ਸ੍ਰੀਨਗਰ – ਸ੍ਰੀਨਗਰ ’ਚ ਵੀਰਵਾਰ ਤੜਕੇ ਸ਼ੱਕੀ ਸਰਗਰਮੀਆਂ ’ਚ ਸੀਆਰਪੀਐੱਫ ਕੈਂਪ ਦੀ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਨਾਲ ਇਮਾਰਤ ਦੀ ਤੀਜੀ ਮੰਜ਼ਿਲ ਅੱਗ ਦੀ ਭੇਟ ਚੜ੍ਹ ਗਈ। ਪਹਿਲੀ ਤੇ ਦੂਜੀ ਮੰਜ਼ਿਲ ਵਿਚ ਜਵਾਨ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲ ਆਏ ਸਨ। ਪੁਲਿਸ ਤੇ ਸੀਆਰਪੀਐੱਫ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਕਸ਼ਮੀਰ ਵਿਚ ਚਾਰ ਹੋਰ ਥਾਵਾਂ ’ਤੇ ਅੱਗ ਦੀਆਂ ਘਟਨਾਵਾਂ ਘਟੀਆਂ। ਹਾਲਾਂਕਿ, ਕਿਸੇ ਵੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਤੜਕੇ ਸ੍ਰੀਨਗਰ ਦੇ ਸੰਨਤ ਨਗਰ ਵਿਚ ਸਥਿਤ ਸੀਆਰਪੀਐੱਫ ਦੀ 132 ਬਟਾਲੀਅਨ ਦੇ ਕੈਂਪ ਵਿਚ ਤਿੰਨ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਵਿਚ ਅਚਾਨਕ ਅੱਗ ਲੱਗ ਗਈ। ਪਹਿਲੀ ਤੇ ਦੂਜੀ ਮੰਜ਼ਿਲ ਵਿਚ ਜਵਾਨ ਰਹਿੰਦੇ ਹਨ। ਤੀਜੀ ਮੰਜ਼ਿਲ ਵਿਚ ਫਰਨੀਚਰ ਤੇ ਹੋਰ ਸਾਮਾਨ ਸੀ। ਉਥੇ ਕਮਰੇ ਤੋਂ ਧੂੰਆਂ ਨਿਕਲਦੇ ਦੇਖ ਸੀਆਰਪੀਐੱਫ ਮੁਲਾਜ਼ਮ ਚੌਕਸ ਹੋ ਗਏ। ਉਨ੍ਹਾਂ ਫੌਰਨ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ। ਕੁਝ ਦੇਰ ਵਿਚ ਪੁੱਜੇ ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਪਰ ਉਦੋਂ ਤਕ ਉਥੇ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਅੱਗ ਨੂੰ ਜ਼ਿਆਦਾ ਫੈਲਣ ਨਹੀਂ ਦਿੱਤਾ ਜਿਸ ਨਾਲ ਪਹਿਲੀ ਤੇ ਦੂਜੀ ਮੰਜ਼ਿਲ ਅੱਗ ਤੋਂ ਬਚ ਗਈ।