Punjab

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਅਲੂਮਨੀ ਮੀਟ ਕਰਵਾਈ ਗਈ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਵਿਖੇ ਕਰਵਾਈ ਅਲੂਮਨੀ ਮੀਟ ਦੌਰਾਨ ਸ੍ਰੀਮਤੀ ਤਜਿੰਦਰ ਕੌਰ ਛੀਨਾ, ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ, ਸ੍ਰੀਮਤੀ ਰਚਨਾ ਅਰੋੜਾ, ਡਾ. ਮੀਨੂੰ ਚੌਧਰੀ, ਸ੍ਰੀਮਤੀ ਮੀਨਾਕਸ਼ੀ ਵਧਵਾ, ਸ੍ਰੀਮਤੀ ਸਿਰਜਨ ਰਸ਼ਿਮ ਨਾਗੀ, ਸ: ਕੰਵਰ ਵਰਿੰਦਰ ਸਿੰਘ, ਸੀ੍ਰਮਤੀ ਮਨਿੰਦਰ ਕੌਰ, ਪ੍ਰੋ. ਅਮਰੀਕ ਸਿੰਘ, ਰਣਜੀਤ ਕੌਰ, ਚਰਨਜੀਤ ਕੌਰ ਤੇ ਹੋਰ  ਸਾਬਕਾ ਵਿਦਿਆਰਥਣਾਂ ਅਤੇ ਕਾਲਜ ਸਟਾਫ਼ ਵਿਖਾਈ ਰਿਹਾ।

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵੱਲੋਂ ਕਾਲਜ ਦੀਆਂ ਪਹਿਲੀਆਂ ਵਿਦਿਆਰਥਣਾਂ ਨਾਲ ਸੰਪਰਕ ਜੋੜਨ ਲਈ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ’ਚ 135 ਤੋਂ ਵਧੇਰੇ ਵਿਦਿਆਰਥਣਾਂ ਨੇ ਸ਼ਿਰਕਤ ਕਰਦਿਆਂ ਕਾਲਜ ’ਚ ਬਿਤਾਏ ਪੜ੍ਹਾਈ ਦੇ ਸਮੇਂ ਅਤੇ ਇਸ ਉਪਰੰਤ ਸੁਨਿਹਰੇ ਭਵਿੱਖ ਲਈ ਕੀਤੇ ਗਏ ਸੰਘਰਸ਼ ਸਬੰਧੀ ਆਪਣੇ ਜੀਵਨ ਦੇ ਤਜ਼ਰਬੇ ਅਤੇ ਚੁਣੌਤੀਆਂ ਨੂੰ ਸਾਂਝਾ ਕੀਤਾ।

ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਦੀ ਅਗਵਾਈ ਹੇਠ ਕਰਵਾਈ ਗਈ ਸਾਬਕਾ ਵਿਦਿਆਰਥਣਾਂ ਦੀ ਮਿਲਨੀ ਸਮਾਰੋਹ ਮੌਕੇ ਲਿਟਲ ਫਲਾਵਰ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਅਤੇ ਸ੍ਰੀਮਤੀ ਸਿਰਜਨ ਰਸ਼ਿਮ ਨਾਗੀ, ਸ: ਕੰਵਰ ਵਰਿੰਦਰ ਸਿੰਘ, ਸ੍ਰੀਮਤੀ ਮਨਿੰਦਰ ਕੌਰ, ਡਾਇਰੈਕਟਰ ਵਿੱਤ ਪ੍ਰੋ. ਅਮਰੀਕ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪੁੱਜੇ।

ਇਸ ਮੌਕੇ ਸ੍ਰੀਮਤੀ ਛੀਨਾ ਨੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਵਿਦਿਆਰਥੀਆਂ ਪ੍ਰਤੀ ਸੰਸਥਾਵਾਂ ਦੀ ਚਿੰਤਾ ਦਰਸਾਉਂਦੀਆਂ ਹਨ ਅਤੇ ਸਾਬਕਾ ਵਿਦਿਆਰਥੀਆਂ ’ਚ ਆਪਸ ’ਚ ਮਿਲਵਰਤਣ ਭਾਵਨਾ ਦੀ ਗੂੜ੍ਹੀ ਸਾਂਝ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚੱਲ ਰਹੇ ਸੰਨ 1990 ’ਚ ਸਥਾਪਿਤ ਉਕਤ ਕਾਲਜ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਚੌਂਕ ਵੱਲ ਸਥਿਤ ਹੈ, ਵਿੱਦਿਆ ਦੇ ਖੇਤਰ ’ਚ ਨਵੇਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਕਤ ਸੰਸਥਾ ਮੰਨੇ੍ਹ-ਪ੍ਰਮੰਨ੍ਹੇ ਕਾਲਜਾਂ ’ਚੋਂ ਇਕ ਹੈ ਜੋ ਕਿ ਔਰਤਾਂ ਨੂੰ  ਸਿੱਖਿਆ ਦੇਣ ’ਚ ਅਤੇ ਵਿਸ਼ੇਸ਼ ਕਰਕੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਵਿੱਦਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਸਿੱਖਿਆ ਬੋਰਡ ਅਤੇ ਯੂਨੀਵਰਸਟੀ ਨਤੀਜੇ ਸਭ ਤੋਂ ਉੱਤਮ ਹੁੰਦੇ ਹਨ। ਕਾਲਜ ਵਿਦਿਆਰਥੀਆਂ ਨੇ ਕਈ ਖੇਤਰਾਂ ’ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ।

