Articles India Punjab

ਸੰਯੁਕਤ ਕਿਸਾਨ ਮੋਰਚਾ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 22ਵਾਂ ਦਿਨ !

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਹੋਰਨਾਂ ਮੈਂਬਰਾਂ ਨਾਲ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ਦਾ ਮਰਨ ਵਰਤ 22ਵੇਂ ਦਿਨ ਵਿੱਚ ਸੰਗਰੂਰ ਦੇ ਖਨੌਰੀ ਬਾਰਡਰ ’ਤੇ ਚੱਲ ਰਿਹਾ ਹੈ, ਜਾਰੀ ਹੈ, ਦੀ ਸਿਹਤ ਸਬੰਧੀ ਚਿੰਤਾ ਪ੍ਰਗਟਾਉਂਦਿਆਂ ਕਿਸਾਨ ਮੰਗਾ ਦੇ ਹੱਕ ਵਿੱਚ ਧਰਨਾ ਦਿੰਦੇ ਹੋਏ।

ਚੰਡੀਗੜ੍ਹ – ਹਰਿਆਣਾ ਦੇ ਬਾਰਡਰ ਉਪਰ ਕਿਸਾਨਾਂ ਦਾ ਮੋਰਚਾ ਜਾਰੀ ਹੈ। ਖਨੌਰੀ ਬਾਰਡਰ ਉਪਰ ਸੰਯੁਕਤ ਕਿਸਾਨ ਮੋਰਚਾ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਇਥੇ 22ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ, ਉਥੇ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਡੱਲੇਵਾਲ ਨਾਲ ਇਕਜੁਟਤਾ ਤੇ ਸਮਰਥਨ ਪ੍ਰਗਟ ਕਰਨ ਲਈ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੀਤੇ ਗਏ। ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਕਿਸਾਨ ਆਗੂ ਡੱਲੇਵਾਲ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਵੀ ਵੱਧ ਖ਼ਤਰਾ ਹੋ ਗਿਆ ਹੈ। ਇਨਫੈਕਸ਼ਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਮਾਸਕ ਪਾ ਕੇ ਹੀ ਜਾਣ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਹੈ ਕਿ ਮੰਚ ’ਤੇ ਹੀ ਜਗਜੀਤ ਸਿੰਘ ਡੱਲੇਵਾਲ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਉਧਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਡੱਲੇਵਾਲ ਦਾ ਬੀਬੀ 110/70, ਪਲਸ ਰੇਟ 74, ਆਕਸੀਜਨ ਦਾ ਲੈਵਲ 98, ਤਾਪਮਾਨ 97.3 ਤੇ ਸ਼ੁਗਰ ਦਾ ਪੱਧਰ ਵੀ ਘੱਟ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਕਰੀਬ 10 ਮਿੰਟ ਤੱਕ ਸੰਬੋਧਨ ਵੀ ਕੀਤਾ। ਇਕ ਵਾਰ ਫਿਰ ਉਨ੍ਹਾਂ ਨੂੰ ਮਰਨ ਵਰਤ ਵਾਲੀ ਥਾਂ ਤੋਂ ਸਹਾਰੇ ਨਾਲ ਸਾਥੀ ਕਿਸਾਨ ਆਗੂਆਂ ਵਲੋਂ ਸੰਘਰਸ਼ ਦੀ ਸਟੇਜ ਸਾਹਮਣੇ ਲਿਆਂਦਾ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਦਾ ਛੋਟਾ ਜਿਹਾ ਪੋਤਰਾ ਵੀ ਉਨ੍ਹਾਂ ਨਾਲ ਮੋਰਚੇ ਵਿਚ ਡਟਿਆ ਹੋਇਆ ਹੈ।

