Articles

ਸੰਗੀਤ ਤੇ ਕਲਾ ਦਾ ਸੁਮੇਲ: ਅਮਰੀਕ ਸਿੰਘ ਛੀਨਾ

ਅਮਰੀਕ ਸਿੰਘ ਛੀਨਾ ਨੇ ਆਪਣੀ ਸਾਰੀ ਉਮਰ ਵਿਰਾਸਤੀ ਕਲਾਵਾਂ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਸੰਗੀਤ, ਸਾਹਿਤ, ਲੋਕ ਨਾਚ, ਕਲਾ, ਪੁਰਾਤੱਤਵ ਤੇ ਵਿਰਾਸਤ ਦੀ ਜਿਉਂਦੀ ਜਾਗਦੀ ਪ੍ਰਤਿਭਾਵਾਨ  ਸ਼ਖਸੀਅਤ ਦਾ ਨਾਮ ਸੀ ਅਮਰੀਕ ਸਿੰਘ ਛੀਨਾ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਨ੍ਹਾਂ ਵਿਰਾਸਤੀ ਕਲਾਵਾਂ ‘ਤੇ ਪਹਿਰਾ ਦੇਣ ਨੂੰ ਅਰਪਨ ਕਰ ਦਿੱਤੀ। ਸਾਹਿਤ, ਸੰਗੀਤ ਅਤੇ ਕਲਾ ਦੇ ਉਹ ਸ਼ੈਦਾਈ ਸਨ, ਹਰ ਵਕਤ ਗੁਣਗੁਣਾਉਂਦੇ ਅਤੇ ਪੈਰਾਂ ਦਾ ਥਿਰਕਦੇ ਰਹਿਣਾ ਉਸਦਾ ਕਲਾ ਪ੍ਰੇਮੀ ਹੋਣ ਦਾ ਪ੍ਰਤੱਖ ਪ੍ਰਮਾਣ ਸੀ। ਉਸ ਦੀ ਲਾਇਬਰੇਰੀ ਵਿੱਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਪੁਸਤਕਾਂ ਅਤੇ ਪੁਰਾਤਨ ਪੰਜਾਬੀ ਸਭਿਅਚਾਰ ਦੀਆਂ ਪ੍ਰਤੀਕ ਵਸਤਾਂ ਜਿਨ੍ਹਾਂ ਵਿੱਚ ਗੀਤ,  ਸੰਗੀਤ, ਨਿ੍ਰਤ ਅਤੇ ਹੋਰ ਕਲਾਵਾਂ ਦੀਆਂ ਕੈਸਟਾਂ ਉਪਲਭਧ ਹੁੰਦੀਆਂ ਸਨ। ਉਸਨੂੰ ਇਹ ਗੱਲ ਬਹੁਤ ਤਕਲੀਫ ਦਿੰਦੀ ਸੀ ਕਿ ਪੰਜਾਬੀ, ਆਪਣੀ ਅਮੀਰ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਵਿਚ ਸੰਜੀਦਾ ਕਿਉਂ ਨਹੀਂ ਹਨ? ਜਦੋਂ ਕਿ ਪੰਜਾਬ ਅਤੇ ਖਾਸ ਤੌਰ ਤੇ ਪੈਪਸੂ ਦੀ ਵਿਰਾਸਤ ਬੜੀ ਅਮੀਰ ਹੈ। ਪੈਪਸੂ ਦੀ ਰਾਜਧਾਨੀ ਪੰਜਾਬੀ ਵਿਰਾਸਤ ਦਾ ਮੁੱਖ ਕੇਂਦਰ ਪਟਿਆਲਾ ਹੈ। ਪਟਿਆਲਵੀਆਂ ਨੇ ਪੰਜਾਬੀ ਅਤੇ ਪੈਪਸੂ ਦੀਆਂ ਪਰੰਪਰਾਵਾਂ, ਪਹਿਰਾਵਾ, ਸੰਗੀਤ, ਨਿ੍ਰਤ, ਰਹਿਤਲ, ਸਭਿਆਚਾਰ, ਸਭਿਅਤਾ, ਇਮਾਰਤਸਾਜੀ ਅਤੇ ਸਮਾਜ ਸੇਵਾ ਦੀ ਵਿਰਾਸਤ ਉਪਰ ਪਹਿਰਾ ਹੀ ਨਹੀਂ ਦਿੱਤਾ, ਸਗੋਂ ਇਸਨੂੰ ਜੀਵਿਆ ਤੇ ਮਾਣਿਆਂ ਹੈ । 1984 ਵਿੱਚ ਜਦੋਂ ਇਨਟੈਕ (ਦਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ) ਦਾ ਪੰਜਾਬ ਚੈਪਟਰ ਬਣਾਇਆ ਗਿਆ ਤਾਂ ਇੰਡੀਆ ਚੈਪਟਰ ਦੀ ਮੁੱਖੀ ਪੁਪਲ ਜੈਕਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਨਟੈਕ ਦੇ ਪੰਜਾਬ ਚੈਪਟਰ ਦੇ ਕਨਵੀਨਰ ਬਣਾਇਆ ਅਤੇ ਅਮਰੀਕ ਸਿੰਘ ਛੀਨਾ ਨੂੰ ਕੋ-ਕਨਵੀਨਰ ਬਣਾਇਆ ਗਿਆ। ਇਸਦੇ ਨਾਲ ਹੀ ਅਮਰੀਕ ਸਿੰਘ ਛੀਨਾ ਨੂੰ ਇਨਟੈਕ ਦੇ ਪਟਿਆਲਾ ਚੈਪਟਰ ਦਾ ਕਨਵੀਨਰ ਬਣਾ ਦਿੱਤਾ। ਇਸ ਤੋਂ ਇਲਾਵਾ ਉਹ ਲੰਮਾ ਸਮਾਂ ਇਨਟੈਕ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ। ਪਟਿਆਲਾ ਚੈਪਟਰ ਦਾ ਕਨਵੀਨਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਸੀ ਕਿ ਉਹ ਪਟਿਆਲਾ ਸਥਿਤ ਪੁਰਾਤਨ ਇਮਾਰਤਾਂ, ਜਿਨ੍ਹਾਂ ਵਿਚ ਕਿਲ੍ਹਾ ਮੁਬਾਰਕ, ਸ਼ੀਸ਼ ਮਹਿਲ, ਐਨ ਆਈ ਐਸ, ਮਾਈ ਕੀ ਸਰਾਂ, ਬੱਘੀ ਖਾਨਾ, ਬਹਾਦਰਗੜ੍ਹ ਦਾ ਕਿਲਾ੍ਹ, ਬਾਰਾਂਦਰੀ ਬਾਗ, ਪੋਲੋ ਗਰਾਊਂਡ, ਪਟਿਆਲਾ ਅੰਦਰੂਨ ਦੇ ਆਲੇ ਦੁਆਲੇ ਦਰਵਾਜੇ, ਕਾਲੀ ਦੇਵੀ ਦਾ ਮੰਦਰ, ਸਰਕਟ ਹਾਊਸ, ਰਾਜਿੰਦਰਾ ਕੋਠੀ, ਫਰਨ ਹਾਊਸ, ਜਿੰਮ ਖਾਨਾ ਕਲੱਬ ਅਤੇ ਹੋਰ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਦਾ ਕੰਮ ਕਰਨ। ਉਨ੍ਹਾਂ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਿਲ੍ਹੇ ਦੀ ਇਮਾਰਤ ਨੂੰ ਸ਼ਹਿਰੀਆਂ ਲਈ ਖ਼ਤਰਨਾਕ ਐਲਾਨ ਕਰਕੇ ਢਾਹੁਣ ਦਾ ਹੁਕਮ ਕਰ ਦਿੱਤਾ ਤਾਂ ਅਮਰੀਕ ਸਿੰਘ ਛੀਨਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਨਟੈਕ ਵੱਲੋਂ ਰਿਟ ਆਪਣੇ ਖ਼ਰਚੇ ਤੇ ਦਾਖਲ ਕਰਕੇ ਕਿਲ੍ਹੇ ਨੂੰ ਢਾਹੁਣ ਤੋਂ ਰੁਕਵਾਇਆ। ਇਸ ਸੰਬੰਧੀ ਉਹ ਤੱਤਕਾਲੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ.ਬੇਅੰਤ ਸਿੰਘ ਨੂੰ ਵੀ ਕਿਲ੍ਹਾ ਮੁਬਾਰਕ ਪਟਿਆਲਾ ਵਿਖਾਉਣ ਲਈ ਲੈ ਕੇ ਆਇਆ ਸੀ ਅਤੇ ਕਿਲੇ ਦੀਆਂ ਇਮਾਰਤਾਂ ਨੂੰ ਢਾਹੁਣ ਦਾ ਕੰਮ ਰੁਕਵਾਇਆ ਸੀ। ਇਨ੍ਹਾਂ ਦੁਕਾਨਾ ਦੇ ਢਹਿਣ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਵੀ ਖੁਸ ਜਾਣੀ ਸੀ ਤੇ ਅਦਾਲਤ ਬਾਜ਼ਾਰ ਦੀ ਸ਼ਾਨ ਵੀ ਖ਼ਤਮ ਹੋ ਜਾਣੀ ਸੀ। ਅਦਾਲਤ ਬਾਜ਼ਾਰ ਪੰਜਾਬ ਦੀਆਂ ਵਿਰਾਸਤੀ  ਕਲਾਵਾਂ ਤੇ ਸਭਿਅਚਾਰ ਦਾ ਕੇਂਦਰ ਬਿੰਦੂ ਹੈ। ਅੱਜ ਦਿਨ ਵੀ ਅਦਾਲਤ ਬਾਜ਼ਾਰ ਦੇ ਦੁਕਾਨਦਾਰ ਅਮਰੀਕ ਸਿੰਘ ਛੀਨਾਂ ਦੇ ਯੋਗਦਾਨ ਦੇ ਗੁਣ ਗਾਉਂਦੇ ਹਨ। ਪੋਲੋ ਗਰਾਊਂਡ ਵਿਚ ਇਮਾਰਤਾਂ ਬਣਾਉਣ ਤੋਂ ਰੋਕਣ ਲਈ ਵੀ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਇਥੋਂ ਤੱਕ ਕਿ ਜਦੋਂ ਕਾਰ ਸੇਵਾ ਦੇ ਨਾਂ ਤੇ ਪਟਿਆਲਾ ਸ਼ਹਿਰ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੀੜ ਮੋਤੀ ਬਾਗ ਸਾਹਿਬ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਕਰਵਾਉਣੀ ਚਾਹੀ ਤਾਂ ਵੀ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ। ਫਿਰ 1988 ਵਿਚ ਅੰਦਰੂਨ ਸ਼ਹਿਰ ਦੇ ਆਲੇ ਦੁਆਲੇ ਵਾਲੇ ਦਰਵਾਜ਼ਿਆਂ ਨੂੰ ਢਾਹੁਣ ਤੋਂ ਰੁਕਵਾਇਆ ਤਾਂ ਜੋ ਸ਼ਹਿਰ ਦੀ ਪੁਰਾਤਨ ਦਿਖ ਬਰਕਰਾਰ ਰਹਿ ਸਕੇ। 1988 ਵਿਚ ਹੀ ਉਨ੍ਹਾਂ ਨੇ ਸ਼ੀਸ਼ ਮਹਿਲ ਮੋਤੀ ਬਾਗ ਵਿਚਲੀ ਨੈਸ਼ਨਲ ਹਿਸਟਰੀ ਗੈਲਰੀ ਉਥੋਂ ਹਟਾਉਣ ਤੋਂ ਰੋਕਣ ਲਈ ਰਿਟ ਕਰਕੇ ਸਟੇਅ ਆਰਡਰ ਲਿਆ।

ਵਿਦੇਸ਼ਾਂ ਵਿਚੋਂ ਗੋਰਿਆਂ ਦੇ ਡੈਲੀਗੇਸ਼ਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਕੋਲ ਆਉਂਦੇ ਰਹਿੰਦੇ ਸਨ, ਉਨ੍ਹਾਂ ਨੂੰ  ਆਪਣੇ ਫਾਰਮ ਹਾਊਸ ਸੰਤ ਹਜ਼ਾਰਾ ਸਿੰਘ ਨਗਰ, ਸਨੌਰ ਵਿਖੇ ‘‘ਸੰਤ ਹਜ਼ਾਰਾ ਸਿੰਘ ਫਾਰਮ’’ ਵਿਚ ਲਿਆਕੇ ਮਹਿਮਾਨ ਨਿਵਾਜੀ ਕਰਦੇ ਸਨ। ਪੰਜਾਬੀ ਸਭਿਆਚਾਰ ਨਾਲ ਵੀ ਉਹ ਪ੍ਰਣਾਇਆ ਹੋਇਆ ਸੀ। ਹਰ ਡੈਲੀਗੇਸ਼ਨ ਦੀ ਆਮਦ ਮੌਕੇ ਆਪਣੇ ਘਰ ਸਭਿਆਚਾਰਕ ਪ੍ਰੋਗਰਾਮ ਕਰਦੇ ਰਹਿੰਦੇ ਸਨ। ਪਟਿਆਲਾ ਸ਼ਹਿਰ ਵਿਰਾਸਤੀ ਹੋਣ ਕਰਕੇ ਇਥੋਂ ਦੇ ਬਸ਼ਿੰਦੇ ਪਟਿਆਲਵੀ ਹਮੇਸ਼ਾ ਸਭਿਆਚਾਰਿਕ ਸਰਗਰਮੀਆਂ ਅਤੇ ਪੁਰਾਤਤਵ ਰੱਖ ਰਖਾਵ ਵਿੱਚ ਦਿਲਚਸਪੀ ਲੈਂਦੇ ਰਹਿੰਦੇ ਹਨ। ਅਮਰੀਕ ਸਿੰਘ ਛੀਨਾ ਪਟਿਆਲਵੀਆਂ ਦੇ ਦੂਤ ਦੇ ਤੌਰ ਤੇ ਵਿਚਰਦੇ ਸਨ। ਅਮਰੀਕ ਸਿੰਘ ਛੀਨਾ ਵਿਰਾਸਤੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ। ਉਨ੍ਹਾਂ ਦੇ ਇਸ ਸੰਸਾਰ ਤੋਂ ਅਲਵਿਦਾ ਕਹਿਣ ਤੋਂ ਬਾਅਦ ਪਟਿਆਲਾ ਦਾ ਸਭਿਆਚਾਰਕ ਘੇਰਾ ਸੁੰਗੜਕੇ ਰਹਿ ਗਿਆ।

ਅਮਰੀਕ ਸਿੰਘ ਛੀਨਾ ਦਾ ਜਨਮ 9 ਦਸੰਬਰ 1949 ਨੂੰ ਸੰਤ ਹਜ਼ਾਰਾ ਸਿੰਘ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਕਸਬੇ ਵਿਖੇ ਹੋਇਆ। ਉਨ੍ਹਾਂ ਮੁੱਢਲੀ ਦਸਵੀਂ ਤੱਕ ਵਿਦਿਆ ਦੋਰਾਹਾ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਏ.ਤੱਕ ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਜਰਨਿਲਿਜ਼ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਾਅ ਦੀ ਡਿਗਰੀ ਦੇਹਰਾਦੂਨ ਤੋਂ ਪਾਸ ਕੀਤੀ। ਅਮਰੀਕ ਸਿੰਘ ਛੀਨਾ ਦੀ 28 ਮਈ 1995 ਨੂੰ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਕਸਬੇ ਦੇ ਨੇੜੇ ਇਕ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਖਵੰਤ ਕੌਰ ਛੀਨਾ, ਸਪੁੱਤਰ ਕਰਨਬੀਰ ਸਿੰਘ ਛੀਨਾ, ਨੂੰਹ ਖ਼ੁਸ਼ਵਿੰਦਰ ਕੌਰ ਛੀਨਾਂ ਅਤੇ ਸਪੁੱਤਰੀ ਅਨੰਤਬੀਰ ਕੌਰ ਚੀਮਾ ਸੰਤ ਹਜ਼ਾਰਾ ਸਿੰਘ ਅਤੇ ਅਮਰੀਕ ਸਿੰਘ ਛੀਨਾ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਅੱਜ ਛੀਨਾ ਪਰਿਵਾਰ, ਉਨ੍ਹਾਂ ਦੇ ਦੋਸਤਾਂ ਮਿਤਰਾਂ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ ਬਰਸੀ ‘ਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ।

Related posts

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin

ਅੱਜ ਤੱਕ ਕੁੱਲ 54,422 ਸੂਬੇ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ: ਮੁੱਖ-ਮੰਤਰੀ ਮਾਨ

admin

ਕੀ ਈਰਾਨ ਵਿੱਚ ਸ਼ਾਸਨ ਬਦਲਣ ਨਾਲ ਸਥਿਤੀ ਸੁਧਰ ਜਾਵੇਗੀ: ਡਾ. ਫਾਰੂਕ ਅਬਦੁੱਲਾ

admin