Punjab

ਸੂਬੇ ਭਰ ’ਚ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਹਾਈਵੇ ਅਤੇ ਰੇਲ ਮਾਰਗ ਜਾਮ

ਚੰਡੀਗੜ੍ਹ – ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਦੇ ਐਲਾਨ ਦੇ ਬਾਵਜੂਦ ਵੀ ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਬਣੇ ਹੋਏ ਅੱੜਿਕੇ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਐਤਵਾਰ ਨੂੰ ਸੂਬੇ ਭਰ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੇ ਸਮੁੱਚੇ ਪ੍ਰਮੁੱਖ ਹਾਈਵੇ ਅਤੇ ਰੇਲ ਮਾਰਗ ਜਾਮ ਕਰਦੇ ਹੋਏ ਸਰਕਾਰ ਖਿਲਾਫ਼ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਤਿੰਨ ਘੰਟੇ ਲਈ ਸੂਬੇ ਭਰ ਵਿਚ ਸੜ੍ਹਕਾਂ ਅਤੇ ਰੇਲ ਪੱਟੜੀਆਂ ਜਾਮ ਕਰਨ ਦੀ ਸ਼ੁਰੂਆਤ ਸਮਰਾਲਾ ਵਿਖੇ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਇੱਕਤਰ ਹੋਏ ਕਿਸਾਨਾਂ ਅਤੇ ਵੱਖ-ਵੱਖ ਮੰਡੀਆਂ ਦੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਸਮਰਾਲਾ ਬਾਈਪਾਸ ਵਿਖੇ ਲੁਧਿਆਣਾ-ਚੰਡੀਗੜ ਹਾਈਵੇ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ। ਰਾਜੇਵਾਲ ਨੇ ਪੰਜਾਬ ’ਚ ਝੋਨੇ ਦੀ ਖਰੀਦ ਨੂੰ ਲੈ ਕੇ ਬਣੀ ਸਥਿਤੀ ਲਈ ਕੇਂਦਰ ਸਰਕਾਰ ਦੀ ਬੇਈਮਾਨੀ ਭਰੀ ਨੀਅਤ ਨਾਲ ਕੰਮ ਕਰਦੇ ਹੋਏ ਸੂਬੇ ਨੂੰ ਆਰਥਿਕ ਤੌਰ ’ਤੇ ਤਬਾਹ ਕਰਨ ਵਾਲੀ ਸਾਜ਼ਿਸ਼ ਕਰਾਰ ਦਿੰਦਿਆ ਕਿਹਾ ਕਿ ਸਭ ਕੁਝ ਜਾਣਬੂਝ ਕੇ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ ਸੂਬੇ ਦੇ ਸ਼ੈਲਰਾਂ ’ਚ ਪਿਆ ਚੌਲ ਇਸੇ ਲਈ ਫ਼ਸਲ ਆਉਣ ਤੋਂ ਪਹਿਲਾ ਚੁਕਵਾਇਆ ਨਹੀਂ ਗਿਆ, ਤਾਕਿ ਨਵੀਂ ਫ਼ਸਲ ਦੀ ਖ਼ਰੀਦ ਤੋਂ ਹੱਥ ਖਿੱਚਿਆ ਜਾ ਸਕੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ’ਚ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਜਾਣਬੂਝ ਕੇ ਹੀ ਵਿਗਾੜਿਆ ਜਾ ਰਿਹਾ ਹੈ, ਤਾਂ ਕਿ ਸੂਬੇ ਦੇ ਕਿਸਾਨਾਂ ਨੂੰ ਤੰਗ ਕੀਤਾ ਜਾ ਸਕੇ। ਰਾਜੇਵਾਲ ਨੇ ਆਖਿਆ ਕਿ ਸੂਬੇ ਦੀਆਂ ਮੰਡੀਆਂ ਝੋਨੇ
ਦੀ ਫ਼ਸਲ ਨਾਲ ਲਪਾਲਪ ਭਰੀਆਂ ਪਈਆਂ ਹਨ ਅਤੇ ਕਿਧਰੇ ਵੀ ਖ਼ਰੀਦ ਨਹੀਂ ਹੋ ਰਹੀ। ਇਸ ਵਾਰ ਸੂਬੇ ’ਚ ਕਰੀਬ 45 ਹਜ਼ਾਰ ਕਰੋੜ ਰੁਪਏ ਕੀਮਤ ਦਾ 190 ਲੱਖ ਮੀਟ੍ਰਿਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ, ਪਰ ਜਿਹੜੇ ਹਾਲਾਤ ਬਣੇ ਹੋਏ ਹਨ, ਉਸ ਨੇ ਪੰਜਾਬ ਨੂੰ ਵੱਡੇ ਸੰਕਟ ਵੱਲ ਧਕੇਲ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਅੱਜ ਸ਼ਾਮ ਤੱਕ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਢੁੱਕਵੇ ਪ੍ਰਬੰਧਾਂ ਸਮੇਤ ਆੜ੍ਹਤੀਆਂ ਦੀ ਕਮਿਸ਼ਨ ’ਤੇ ਸ਼ੈਲਰਾਂ ’ਚ ਪਿਆ ਪਿਛਲਾ ਚੌਲ ਚੁਕਵਾਉਣ ਸਮੇਤ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਦੀ ਮੰਗ ’ਤੇ ਫੈਸਲਾ ਲਿਆ ਜਾਵੇ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਆਖਿਆ ਕਿ, ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ, ਕਿ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਅੱਜ 13 ਦਿਨ ਹੋ ਗਏ, ਪਰ ਕਿਸਾਨਾਂ ਦਾ ਝੋਨਾ ਨਹੀਂ ਖਰੀਦੀਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਬਦਲੇ ਦੀ ਭਾਵਨਾ ਤਹਿਤ ਕੰਮ ਕਰਦੇ ਹੋਏ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਪ੍ਰੰਤੂ ਇਸ ਦਾ ਨਤੀਜਾ ਸਰਕਾਰਾਂ ਨੂੰ ਹੀ ਭੁਗਤਣਾ ਪਵੇਗਾ। ਅੱਜ ਦੇ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਜਨ. ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਬੀ.ਕੇ.ਯੂ. ਰਾਜੇਵਾਲ ਦੇ ਸੂਬਾ ਉੱਪ ਪ੍ਰਧਾਨ ਸੁਖਮਿੰਦਰ ਸਿੰਘ ਭੱਟੀਆ, ਆੜ੍ਹਤੀਆਂ ਐਸ਼ੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ, ਚੇਅਰਮੈਨ ਹਰਪਾਲ ਸਿੰਘ ਢਿੱਲੋਂ, ਤੇਜਿੰਦਰ ਸਿੰਘ ਤੇਜੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰੁਪਿੰਦਰ ਬੈਨੀਪਾਲ ਸ਼ੈਲਰ ਐਸੋਸੀਏਸ਼ਨ ਮਾਛੀਵਾੜਾ, ਮੋਹਿਤ ਕੁੰਦਰਾ ਪ੍ਰਧਾਨ ਆੜਤੀ ਐਸੋਸੀਏਸਨ ਮਾਛੀਵਾੜਾ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਹਰਦੀਪ ਸਿੰਘ ਭਰਥਲਾ ਮੀਤ ਪ੍ਰਧਾਨ ਲੁਧਿਆਣਾ ਸਮੇਤ ਵੱਡੀ ਗਿਣਤੀ ’ਚ ਹੋਰ ਆਗੂ ਹਾਜ਼ਰ ਸਨ।

Related posts

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਕੈਨੇਡੀਅਨ ਜੋਬਨ ਕਲੇਰ ਤੇ ਪਾਕਿਸਤਾਨੀ ਤਨਵੀਰ ਸ਼ਾਹ ਵੱਲੋਂ ਚਲਾਏ ਜਾ ਰਹੇ ਇੰਟਰਨੈਸ਼ਨਲ ਡਰੱਗ ਕਾਰਟਿਲ ਦਾ ਪਰਦਾਫਾਸ਼ !

admin

ਸਿੱਖਾਂ ਦੇ ਸਭ ਤੋਂ ਉਚੇ ਤਖਤ ਦੇ ਜਥੇਦਾਰ ਵਲੋਂ ਅਹੁਦਾ ਬਚਾਉਣ ਲਈ ਪੰਜਾਬ ਦੀ ਉੱਚ-ਅਦਾਲਤ ਨੂੰ ਬੇਨਤੀ !

admin