ਡਾਕਟਰਾਂ ਵਲੋਂ ਜ਼ਿਆਦਾ ਬੋਲਣ ਦੀ ਮਨਾਹੀ ਦੇ ਬਾਵਜੂਦ ਡੱਲੇਵਾਲ ਨੇ ਕਿਸਾਨਾਂ ਨੂੰ ਸੰਖੇਪ ਸ਼ਬਦਾਂ ਨਾਲ ਸੰਬੋਧਤ ਕੀਤਾ। ਉਨ੍ਹਾਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਐਮ.ਐਸ.ਪੀ. ਨੂੰ ਲੈ ਕੇ ਦਿਤੇ ਬਿਆਨ ਉਪਰ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਅਹੁਦਾ ਦੇਸ਼ ਲਈ ਬਹੁਤ ਵੱਡਾ ਹੁੰਦਾ ਹੈ ਅਤੇ ਇਸ ਦੀ ਮਰਿਆਦਾ ਕਾਇਮ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਅਮਿਤ ਸ਼ਾਹ ਵਲੋਂ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਤਿੰਨ ਗੁਣਾ ਵਾਧੇ ਨਾਲ ਐਮ.ਐਸ.ਪੀ. ਦਿਤੇ ਜਾਣ ਦੇ ਬਿਆਨ ਬਾਰੇ ਕਿਹਾ ਕਿ ਗ਼ਲਤ ਜਾਣਕਾਰੀ ਦੇ ਕੇ ਲੋਕਾਂ ਵਿਚ ਭਰਮ ਭੁਲੇਖੇ ਪੈਦਾ ਨਹੀਂ ਕਰਨੇ ਚਾਹੀਦੇ। ਉਨ੍ਹਾਂ ਤੱਥਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੌਰਾਨ ਸਿਰਫ਼ ਕਣਕ ’ਤੇ 875 ਰੁਪਏ ਵਾਧਾ ਮਿਲਿਆ ਜੋ 56 ਫ਼ੀ ਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਿਸਾਨਾਂ ਦੇ ਲਾਗਤ ਖ਼ਰਚੇ ਜ਼ਿਆਦਾ ਵਧੇ ਹਨ। ਇਸ ਸਮੇਂ ਦੌਰਾਨ ਇਹ ਖ਼ਰਚੇ 56.5 ਫ਼ੀ ਸਦੀ ਹੋਏ ਹਨ। ਉਨ੍ਹਾਂ ਅਮਿਤ ਸ਼ਾਹ ਵਲੋਂ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਦੇ ਦਾਅਵੇ ’ਤੇ ਸਵਾਲ ਕਰਦਿਆਂ ਪੁਛਿਆ ਕਿ ਜੇਕਰ ਇਹ ਦੇ ਰਹੇ ਹੋ ਤਾਂ ਐਮ. ਐਸ.ਪੀ. ਦੀ ਗਰੰਟੀ ਦਾ ਕਾਨੂੰਨ ਬਣਾਉਣ ਵਿਚ ਕੀ ਮੁਸ਼ਕਲ ਹੈ? ਉਨ੍ਹਾਂ ਕਿਹਾ ਕਿ ਯੂ.ਪੀ., ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਤਾਂ ਐਮ.ਐਸ.ਪੀ. ਤੇ ਖ਼ਰੀਦ ਹੀ ਨਹੀਂ ਹੁੰਦੀ। ਡੱਲੇਵਾਲ ਨੇ ਇਹ ਖਦਸ਼ਾ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਮਰਨ ਵਰਤ ਤੋਂ ਪੁਲਿਸ ਚੁਕ ਸਕਦੀ ਹੈ ਪਰ ਕਿਸਾਨ ਵਲੰਟੀਅਰ ਇਸ ਨੂੰ ਰੋਕਣ ਲਈ ਅਪਣੀ ਡਿਊਟੀ ਨਿਭਾ ਰਹੇ ਹਨ ਜੋ ਮੋਰਚੇ ਨੂੰ ਬਚਾਉਣ ਲਈ ਜ਼ਰੂਰੀ ਹੈ।

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਤੇਜ਼ ਹੋਣ ਲੱਗਾ ਹੈ। ਹੁਣ ਤੱਕ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਬੈਨਰ ਹੇਠ ਖਨੌਰੀ ’ਚ ਸ਼ੁਰੂ ਕੀਤੇ ਗਏ ਮੋਰਚੇ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁੰਨ ਹੀ ਡਟੇ ਹੋਏ ਸਨ, ਪਰ ਡੱਲੇਵਾਲ ਵਲੋਂ ਸ਼ੁਰੂ ਕੀਤੇ ਮਰਨ ਵਰਤ ਨਾਲ ਅੰਦੋਲਨ ਦੀ ਰੁਖ਼ ਬਦਲਣ ਲੱਗਿਆ ਹੈ ਜਿਸ ਕਰਕੇ ਪੰਜਾਬ ਸਰਕਾਰ, ਹਰਿਆਣਾ ਤੇ ਕੇਂਦਰ ਸਰਕਾਰ ਦੀ ਚਿੰਤਾ ਵੱਧਣ ਲੱਗੀ ਹੈ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਸਿਆਸੀ ਆਗੂਆਂ ਦੇ ਨਾਲ-ਨਾਲ ਦੂਜੀਆਂ ਕਿਸਾਨ ਜਥੇਬੰਦੀਆਂ, ਦੂਜੀਆਂ ਕਿਸਾਨ ਯੂਨੀਅਨਾਂ ਦੇ ਆਗੂ ਵੀ ਖਨੌਰੀ ਮੋਰਚੇ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਕਿਸਾਨ ਅੰਦੋਲਨ ਨੂੰ ਮੁੜ ਬਲ ਮਿਲਣ ਲੱਗਿਆ ਹੈ। ਇਸੇ ਦੌਰਾਨ ਵੀ ਡੱਲੇਵਾਲ ਨੂੰ ਮਿਲਣ ਆਉਣ ਵਾਲੇ ਆਗੂਆਂ ਤੇ ਸੰਗਠਨਾਂ ਦਾ ਤਾਂਤਾ ਲੱਗਿਆ ਰਿਹਾ। ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਬਾਕੀ ਕਿਸਾਨ ਯੂਨੀਅਨਾਂ ਦੇ ਆਗੂਆਂ, ਜਿਨ੍ਹਾਂ ਨੇ ਹੁਣ ਤੱਕ ਸ਼ੰਭੂ ਬੈਰੀਅਰ ਅਤੇ ਖਨੌਰੀ ਤੋ ਦੂਰੀ ਬਣਾਈ ਹੋਈ ਸੀ, ਉਹ ਵੀ ਡੱਲੇਵਾਲ ਦਾ ਹਾਲਚਾਲ ਪੁੱਛਣ ਲੱਗੇ ਹਨ, ਬਲਕਿ ਕਿਸਾਨੀ ਮਸਲਿਆਂ ਅਤੇ ਮੰਗਾਂ ਲਈ ਸਮਰਥਨ ਵੀ ਕਰਨ ਲੱਗੇ ਹਨ। ਕਿਸਾਨ ਨੇਤਾ ਡਾ ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ, ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਤੇ ਹੋਰ ਆਗੂ ਵੀ ਖਨੌਰੀ ਪੁੱਜੇ ਹਨ। ਡੱਲੇਵਾਲ ਦਾ ਹਾਲ ਜਾਨਣ ਅਤੇ ਅਪਣਾ ਸਮਰਥਨ ਦੇਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਗੁਰਕੀਰਤ ਕੋਟਲੀ, ਹਰਦਿਆਲ ਸਿੰਘ ਕੰਬੋਜ, ‘ਆਪ’ ਸੰਸਦ ਮਲਵਿੰਦ ਸਿੰਘ ਕੰਗ ਅਤੇ ਇਨੈਲੋ ਮੁਖੀ ਅਭੈ ਚੌਟਾਲਾ ਤੋਂ ਇਲਾਵਾ ਪੰਜ ਪਿਆਰਿਆਂ ਦਾ ਜਥਾ ਵੀ ਪਹੁੰਚਿਆ।

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਅਨੁਸਾਰ ਅੱਜ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢੇ ਗਏ। ਇਸ ਦਾ ਮਕਸਦ ਇਹ ਦਰਸਾਉਣਾ ਸੀ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਚਲ ਰਿਹਾ ਮੋਰਚਾ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਵਿਚ ਅੰਬਾਲਾ ਖੇਤਰ ਤੋਂ ਇਲਾਵਾ ਹਿਸਾਰ, ਸੋਨੀਪਤ, ਚਰਖੀ ਦਾਦਰੀ, ਸਿਰਸਾ, ਫ਼ਤਿਹਾਬਾਦ ਅਤੇ ਕੈਥਲ ਵਿਚ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਮਾਰਚ ਕੱਢ ਕੇ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਲੋਕਾਂ ਵਿਚ ਸੁਨੇਹਾ ਦਿਤਾ।

ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉਤੇ ਚਲ ਰਹੇ ਕਿਸਾਨ ਅੰਦੋਲਨ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ ਜੇਕਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਅਕਸਰ ਟੁੱਟੇ ਹੋਏ ਲੁੱਟੇ ਜਾਂਦੇ ਹਨ, ਇਸ ਲਈ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੋਚਣਾ ਪਵੇਗਾ ਕਿ ਭਵਿੱਖ ਵਿਚ ਕਿਸਾਨ ਅਤੇ ਮਜ਼ਦੂਰ ਦੇ ਹੱਕ ਕਿਵੇਂ ਲੈਣੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਬਾਰੇ ਸਾਰੇ ਲੋਕ ਹੀ ਚਿੰਤਤ ਹਨ ਪਰ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਤੇ ਡੱਲੇਵਾਲ ਮੰਗਾਂ ਪੂਰੀਆਂ ਹੋਣ ਤੋਂ ਪਹਿਲਾਂ ਆਪਣਾ ਮਰਨ ਵਰਤ ਨਹੀਂ ਤਿਆਗਣਗੇ।  ਇਸ ਅੰਦੋਲਨ ਬਾਰੇ ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦਾ ਕੇਂਦਰ ਸਰਕਾਰ ਨੂੰ ਫ਼ਾਇਦਾ ਹੋ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਡੱਲੇਵਾਲ ਮਰਨ ਵਰਤ ਉਤੇ ਪੰਜਾਬ ਦੀ ਜ਼ਮੀਨ ਉਤੇ ਬੈਠੇ ਹਨ ਅਤੇ ਉਨ੍ਹਾਂ ਦੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਦੀ ‘ਆਪ’ ਸਰਕਾਰ ਉਤੇ ਆਵੇਗੀ। ਇਸ ਦੇ ਨਾਲ ਹੀ ਸਿੱਖ ਕੌਮ ਦੀ ਵੀ ਬਦਨਾਮੀ ਹੋ ