ਜੈਪੁਰ – ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਰੀਂਗਸ ਥਾਣਾ ਖੇਤਰ ’ਚ ਐਤਵਾਰ ਸਵੇਰੇ ਇਕ ਕਾਰ 2 ਟਰੱਕਾਂ ਵਿਚਾਲੇ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਮਾਸੂਮ ਸਮੇਤ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਿਸ ਸਬ ਇੰਸਪੈਕਟਰ ਕੈਲਾਸ਼ ਚੰਦ ਨੇ ਦੱਸਿਆ ਕਿ ਜੈਪੁਰ-ਬੀਕਾਨੇਰ ਰਾਸ਼ਟਰੀ ਰਾਜਮਾਰਗ ’ਤੇ ਸਿਮਾਰਲਾ ਜਾਗੀਰ ਮੋੜ ਕੋਲ ਇਕ ਟਰੱਕ ਦੇ ਅਚਾਨਕ ਘੁੰਮ ਜਾਣ ਕਾਰਨ ਉਸ ਦੇ ਪਿੱਛੇ ਚੱਲ ਰਹੀ ਕਾਰ ਉਸ ਨਾਲ ਜਾ ਟਕਰਾਈ।
ਇਸ ਦੌਰਾਨ ਕਾਰ ਦੇ ਪਿੱਛੇ ਚੱਲ ਰਹੇ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਦੋਹਾਂ ਟਰੱਕਾਂ ਵਿਚਾਲੇ ਆ ਗਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਸਾਰੇ 6 ਲੋਕ ਜੈਪੁਰ ਤੋਂ ਖਾਟੂਸ਼ਾਮ ਜੀ ਮੰਦਰ ਜਾ ਰਹੇ ਸਨ। ਕੈਲਾਸ਼ਚੰਦ ਨੇ ਦੱਸਿਆ ਕਿ ਮਿ੍ਰਤਕਾਂ ਦੀ ਪਛਾਣ ਰਾਹੁਲ ਸਿੰਘ (30), ਭਰਤਪੁਰ ਵਾਸੀ ਅਮਿਤ ਚੌਧਰੀ (29) ਅਤੇ ਬਿਹਾਰ ਵਾਸੀ ਲਲਨ ਸਿੰਘ (27) ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ’ਚ ਇਕ ਚਾਰ ਸਾਲ ਦੇ ਬੱਚੇ ਨੂੰ ਮੁੱਢਲੇ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ, ਜਦੋਂ ਕਿ 2 ਹੋਰ ਜ਼ਖ਼ਮੀਆਂ ਨੂੰ ਜੈਪੁਰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
