ਕਾਹਿਰਾ – ਸੁਡਾਨ ’ਚ ਫ਼ੌਜ ਨੇ ਤਖ਼ਤਾ ਪਲਟ ਕਰ ਦਿੱਤਾ ਹੈ ਤੇ ਫ਼ੌਜ ਦੇ ਸਭ ਤੋਂ ਪ੍ਰਮੁੱਖ ਜਨਰਲ ਨੇ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਤੇ ਸਰਕਾਰ ਦੀ ਕੈਬਨਿਟ ਦੇ ਕਰੀਬ-ਕਰੀਬ ਸਾਰੇ ਮੈਂਬਰਾਂ ਨੂੰ ਸੋਮਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਸੂਚਨਾ ਮੰਤਰਾਲੇ ਦੇ ਫੇਸਬੁੱਕ ਪੇਜ਼ ਮੁਤਾਬਕ ਸੁਡਾਨ ’ਚ ਵੱਡੇ ਪੱਧਰ ’ਤੇ ਇੰਟਰਨੈੱਟ ਦੀ ਰਫ਼ਤਾਰ ਘਟਾ ਦਿੱਤੀ ਗਈ ਹੈ। ਸੁਰੱਖਿਆ ਬਲਾਂ ਨੇ ਪੁਲ਼ ਬੰਦ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਕਿੱਥੇ ਹਨ, ਇਹ ਅਜੇ ਤਕ ਕਿਸੇ ਨੂੰ ਪਤਾ ਨਹੀਂ। ਦੇਸ਼ ਦਾ ਸਰਕਾਰੀ ਚੈਨਲ ਫਿਲਹਾਲ ਟੀਵੀ ’ਤੇ ਦੇਸ਼ ਭਗਤੀ ਦਾ ਰਵਾਇਤੀ ਸੰਗੀਤ ਵਜਾ ਰਿਹਾ ਹੈ ਤੇ ਨੀਲ ਨਦੀ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ।ਟੈਲੀਵਿਜ਼ਨ ’ਤੇ ਦਿੱਤੇ ਸੰਬੋਧਨ ’ਚ ਸੁਡਾਨੀ ਫ਼ੌਜ ਦੇ ਜਨਰਲ ਅਬਦੇਲ-ਫਤਾਹ ਬੁਰਹਾਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਸੱਤਾਧਾਰੀ ਖ਼ੁਦਮੁਖ਼ਤਿਆਰ ਪ੍ਰੀਸ਼ਦ ਭੰਗ ਕੀਤੀ ਜਾ ਰਹੀ ਹੈ। ਨਾਲ ਹੀ ਪ੍ਰਧਾਨ ਮੰਤਰੀ ਅਬਦੁਲਾ ਹਮਦੋਕ ਦੀ ਅਗਵਾਈ ਵਾਲੀ ਸਰਕਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧੜਿਆਂ ’ਚ ਝਗੜਿਆਂ ਨੂੰ ਦੇਖਦੇ ਹੋਏ ਫ਼ੌਜ ਨੇ ਸੱਤਾ ਦੀ ਕਮਾਨ ਆਪਣੇ ਹੱਥ ਲੈ ਲਈ ਹੈ। ਉਨ੍ਹਾਂ ਕਿਹਾ ਕਿ ਉਹ ਹਲਫ਼ ਲੈਂਦੇ ਹਨ ਕਿ ਲੋਕਤੰਤਰੀ ਸਰਕਾਰ ਦੇ ਬਦਲਾਅ ਦੀ ਪ੍ਰਕਿਰਿਆ ਨੂੰ ਅਸੀਂ ਪੂਰਾ ਕਰਾਵਾਂਗੇ। ਚੋਣ ਹੋਣ ਤਕ ਉਨ੍ਹਾਂ ਦੀ ਇਕ ਨਵੀਂ ਟੈਕਨੋਕ੍ਰੇਟ ਸਰਕਾਰ ਰਹੇਗੀ।ਦੇਸ਼ ਦੀ ਮੁੱਖ ਲੋਕਤੰਤਰ ਸਮਰਥਕ ਸੰਗਠਨ ਤੇ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ ਵੱਖ-ਵੱਖ ਅਪੀਲਾਂ ’ਚ ਸੁਡਾਨੀ ਜਨਤਾ ਨੂੰ ਸੜਕਾਂ ’ਤੇ ਉਤਰ ਕੇ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ ਕਰਨ ਨੂੰ ਕਿਹਾ ਹੈ। ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ’ਚ ਲੋਕ ਇਸ ਤੋਂ ਬਾਅਦ ਖਾਰਤੁਮ ਤੇ ਓਮਦੁਰਮ ਸ਼ਹਿਰਾਂ ’ਚ ਸੜਕਾਂ ’ਤੇ ਉਤਰ ਆਏ ਤੇ ਵਿਰੋਧ ਮੁਜ਼ਾਹਰੇ ਕੀਤੇ। ਆਨਲਾਈਨ ਦੇਖੇ ਗਏ ਫੁਟੇਜ ’ਚ ਲੋਕਾਂ ਨੂੰ ਸੜਕਾਂ ਬਲਾਕ ਕਰਦੇ ਦੇਖਿਆ ਗਿਆ ਹੈ। ਸੁਰੱਖਿਆਂ ਬਲਾਂ ਦੇ ਟੀਅਰ ਗੈਸ ਛੱਡਣ ’ਤੇ ਮੁਜ਼ਾਹਰਾਕਾਰੀਆਂ ਨੇ ਟਾਇਰਾਂ ’ਚ ਅੱਗ ਲਗਾ ਦਿੱਤੀ। ਇਨ੍ਹਾਂ ਮੁਜ਼ਾਹਰਿਆਂ ’ਚ 16 ਲੋਕ ਜ਼ਖ਼ਮੀ ਹੋ ਗਏ।