ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਧਮਾਕਾ ਕਰਨ ਦੀ ਧਮਕੀ ਭਰੀ ਈਮੇਲ ਮੁੜ ਮਿਲੀ ਹੈ। ਈ-ਮੇਲ ਦੇ ਵਿੱਚ ਦੋਸ਼ੀ ਨੇ ਦਾਅਵਾ ਕੀਤਾ ਹੈ ਕਿ ਪਾਈਪਾਂ ਵਿੱਚ ਆਰਡੀਐਕਸ ਭਰਿਆ ਗਿਆ ਹੈ ਜਿਸਦੀ ਵਰਤੋਂ ਹਰਿਮੰਦਰ ਸਾਹਿਬ ਦੇ ਅੰਦਰ ਧਮਾਕੇ ਕਰਨ ਲਈ ਕੀਤੀ ਜਾਵੇਗੀ। ਸੁਰੱਖਿਆ ਕਾਰਨਾਂ ਕਰਕੇ ਨਾ ਤਾਂ ਮੇਲ ਅਤੇ ਨਾ ਹੀ ਇਸ ਵਿੱਚ ਲਿਖੇ ਸ਼ਬਦ ਜਨਤਕ ਕੀਤੇ ਗਏ ਹਨ। ਲਗਾਤਾਰ ਦੂਸਰੇ ਦਿਨ ਆਈ ਧਮਕੀ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਵਿਖੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਸਾਰੇ ਜੋੜੇ ਅਤੇ ਗੱਠੜੀ ਘਰਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰਾਂ ਦੇ ਬਾਹਰ ਪੁਲਿਸ ਵਲੋਂ ਜਿਥੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ, ਉਥੇ ਬੀ.ਐਸ.ਐਫ. ਦੇ ਜਵਾਨ ਵੀ ਤਾਇਨਾਤ ਦੇਖੇ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਇਸ ਸਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਸੰਗਤਾਂ ਆਮ ਵਾਂਗ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆ ਰਹੀਆਂ ਹਨ। ਜੇਕਰ ਬੀਤੇ ਕੱਲ੍ਹ ਈਮੇਲ ਰਾਹੀਂ ਮਿਲੀ ਧਮਕੀ ਮਾਮਲੇ ਵਿਚ ਪੁਲਿਸ ਅਤੇ ਸਰਕਾਰ ਵਲੋਂ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਮੁੜ ਅਜਿਹੀ ਧਮਕੀ ਨਾ ਆਉਂਦੀ। ਕਿਸੇ ਅਣਪਛਾਤੇ ਨੇ ਈਮੇਲ ਭੇਜ ਕੇ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਮੁੜ ਧਮਕੀ ਦਿੱਤੀ ਹੈ। ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਧਰਮਾਂ ਦੇ ਉੱਚ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਸ੍ਰੀ ਦਰਬਾਰ ਸਾਹਿਬ ਸਮੁੱਚੀ ਮਾਨਵਤਾ ਦੀ ਆਸਥਾ ਦਾ ਕੇਂਦਰ ਹੈ। ਇਥੇ ਵੱਖ-ਵੱਖ ਧਰਮਾਂ ਵਰਗਾਂ ਦੇ ਲੋਕ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਲੱਗਦਾ ਇਹ ਕੁੱਝ ਸਮਾਜ ਵਿਰੋਧੀ ਤਾਕਤਾਂ ਤੇ ਸ਼ਰਾਰਤੀ ਅਨਸਰਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਇਸ ਕਰਕੇ ਅਜਿਹੀ ਧਮਕੀ ਭੇਜ ਕੇ ਲੋਕਾਂ ‘ਚ ਦਹਿਸ਼ਤ ਫੈਲਾਉਣ ਦੀ ਸਾਜਿਸ਼ ਘੜੀ ਗਈ ਹੈ। ਜਿਸ ਦਾ ਸੰਗਤ ਦੀ ਸ਼ਰਧਾ ਭਾਵਨਾ ‘ਤੇ ਕੋਈ ਅਸਰ ਨਹੀਂ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦੇਣ।’
ਵਰਨਣਯੋਗ ਹੈ ਕਿ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਸੀ। ਈਮੇਲ ’ਚ ਆਰਡੀਐਕਸ ਨਾਲ ਲੰਗਰ ਹਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਅੰਮ੍ਰਿਤਸਰ ਪੁਲਿਸ ਵੱਲੋਂ ਬੰਬ ਨਿਰੋਧਕ ਦਸਤੇ ਅਤੇ ਸਾਈਬਰ ਕ੍ਰਾਈਮ ਵਿੰਗ ਸਮੇਤ ਵੱਖ-ਵੱਖ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ।