਵਨ ਨਾਲੋਂ ਟੁੱਟੀ ਕੋਈ ਵੀ ਸਾਹਿਤਕ ਕਿਰਤ ਬਹੁਤੀ ਪ੍ਭਾਵਸ਼ਾਲੀ ਨਹੀਂ ਹੁੰਦੀ। ਇਸ ਦੇ ਨਾਲ ਹੀ ਇਹ ਵੀ ਦੇਖਣਾ ਜਰੂਰੀ ਹੁੰਦਾ ਹੈ ਕਿ ਲੇਖਕ ਦੀ ਸ਼ੈਲੀ ਕਿਹੋ ਜਿਹੀ ਹੈ, ਪਾਠਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਜਾਂ ਨਹੀਂ? ਲੇਖਕ ਦੀ ਭਾਸ਼ਾ ‘ਤੇ ਕਿੰਨੀ ਕੁ ਪਕੜ ਹੈ। ਜਿਵੇਂ ਸਾਹਿਤ ਸਮਾਜ ਦਾ ਸਿਸ਼ਾ ਹੁੰਦਾ ਹੈ ਉਸੇ ਤਰਾਂ ਕਲਾਮਈ ਵੀ ਹੋਣਾ ਚਾਹੀਦਾ ਹੈ।
ਹੁਣ ਗੱਲ ਕਰਦੇ ਹਾਂ ਕੈਨੇਡਾ ਰਹਿੰਦੇ ਚਰਚਿਤ ਪੰਜਾਬੀ ਸਾਹਿਤਕਾਰ ਸੁਖਿੰਦਰ ਦੀ। ਗਿਣਾਤਮਕ ਅਤੇ ਗੁਣਾਤਮਕ ਪੱਖੋਂ ਉਸ ਦੀਆਂ ਪਰਾਪਤੀਆਂ ਸਲਾਹੁਣਯੋਗ ਹਨ। ਉਹ ਆਪਣੀ ਧੁਨ ਵਿਚ ਲਿਖਣ ਵਾਲਾ ਲੇਖਕ ਹੈ। ਉਸ ਨੇ ਜਿਹੜੀ ਵੀ ਗੱਲ ਕਰਨੀ ਹੈ, ਉਹ ਬੇਬਾਕੀ ਨਾਲ ਕਰਦਾ ਹੈ। ਉਸਦੇ ਨਵ-ਪ੍ਰਕਾਸ਼ਿਤ ਨਾਵਲ ‘ਹੜ੍ਹ’ ਦੇ ਅਧਿਐਨ ਤੋਂ ਇਹ ਗੱਲ ਸਪਸਟ ਹੋ ਜਾਂਦੀ ਹੈ ਕਿ ਬੇਬਾਕੀ ਉਸ ਦੀਆਂ ਸਾਹਿਤਕ ਰਚਨਾਵਾਂ ਦਾ ਅਟੁੱਟ ਹਿੱਸਾ ਹੈ। ਇਹ ਵਿਸ਼ੇਸ਼ ਪਹਿਲੂ ਉਸਦੇ ਸਾਹਿਤਕ ਵਿਅਕਤਿਤਵ ਦਾ ਹਾਂ-ਪੱਖੀ ਪਹਿਲੂ ਵੀ ਹੈ ਅਤੇ ਨਾਂਹ-ਪੱਖੀ ਵੀ।
ਅੱਜ ਕੱਲ ਕੈਨੇਡਾ ਵੱਲੋਂ ਅੰਤਰ-ਰਾਸਟਰੀ ਵਿਦਿਆਰਥੀਆਂ ‘ਤੇ ਲਾਈਆਂ ਜਾ ਰਹੀਆਂ ਨਿਤ ਨਵੀਆਂ ਪਾਬੰਦੀਆਂ ਦੀ ਚਰਚਾ ਜੋਰਾਂ ‘ਤੇ ਹੈ। ਸੁਖਿੰਦਰ ਦੇ ਚਰਚਾ ਅਧੀਨ ਨਾਵਲ ‘ਹੜ੍ਹ’ ਵਿਚ ਕੈਨੇਡਾ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਿਰੁਧ ਸਖ਼ਤ ਰਵਈਆ ਅਪਣਾਉਣ ਅਤੇ ਇਹਨਾਂ ਵਿਦਿਆਰਥੀਆਂ, ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਰਾਫਾਤਾਂ ਦਾ ਜ਼ਿਕਰ ਹੈ। ਲੇਖਕ ਬਹੁਤ ਦੇਰ ਤੋਂ ਕੈਨੇਡਾ ਦਾ ਵਾਸੀ ਹੈ। ਸਾਹਿਤਕਾਰ ਹੋਣ ਦੇ ਨਾਤੇ ਉਸਦਾ ਤੀਜਾ ਨੇਤਰ ਖੁਲ੍ਹ ਚੁੱਕਿਆ ਹੈ। ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਉਹ ਦੇਖਦਾ ਹੀ ਨਹੀਂ ਸਗੋਂ ਉਹਨਾਂ ਦੇ ਪਿਛੋਕੜ ਨੂੰ ਵੀ ਜਾਣਨ ਦਾ ਉਪਰਾਲਾ ਕਰਦਾ ਹੈ ਅਤੇ ਉਹਨਾਂ ਸੰਬੰਧੀ ਕਲਮ ਵੀ ਚਲਾਉਂਦਾ ਹੈ।
ਇਸ ਵਿਚ ਕੋਈ ਸ਼ਕ ਨਹੀਂ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਸਰਕਾਰ ਨੇ ਵਿਦੇਸ਼ੀ ਮੁਦਰਾ ਕਮਾਉਣ ਲਈ, ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਅਤੇ ਸਸਤੇ ਮਜ਼ਦੂਰ ਲੱਭਣ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਥੋਕ ਦੇ ਭਾਅ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ। ਪੰਜਾਬੀ ਤਾਂ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੇ ਹਨ ਕਿ ਉਹਨਾਂ ਨੂੰ ਵਿਦੇਸ਼ ਜਾਣ ਦਾ ਕੋਈ ਮੌਕਾ ਮਿਲੇ। ਕੈਨੇਡਾ ਵਰਗੇ ਸੁਪਨਮਈ ਮੁਲਕ ਲਈ ਤਾਂ ਉਹ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਪੰਜਾਬ ਵਿਚ ਨੌਕਰੀਆਂ ਦੀ ਘਾਟ, ਨਸ਼ਿਆਂ ਦਾ ਵੱਧ ਰਿਹਾ ਰੁਝਾਨ, ਰਾਜਸੀ ਹਾਲਾਤ ਦਾ ਗੰਧਲਾ ਹੋਣਾ, ਗੈਂਗਸਟਰ ਸਭਿਆਚਾਰ ਦੇ ਵੱਧ ਰਹੇ ਬੋਲ ਬਾਲਾ ਕਰਕੇ ਲੋਕਾਂ ਨੇ ਧੜਾ-ਧੜ ਆਪਣੇ ਮੁੰਡੇ ਕੁੜੀਆਂ ਨੂੰ ਕੈਨੇਡਾ ਭੇਜਣ ਲਈ ਹਰ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ। ਸਧਾਰਨ ਪਰਿਵਾਰਾਂ ਨੇ ਵੀ ਕਿਸੇ ਨਾ ਕਿਸੇ ਤਰਾਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਦਾ ਜੁਗਾੜ ਕਰਨਾ ਸ਼ੁਰੂ ਕਰ ਦਿੱਤਾ। ਵਹਿੰਦੀ ਗੰਗਾ ਵਿਚ ਹੱਥ ਧੋਣ ਲਈ ਲਾਲਚੀ ਟ੍ਰੇਵਲ ਏਜੰਟਾਂ ਨੇ ਆਪਣਾ ਜਾਲ ਵੀ ਵਿਛਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਇਕ ਹੋਰ ਭੈੜਾ ਚਲਨ ਵੀ ਸ਼ੁਰੂ ਹੋ ਗਿਆ ਕਿ ਕੁਝ ਅਮੀਰਾਂ ਨੇ ਆਪਣੇ ਵਿਗੜੇ ਹੋਏ ਪੁੱਤਰਾਂ ਨੂੰ ਕੈਨੇਡਾ ਭੇਜਣ ਲਈ ਅਜਿਹੀਆਂ ਕੁੜੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਆਈ ਲਿਟਸ ਪਾਸ ਕਰ ਸਕਦੀਆਂ ਸੀ। ਉਹਨਾਂ ਦੀ ਆਈ ਲਿਟਸ ਪਾਸ ਕਰਨ ਦਾ, ਕੈਨੇਡਾ ਜਾਣ ਦਾ, ਕੈਨੇਡਾ ਜਾ ਕੇ ਪੜ੍ਹਾਈ ਕਰਨ ਅਤੇ ਪੀ ਆਰ ਲੈਣ ਤੱਕ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਨੇ ਕਰਨਾ ਹੁੰਦਾ ਸੀ। ਇਸ ਸੌਦੇ ਬਾਜੀ ਨੇ ਵੀ ਜਲਦੀ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਕਈ ਕੁੜੀਆਂ ਨੇ ਕੈਨੇਡਾ ਦੀ ਪੀ ਆਰ ਮਿਲਦੇ ਹੀ ਪੰਜਾਬ ਬੈਠੇ ਆਪਣੇ ਪਤੀ ਨਾਲੋਂ ਕਿਨਾਰਾ ਕਰ ਲਿਆ, ਪਰ ਜਿੰਨਾਂ ਨੇ ਬੁਲਾ ਵੀ ਲਿਆ ਉਹ ਇਕੱਠੇ ਰਹਿ ਨਾ ਸਕੇ। ਨਿਤ ਦਾ ਕਲੇਸ਼, ਮਾਰ-ਕੁਟਾਈ ਅਤੇ ਅਖੀਰ ਵਿਚ ਤਲਾਕ। ਜਿਥੇ ਕੁੜੀਆਂ ਬਣ ਚੁੱਕੇ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੀਆਂ ਵੀ ਸਨ, ਉਥੇ ਪੰਜਾਬ ਤੋਂ ਆਏ ਮੁੰਡਿਆਂ ਦੀਆਂ ਵਿਗੜੀਆਂ ਆਦਤਾਂ ਨੇ ਕੁੜੀਆਂ ਦੇ ਨੱਕ ਵਿਚ ਦਮ ਕਰੀ ਰੱਖਿਆ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਰਕੇ ਕੈਨੇਡਾ ਸਰਕਾਰ ਨੂੰ ਵਿਦੇਸ਼ੀ ਮੁਦਰਾ ਤਾਂ ਮਿਲ ਗਈ, ਪਰ ਕਈ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਜਿੰਨਾਂ ਬਾਰੇ ਸਰਕਾਰ ਨੇ ਸੋਚਿਆ ਵੀ ਨਹੀਂ ਸੀ। ਜਿਵੇਂ ਰਿਹਾਇਸ਼ ਦੀ ਸਮੱਸਿਆ, ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ, ਸਥਾਨਕ ਕਾਮਿਆਂ ਦੀ ਛਾਂਟੀ ਆਦਿ। ਸਭ ਤੋਂ ਵੱਡੀ ਸਮੱਸਿਆ ਖੜੀ ਕੀਤੀ ਕੁਝ ਵਿਗੜੀਆਂ ਆਦਤਾਂ ਵਾਲੇ ਵਿਦਿਆਰਥੀਆਂ ਨੇ। ਉਹਨਾਂ ਦੇ ਗ਼ੈਰ ਕਾਨੂੰਨੀ ਅਤੇ ਗ਼ੈਰ ਇਖ਼ਲਾਕੀ ਕੰਮਾਂ ਨੇ ਗੋਰਿਆਂ ਨੂੰ ਤਾਂ ਉਹਨਾਂ ਵਿਰੁਧ ਕਰ ਹੀ ਦਿੱਤਾ, ਪੁਰਾਣੇ ਆਏ ਪੰਜਾਬੀ ਵੀ ਉਹਨਾਂ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਦੁਖੀ ਅਤੇ ਪਰੇਸ਼ਾਨ ਹੋ ਗਏ। ਅਜਿਹੇ ਮਾੜੇ ਅਨਸਰ ਭਾਵੇਂ ਆਟੇ ਵਿਚ ਲੂਣ ਬਰਾਬਰ ਹੀ ਸਨ, ਪਰ ਉਹਨਾਂ ਨੇ ਸਾਰੇ ਪੰਜਾਬੀ ਵਿਦਿਆਰਥੀ ਵਰਗ ਨੂੰ ਬਦਨਾਮ ਕਰ ਦਿੱਤਾ। ਕਈ ਕੁੜੀਆਂ ਵੀ ਨਵੀਂ ਮਿਲੀ ਅਜ਼ਾਦੀ ਕਾਰਨ ਗਲਤ ਰਾਹੇ ਪੈ ਗਈਆਂ। ਕਈ ਪੰਜਾਬੀ ਵਿਦਿਆਰਥੀ ਚੋਰੀਆਂ, ਨਸ਼ਿਆਂ ਦੇ ਕਾਰੋਬਾਰ ਵਿਚ ਪੈ ਗਏ.
ਉਪਰੋਕਤ ਸਾਰਾ ਵਰਤਾਰਾ ਹੀ ਸੁਖਿੰਦਰ ਨੇ ਆਪਣੇ ਨਾਵਲ ‘ਹੜ੍ਹ’ ਵਿਚ ਕਲਮ ਬਧ ਕੀਤਾ ਹੈ ਅਤੇ ਅਜਿਹਾ ਕਰਦੇ ਸਮੇਂ ਉਹ ਨਾ ਤਾਂ ਉਲਾਰ ਹੋਇਆ ਹੈ ਅਤੇ ਨਾ ਹੀ ਉਸ ਨੇ ਕਿਸੇ ਗੱਲ ਨੂੰ ਵਧਾ-ਚੜ੍ਹਾ ਕੇ ਬਿਆਨਿਆ ਹੈ। ਅਸਲ ਵਿਚ ਅਜਿਹੀਆਂ ਘਟਨਾਵਾਂ ਸਥਾਨਕ ਅਤੇ ਪੰਜਾਬ ਦੇ ਮੀਡੀਆ ਵਿਚ ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਕੁਝ ਘਟਨਾਵਾਂ ਦੀਆਂ ਵੀਡੀਉ ਯੂ ਟਿਊਬ ਤੇ ਦੇਖੀਆਂ ਜਾ ਸਕਦੀਆਂ ਹਨ। ਨਾਵਲ ਦੀ ਕਹਾਣੀ ਵਿਚ ਕੁਝ ਬਦਲਾਅ ਲਿਆਉਣ ਲਈ ਨਾਵਲਕਾਰ ਨੇ ਨੀਲੂ ਸ਼ਰਮਾ ਅਤੇ ਰਾਜੇਸ਼ ਵਰਮਾ ਦੀ ਕਹਾਣੀ ਨੂੰ ਵੀ ਪੇਸ਼ ਕੀਤਾ ਹੈ ਜਿਸ ਨਾਲ ਆਈ ਲੈਟਸ ਪਾਸ ਕੁੜੀਆਂ ਨਾਲ ਕੀਤੇ ਜਾਂਦੇ ਵਿਹਾਵਾਂ ਦੀ ਅਸਲੀਅਤ ਜਾਹਿਰ ਕਰ ਦਿੱਤੀ ਹੈ ਅਤੇ ਦੋਹਾਂ ਦੇ ਆਪਸੀ ਝਗੜੇ ਕਾਰਨ ਸਥਾਨਕ ਵਕੀਲਾਂ ਦੀ ਲੁੱਟ ਅਤੇ ਧਾਰਮਿਕ ਪਖੰਡੀਆਂ ਦੇ ਲਾਲਚੀ ਸੁਭਾ ਨੂੰ ਨੰਗਾ ਕਰ ਦਿੱਤਾ ਹੈ। ਇਸੇ ਕਹਾਣੀ ਨੇ ਲੜਕੀਆਂ ਵੱਲੋਂ ਮਜ਼ਬੂਰੀ ਜਾਂ ਬਦਲਦੇ ਹਾਲਾਤ ਅਨੁਸਾਰ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਲੈ ਕੇ ਨਸ਼ੇ ਵੇਚਣ ਦੇ ਕੰਮ ਵਿਚ ਪੈਣਾ ਅਤੇ ਹੌਲੀ-ਹੌਲੀ ਦੇਹ ਵਪਾਰ ਤੱਕ ਪੁੱਜ ਜਾਣਾ ਵੀ ਸ਼ਾਮਿਲ ਹੈ।
ਜਿਥੋਂ ਤੱਕ ਪ੍ਰਸਤੁਤ ਨਾਵਲ ਦੇ ਕਹਾਣੀ ਪੱਖ ਦਾ ਸੰਬੰਧ ਹੈ, ਸੁਖਿੰਦਰ ਦੀ ਤਾਰੀਫ਼ ਕਰਨੀ ਪਵੇਗੀ ਕਿ ਉਸ ਨੇ ਕੈਨੇਡਾ ਸਰਕਾਰ ਦੀਆਂ ਨਿਤੀਆਂ ਤੋਂ ਲੈ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਅਜਿਹੇ ਵਿਦਿਆਰਥੀਆਂ ਵਿਚ ਰਲੇ ਮਾੜੇ ਅਨਸਰਾਂ, ਗੈਂਗਸਟਰ ਰੁਚੀਆਂ ਵਾਲਿਆਂ, ਸਥਾਨਕ ਪੰਜਾਬੀਆਂ ਵੱਲੋਂ ਇਹਨਾਂ ਤੋਂ ਦੁਖੀ ਹੋਣਾ ਜਾਂ ਮਜਬੂਰ ਵਿਦਿਆਰਥੀਆਂ ਦਾ ਸ਼ੋਸ਼ਣ ਕਰਨਾ ਆਦਿ ਨੂੰ ਬਾ-ਖੂਬੀ ਪ੍ਰਗਟਾਇਆ ਹੈ। ਭਾਵੇਂ ਕਿਤੇ-ਕਿਤੇ ਅਜਿਹਾ ਬਿਆਨ ਪੱਤਰਕਾਰੀ ਦੇ ਪੱਧਰ ਦਾ ਜਾਪਦਾ ਹੈ। ਜੇ ਸਾਰੇ ਘਟਨਾਕ੍ਰਮ ਵਿਚੋਂ ਮੈਨੂੰ ਕੋਈ ਗੱਲ ਓਪਰੀ ਲੱਗੀ ਹੈ, ਉਹ ਇਹ ਹੈ ਕਿ ਕੁਝ ਲੜਕੀਆਂ ਵੱਲੋਂ ਦੇਹ ਵਪਾਰ ਸੰਬੰਧੀ ਵੈਬਸਾਈਟ ਬਣਾ ਕੇ ਆਪਣੀਆਂ ਤਸਵੀਰਾਂ ਲਾ ਕੇ ਕੁੜੀਆਂ ਨੂੰ ਇਸ ਕੰਮ ਵਿਚ ਪੈਣ ਦਾ ਸੱਦਾ ਦੇਣਾ। ਕੈਨੇਡਾ ਦੇ ਕਾਨੂੰਨ ਅਨੁਸਾਰ ਦੇਹ ਵਪਾਰ ਜਾਂ ਸੈਕਸ ਵਰਕਰ ਦੇ ਤੌਰ ‘ਤੇ ਵਿਚਰਨਾ ਜਾਇਜ਼ ਹੈ, ਪਰ ਇਸ ਕੰਮ ਲਈ ਪੱਕਾ ਅੱਡਾ ਸਥਾਪਤ ਕਰਨਾ ਕਾਨੂੰਨ ਦੇ ਵਿਰੁਧ ਹੈ। ਲੇਖਕ ਵੱਲੋਂ ਬਾਰ-ਬਾਰ ਇੰਟਰਨੈਸ਼ਨਲ ਸਟੂਡੈਂਟਸ ਲਿਖਣਾ ਵੀ ਗਲਤ ਹੈ, ਜਦੋਂ ਕਿ ਇਸ ਲਈ ਅੰਤਰ-ਰਾਸ਼ਟਰੀ ਵਿਦਿਆਰਥੀ ਵਰਤਿਆ ਜਾ ਸਕਦਾ ਹੈ।
ਨਾਵਲਕਾਰ ਨੇ ਨਾਵਲ ਦੀ ਕਹਾਣੀ ਨੂੰ ਬਹੁਤ ਹੀ ਸਧਾਰਨ ਢੰਗ ਨਾਲ ਪੇਸ਼ ਕੀਤਾ ਹੈ। ਕਹਾਣੀ ਬਹੁਤੇ ਉਤਰਾ-ਚੜ੍ਹਾ ਤੋਂ ਬਿਨਾਂ ਹੀ ਅਗੇ ਵੱਧਦੀ ਹੈ।ਇਸ ਪੱਖ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਨਾਵਲ ਦੇ ਪਹਿਲੇ ਕਈ ਪੰਨਿਆਂ ‘ਤੇ ਵਿਸ਼ਰਾਮ ਚਿੰਨ੍ਹਾਂ ਦੀਆਂ ਗਲਤੀਆਂ ਹਨ। ਇਸੇ ਤਰਾਂ ਪੰਨਾ 40, 42 ਅਤੇ ਕੁਝ ਹੋਰ ਪੰਨਿਆਂ ‘ਤੇ ਵੀ ਵਾਕ ਬਣਤਰ ਦੋਸ਼ ਪੂਰਨ ਹੈ, ਪਰ ਮੈਂ ਸਮਝਦਾ ਹਾਂ ਕਿ ਅਜਿਹੀਆਂ ਗਲਤੀਆਂ ਲਈ ਲੇਖਕ ਨਾਲੋਂ ਪ੍ਰਕਾਸ਼ਕ ਜਿਆਦਾ ਜਿੰਮੇਵਾਰ ਹੈ। ਪੰਜਾਬੀ ਦੇ ਸ਼ਾਇਦ ਕਿਸੇ ਵੀ ਪ੍ਰਕਾਸ਼ਕ ਨੇ ਆਪਣੇ ਕੋਲ ਪ੍ਰੂਫ਼ ਰੀਡਰ ਪੱਕੇ ਤੌਰ ਤੇ ਨਹੀਂ ਰੱਖਿਆ ਹੋਇਆ। ਸਾਰੇ ਪ੍ਰਕਾਸ਼ਕ ਮਲਾਈ ਖਾਣੀ ਹੀ ਜਾਣਦੇ ਹਨ।
ਸੁਖਿੰਦਰ ਨੇ ਨਾਵਲ ਦੀ ਭੂਮਿਕਾ ਵਿਚ ਵੀ ਸਾਰੀ ਗੱਲ ਵਿਸਥਾਰ ਵਿਚ ਕੀਤੀ ਹੈ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਗੈਰ-ਕਾਨੂੰਨੀ ਕੰਮਾਂ ਦੀ ਸੂਚੀ ਵੀ ਦਰਜ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਨਾਵਲ ਦੇ ਵਿਸ਼ੇ ਅਤੇ ਉਸ ਦੇ ਪਿਛੋਕੜ ਸੰਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 119 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 100 ਰੁਪਏ ਬਹੁਤ ਹੀ ਜਾਇਜ਼ ਹੈ।