ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਸੁੱਖੂ ਕੈਬਨਿਟ ਵਿਚ ਮੰਤਰੀਆਂ ਦੇ ਵਿਭਾਗਾਂ ਵਿਚ ਇਕ ਵਾਰ ਮੁੜ ਫੇਰਬਦਲ ਕੀਤਾ ਗਿਆ ਹੈ। 5 ਮੰਤਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ। ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਸੁਰਖੀਆਂ ਬਟੋਰਨ ਵਾਲੇ ਅਤੇ ਲੋਕ ਨਿਰਮਾਣ ਵਿਭਾਗ ਨੂੰ ਸੰਭਾਲ ਰਹੇ ਵਿਕਰਮਾਦਿੱਤਿਆ ਸਿੰਘ ਨੂੰ ਸ਼ਹਿਰੀ ਵਿਕਾਸ ਵਿਭਾਗ ਵੀ ਸੌਂਪਿਆ ਗਿਆ ਹੈ। ਉਹ ਸੂਬੇ ਦੇ 6 ਵਾਰ ਮੁੱਖ ਮੰਤਰੀ ਰਹਿ ਚੁੱਕੇ ਮਰਹੂਮ ਵੀਰਭੱਦਰ ਸਿੰਘ ਅਤੇ ਮੰਡੀ ਦੇ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ। ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਹੁਣ ਉਦਯੋਗ ਦੇ ਨਾਲ ਸੰਸਦੀ ਮਾਮਲਿਆਂ ਅਤੇ ਕਿਰਤ ਅਤੇ ਰੁਜ਼ਗਾਰ ਵਿਭਾਗ ਦਾ ਐਡੀਸ਼ਨਲ ਵਿਭਾਗ ਦੇਖਣਗੇ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਆਯੂਸ਼ ਵਿਭਾਗ ਵਾਪਸ ਲੈ ਲਿਆ ਗਿਆ ਸੀ।
ਹਾਲ ਹੀ ’ਚ ਮੰਤਰੀ ਬਣੇ ਰਾਜੇਸ਼ ਧਰਮਾਨੀ ਅਤੇ ਯਾਦਵਿੰਦਰ ਗੋਮਾ ਦਾ ਵੀ ਕੱਦ ਵਧਾਇਆ ਗਿਆ ਹੈ। ਤਕਨੀਕੀ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲ ਰਹੇ ਰਾਜੇਸ਼ ਧਰਮਾਨੀ ਹਾਊਸਿੰਗ ਅਤੇ ਟੀਸੀਪੀ ਵਿਭਾਗ ਵੀ ਸੰਭਾਲਣਗੇ। ਇਸੇ ਤਰ੍ਹਾਂ ਆਯੂਸ਼ ਅਤੇ ਖੇਡ ਮੰਤਰੀ ਯਾਦਵਿੰਦਰ ਗੌਮਾ ਨੂੰ ਲਾਅ ਐਂਡ ਲੀਗਲ ਰੇਮੇਮਬਰੇਨਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੂੰ ਰਿਡ੍ਰੇਸਲ ਆਫ਼ ਪਬਲਿਕ ਗ੍ਰੀਵੇਂਸ ਅਤੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੂੰ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ। 5 ਮੰਤਰੀਆਂ ਨੂੰ ਜਿਨ੍ਹਾਂ ਨਵੇਂ ਵਿਭਾਗਾਂ ਦੀ ਜ਼ਿੰਮੇਵਾਰੀ ਮਿਲੀ ਹੈ, ਉਹ ਮੁੱਖ ਮੰਤਰੀ ਖੁਦ ਦੇਖ ਰਹੇ ਸਨ।