ਇਸ ਮੌਕੇ ਸਾਲ-2000 ਸੈਸ਼ਨ ਦੀ ਸਾਬਕਾ ਵਿਦਿਆਰਥਣ ਅਤੇ ਕੰਜ਼ਿਊਮਰ ਕੋਰਟ ਦੇ ਮਾਣਯੋਗ ਜੱਜ ਸ੍ਰੀਮਤੀ ਰਚਨਾ ਅਰੋੜਾ, ਸਾਲ-2003 ਦੇ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜ਼ੂਕੇਸ਼ਨ, ਪੰਧੇਰ ਤੋਂ ਪ੍ਰਿੰਸੀਪਲ ਡਾ. ਮੀਨੂੰ ਚੌਧਰੀ, ਸੈਸ਼ਨ-1999 ਦੇ ਡੀ. ਏ. ਵੀ. ਪਬਲਿਕ ਸਕੂਲ, ਲਾਰੈਂਸ ਰੋਡ ਤੋਂ ਪੀ. ਆਰ. ਟੀ. ਅਧਿਆਪਕਾ ਸ੍ਰੀਮਤੀ ਮੀਨਾਕਸ਼ੀ ਵਧਵਾ, ਸੈਸ਼ਨ-2011 ਦੇ ਪੰਜਾਬ ਪੁਲਿਸ ’ਚ ਹੈੱਡ ਕਾਂਸਟੇਬਲ ਸ੍ਰੀਮਤੀ ਰਣਜੀਤ ਕੌਰ, ਸਾਲ-2000 ਦੇ ਬਾਈਕੋਡਰਸ ਸਲਿਊਸ਼ਨਜ਼ ਦੇ ਸੀ. ਏ. ਓ. ਚਰਨਜੀਤ ਕੌਰ ਅਤੇ ਸਾਲ 2013 ਸੈਸ਼ਨ ਦੇ ਦੇਸ਼ ਭਗਤ ਯੂਨੀਵਰਸਿਟੀ ਤੋਂ ਡਿਪਟੀ ਡਾਇਰੈਕਟਰ ਦਮਨਪ੍ਰੀਤ ਕੌਰ ਤੇ ਹੋਰਨਾਂ ਵਿਦਿਆਰਥਣਾਂ ਨੇ ਭਾਵੁਕ ਹੋ ਕੇ ਇਕ-ਦੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ। ਸੈਮੀਨਾਰ ਦੌਰਾਨ ਕਾਲਜ ਵਿਖੇ ਉਨ੍ਹਾਂ ਦੁਆਰਾ ਸਮਾਜ ਦੇ ਵਿਕਾਸ ਅਤੇ ਉਨ੍ਹਾਂ ਵੱਲੋਂ ਬਿਤਾਏ ਸਾਲਾਂ ਨੂੰ ਯੋਗ ਠਹਿਰਾਉਂਦਿਆਂ ਕੀਤੇ ਜਾ ਰਹੇ ਨਿਰੰਤਰ ਯੋਗਦਾਨ ਅਤੇ ਯਤਨਾਂ ਨੂੰ ਸਲਾਹਿਆ।

ਇਸ ਮੌਕੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਅਲੂਮਨੀ ਮੀਟਿੰਗ ਸ਼ੁਰੂ ਕਰਨ ਦੀ ਪਹਿਲਕਦਮੀ ਲਈ ਗਵਰਨਿੰਗ ਕੌਂਸਲ ਵੱਲੋਂ ਕਾਲਜ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਦੌਰਾਨ ਸਾਬਕਾ ਵਿਦਿਆਰਥਣਾਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ। ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਕਾਲਜ ਅਤੇ ਇਸ ਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਨ।

ਇਸ ਮੌਕੇ ਡਾ. ਮਲਹੋਤਰਾ ਨੇ ਆਪਣੀ ਬਤੌਰ ਪ੍ਰਿੰਸੀਪਲ ਪਹਿਲੀ ਅਲੂਮਨੀ ਮੀਟ ਆਯੋਜਿਤ ਕਰਨ ਲਈ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ’ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸਮੂੰਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਪੂਰੀ ਦੁਨੀਆ ਦੇ ਸਾਬਕਾ ਵਿਦਿਆਰਥੀਆਂ ਦੇ ਭਰਪੂਰ ਹੁੰਗਾਰੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਵਰਤਮਾਨ ਅਤੇ ਮੌਜ਼ੂਦਾ ਕਾਲਜ ਦੌਰਾਨ ਕਾਲਜ ਕੈਂਪਸ ’ਚ ਹੋ ਰਹੀਆਂ ਤਬਦੀਲੀਆਂ ਅਤੇ ਵਿਕਾਸ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸੰਸਥਾ ’ਚ ਬੀ.ਏ., ਬੀ. ਐਸ ਸੀ, ਬੀ. ਸੀ.ਏ., ਬੀ ਕਾਮ., ਐਮ. ਐਸ ਸੀ (ਕੰਪ.ਸਾਇੰਸ), ਐਮ.ਕਾਮ., ਪੀ.ਜੀ.ਡੀ.ਸੀ.ਏ, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ – ਕਾਸਮੋਟੋਲੋਜੀ, ਪੀ.ਜੀ.ਡਿਪਲੋਮਾ ਇਨ ਕਾਸਮੋਟੋਲੋਜੀ ਅਤੇ ਫੈਸ਼ਨ ਡਿਜ਼ਾਇਨਿੰਗ,  ਐਮ.ਏ,  (ਹਿਸਟਰੀ ਅਤੇ ਪੋਲਿਟਿਕਲ ਸਾਇੰਸ) ਅਤੇ  10 + 1 ਤੇ 10 + 2  ਆਦਿ ਪ੍ਰਮੁੱਖ ਬਹੁਤ ਕੋਰਸ ਚੱਲ ਰਹੇ ਹਨ ਹਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin