ਪਟਿਆਲਾ -ਸੰਭੂ ਬਾਰਡਰ ਤੋਂ 101 ਕਿਸਾਨਾਂ ਦੇ ਦੂਜੇ ਜਥੇ ਨੇ ਇੱਕ ਵਾਰ ਫੇਰ ਦਿੱਲੀ ਬਾਰਡਰ ਵੱਲ ਕੂਚ ਦੀ ਕੋਸ਼ਿਸ਼ ਕੀਤੀ। ਪਰ ਵੱਧਦੇ ਤਣਾਅ ਦਰਮਿਆਨ ਹੋਈਆਂ ਝੜਪਾਂ ਦੇ ਵਿੱਚ 8 ਕਿਸਾਨ ਜ਼ਖਮੀਂ ਹੋ ਗਏ ਅਤੇ ਕਿਸਾਨਾਂ ਦੇ ਜੱਥੇ ਨੂੰ ਵਾਪਸ ਮੋੜਿਆ ਗਿਆ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਅੰਬਾਲਾ ਦੇ ਡੀ.ਸੀ., ਐਸ.ਪੀ. ਅਤੇ ਪਟਿਆਲਾ ਦੇ ਐਸ.ਐਸ.ਪੀ. ਨਾਲ ਮੀਟਿੰਗ ਕੀਤੀ ਜਿਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਉਹ ਕੇਂਦਰ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਅਸੀਂ ਪੁਲਿਸ ਅਧਿਕਾਰੀਆਂ ਨੂੰ ਦਸਿਆ ਕਿ ਸਾਨੂੰ ਲਿਖਤੀ ਰੂਪ ’ਚ ਸਰਕਾਰ ਵਲੋਂ ਜੇਕਰ ਕੋਈ ਸਾਕਾਰਾਤਮਕ ਪੇਸ਼ਕਸ਼ ਆਉਂਦੀ ਹੈ ਤਾਂ ਹੀ ਅਸੀਂ ਗੱਲ ਕਰਾਂਗੇ। ਡੀ.ਸੀ. ਨੇ ਸਾਨੂੰ ਦਸਿਆ ਕਿ ਸਰਕਾਰ ਵਲੋਂ ਕੋਈ ਹੁੰਗਾਰਾ ਆਉਣ ਸੋਮਵਾਰ ਸ਼ਾਮ ਤਕ ਸੂਚਿਤ ਕੀਤਾ ਜਾਵੇਗਾ। ਸੋ ਅਸੀਂ ਕਲ ਸ਼ਾਮ ਤਕ ਉਡੀਕ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਸ਼ੰਭੂ ਬਾਰਡਰ ’ਤੇ ਵਾਪਰੇ ਅੱਜ ਦੇ ਘਟਨਾਕ੍ਰਮ ਬਾਰੇ ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਸਾਹਮਣੇ ਸਰਕਾਰ ਦਾ ਦੋਗਲਾ ਚਿਹਰਾ ਨਜ਼ਰ ਆਇਆ ਹੈ। ਉਨ੍ਹਾਂ ਕਿਹਾ, ‘‘ਜਿਵੇਂ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਅਤੇ ਖਾਣ ਦੇ ਹੋਰ ਹੁੰਦੇ ਹਨ, ਉਸੇ ਤਰ੍ਹਾਂ ਅੱਜ ਪਹਿਲਾਂ ਤਾਂ ਲੋਕਾਂ ਨੂੰ ਵਿਖਾਉਣ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਬਿਸਕੁਟ ਦਿਤੇ, ਚਾਹ-ਪਾਣੀ ਪੁਛਿਆ ਅਤੇ ਫੁੱਲ ਵਰ੍ਹਾਏ। ਪਰ ਦੋ ਮਿੰਟ ਬਾਅਦ ਹੀ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਸੁਟਣੇ ਸ਼ੁਰੂ ਹੋ ਗਏ ਅਤੇ ਜੋ ਫੁੱਲ ਸੁੱਟੇ ਸਨ ਉਹ ਵੀ ਕੈਮੀਕਲ ਵਾਲੇ ਸਨ। ਉਨ੍ਹਾਂ ਕਿਹਾ ਕਿ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲਾ ਕਿਸਾਨ ਮਜ਼ਦੂਰ ਮੋਰਚਾ ਪਹਿਲੇ ਦਿਨ ਤੋਂ ਹੀ ਐਸ.ਕੇ.ਐਮ. ਅਤੇ ਹੋਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦਾ ਰਿਹਾ ਹੈ ਅਤੇ ਉਹ ਚਾਹੁੰਦੇ ਹਨ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤਕ ਏਕਤਾ ਨਹੀਂ ਹੁੰਦੀ ਉਦੋਂ ਤਕ ਸਰਕਾਰ ’ਤੇ ਦਬਾਅ ਨਹੀਂ ਬਣਾਇਆ ਜਾ ਸਕਦਾ।
ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਥਾ ਹੁਣ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਜੱਥੇ ਵਿੱਚ ਜਾ ਰਹੇ ਕਿਸਾਨ ਲਿਸਟ ਵਿੱਚ ਦਿੱਤੇ ਗਏ ਨਾਂ ਤੋਂ ਅੱਲਗ ਹਨ। ਉਨ੍ਹਾਂ ਕਿਹਾ ਕਿ ਲਿਸਟ ਵਿੱਚ ਸ਼ਾਮਲ ਨਾਂ ਵਾਲੇ ਕਿਸਾਨ ਹੀ ਜੱਥੇ ਵਿੱਚ ਭੇਜੇ ਗਏ ਸਨ। ਦਿੱਲੀ ਕੂਚ ਲਈ ਬਾਰਡਰ ‘ਤੇ ਇਕੱਠੇ ਹੋਏ ਕਿਸਾਨਾਂ ਬਾਰੇ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹੱਝੂ ਗੋਲਿਆ ਦੀ ਵਰਤੋਂ ਕਾਰਨ ਕਈ ਕਿਸਾਨ ਜਖ਼ਮੀ ਹੋਏ ਹਨ ਅਤੇ ਇੱਕ ਕਿਸਾਨ ਨੂੰ ਜ਼ਿਆਦਾ ਜ਼ਖ਼ਮੀ ਹੋਣ ਕਾਰਨ ਪੀਜੀਆਈ ਰੈਫਰ ਕੀਤਾ ਗਿਆ ਹੈ। ਅਗਲੀ ਰਣਨੀਤੀ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਮੀਟਿੰਗ ਉਪਰੰਤ ਹੀ ਅਗਲਾ ਫੈਸਲਾ ਲਿਆ ਜਾਵੇਗਾ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਦਾਅਵਾ ਕੀਤਾ ਕਿ ਜਿਵੇਂ ਪਹਿਲਾਂ ਕਿਸਾਨਾਂ ਨੂੰ ਤਾਲਿਬਾਨੀ, ਖ਼ਾਲਿਸਤਾਨੀ, ਨਕਸਲੀ ਆਦਿ ਕਹਿ ਕੇ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਕਿਸਾਨਪੱਖੀ ਮੀਡੀਆ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਨੇ ਮੀਡੀਆ ਮੁਲਾਜ਼ਮਾਂ ਨੂੰ ਵਿਰੋਧ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਰੱਖਣ ਨੂੰ ਕਿਹਾ ਗਿਆ ਸੀ ਅਤੇ ਉਨ੍ਹਾਂ ’ਤੇ ਹੰਝੂ ਗੈਸ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਹ ਯਕੀਨੀ ਕਰਨ ਨੂੰ ਕਿਹਾ ਸੀ ਕਿ ਮੀਡੀਆ ਮੁਲਾਜ਼ਮਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਦੂਰ ਰੋਕਿਆ ਜਾਵੇ, ਜਿਸ ਨਾਲ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਵੀ ਆਸਾਨੀ ਹੋਵੇਗੀ। ਐਸ.ਕੇ.ਐਮ. ਦੇ ਕਿਸਾਨ ਆਗੂ ਭੰਗੂ ਨੇ ਵੀ ਕਿਹਾ, ‘‘ਮੀਡੀਆ ਨੂੰ ਖ਼ਾਲਿਸਤਾਨੀ ਬੋਲਣਾ ਅਤੇ ਹੰਝੂ ਗੈਸ ਦੇ ਗੋਲੇ ਸੁੱਟਣਾ ਸ਼ਰਮਨਾਕ ਹੈ।
ਇਸ ਤੋਂ ਪਹਿਲਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ‘ਦਿੱਲੀ ਚਲੋ’ ਮਾਰਚ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਸਰਹੱਦ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ। ਹਰਿਆਣਾ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਤਿੰਨ ਹੋਰ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਬੇਹੋਸ਼ ਅਤੇ ਜ਼ਖਮੀ ਹੋਏ ਕਿਸਾਨਾਂ ਨੂੰ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਚੁੱਕ ਕੇ ਐੰਬੂਲੈਂਸ ਤੱਕ ਲੈ ਜਾਇਆ ਗਿਆ।
ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਦਿੱਲੀ ਵਿੱਚ ਧਰਨਾ ਦੇਣ ਦੀ ਪ੍ਰਵਾਨਗੀ ਦਿਖਾਈ ਜਾਵੇ ਤਾਂ ਕਿਸਾਨਾਂ ਨੇ ਉਲਟਾ ਹਰਿਆਣਾ ਪੁਲਿਸ ਉੱਤੇ ਇਲਜ਼ਾਮ ਲਾਇਆ ਕਿ ਉਹ ਪੰਜਾਬ ਦੀ ਧਰਤੀ ਉੱਤੇ ਨਾਕੇਬੰਦੀ ਕਰਕੇ ਕਿਸਾਨਾਂ ਨੂੰ ਰੋਕ ਰਹੇ ਹਨ। ਇਸ ਲਈ ਹਰਿਆਣਾ ਪੁਲਿਸ ਪ੍ਰਵਾਨਗੀ ਦਿਖਾਏ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੈ। ਉਹ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਵੇ। ਪਰ ਕਿਸਾਨਾਂ ਦੀਆਂ ਦਲੀਲਾਂ ਦਾ ਹਰਿਆਣਾ ਪੁਲਿਸ ਉੱਤੇ ਕੋਈ ਅਸਰ ਨਹੀਂ ਹੋਇਆ।
ਹਰਿਅਣਾ ਪੁਲਿਸ ਨੇ ਪੰਜਾਬ ਅਤੇ ਹਰਿਅਣਾ ਸਰਹੱਦ ਉੱਤੇ ਘੱਗਰ ਦਰਿਆ ਉੱਤੇ ਬਣੇ ਪੁਲਿਸ ਨੂੰ ਪੱਕੀਆਂ ਦੀਵਾਰਾਂ ਅਤੇ ਵੱਡੇ-ਵੱਡੇ ਮਿੱਟੀ ਦੇ ਭਰੇ ਟਰਾਲੇ ਖੜ੍ਹੇ ਕੀਤੇ ਹੋਏ ਹਨ। ਹਰਿਆਣਾ ਪੁਲਿਸ ਨੇ ਕਿਹਾ ਉਨ੍ਹਾਂ ਕੋਲ ਜਿਹੜੀ ਲਿਸਟ ਹੈ, ਉਸ ਵਿੱਚ ਜਥੇ ਵਿੱਚ ਸ਼ਾਮਲ ਕਿਸਾਨਾਂ ਦੇ ਨਾਂ ਨਹੀਂ ਹਨ। ਉਹ ਕਿਸਾਨਾਂ ਤੋਂ ਪਛਾਣ ਪੱਤਰ ਦਿਖਾਉਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਪੁਲਿਸ ਨੂੰ ਉਨ੍ਹਾਂ ਦੇ ਅਧਾਰ ਕਾਰਡ ਦੇਖਣ ਲਈ ਕਿਹਾ ਪਰ ਪੁਲਿਸ ਮੁਲਾਜ਼ਮ ਇਹੀ ਕਹਿੰਦੇ ਰਹੇ ਕਿ ਲਿਸਟ ਵਿੱਚ ਉਨ੍ਹਾਂ ਦਾ ਨਾਂ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਪਤਾ ਨਹੀਂ ਕਿਹੜੀ ਲਿਸਟ ਦੀ ਗੱਲ ਕਰ ਰਹੀ ਹੈ, ਪੰਜਾਬ ਪੁਲਿਸ ਨੂੰ ਜੋ ਲਿਸਟ ਭੇਜ ਕੇ ਵੈਰੀਫਿਕੇਸ਼ਨ ਕਰਵਾਈ ਗਈ ਹੈ, ਉਹ ਸੂਚੀ ਕਿਸਾਨਾਂ ਦੇ ਮੰਚ ਕੋਲ ਵੀ ਹੈ। ਕਿਸਾਨਾਂ ਦੀਆਂ ਦਲੀਲਾਂ ਦਾ ਜਦੋਂ ਕੋਈ ਅਸਰ ਨਹੀਂ ਹੋਇਆ ਤਾਂ ਉਹ ਵਾਪਸ ਆ ਗਏ। ਪਰ ਕੁਝ ਦੇਰ ਬਾਅਦ ਕਿਸਾਨ ਵਾਪਸ ਗਏ ਅਤੇ ਕੁਝ ਨੇ ਸੀਮਿੰਟ ਵਾਲੇ ਬੈਰੀਕੇਡ ਉੱਤੇ ਪੁਲਿਸ ਵਲੋਂ ਬਣਾਏ ਜੰਗਲੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹੰਝੂ ਗੈਸ ਦੇ ਗੋਲ਼ੇ ਮੁੜ ਸੁੱਟੇ ਅਤੇ ਕਿਸਾਨਾਂ ਨੂੰ ਪਿੱਛੇ ਹਟਣਾ ਪਿਆ।
ਉੱਧਰ ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉਪਰ ਬੈਠੇ ਹੋਏ ਹਨ।
ਕਿਸਾਨ ਫਰਬਰੀ ਮਹੀਨੇ ਤੋਂ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖੌਨਰੀ ਬਾਰਡਰਾਂ ਉੱਤੇ ਬੈਠੇ ਹਨ, ਹਰਿਆਣਾ ਪੁਲਿਸ ਉਨ੍ਹਾਂ ਨੂੰ ਦਿੱਲੀ ਕੂਚ ਨਹੀਂ ਕਰਨ ਦੇ ਰਹੀ। ਹਰਿਆਣਾ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੁਣ ਕਈ ਕੇਂਦਰੀ ਮੰਤਰੀਆਂ ਨੇ ਪਹਿਲਾਂ ਕਿਹਾ ਸੀ ਕਿਸਾਨ ਟਰੈਕਟਰ- ਟਰਾਲੀਆਂ ਤੋਂ ਬਗੈਰ ਦਿੱਲੀ ਜਾ ਸਕਦੇ ਹਨ। ਪਰ 6 ਦਸੰਬਰ ਨੂੰ ਜਦੋਂ ਕਿਸਾਨਾਂ ਦੇ 101 ਜਥੇ ਨੇ ਨਿਹੱਥੇ ਪੈਦਲ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਜਿਸ ਦੌਰਾਨ ਕਈ ਕਿਸਾਨ ਜਖ਼ਮੀ ਹੋ ਗਏ ।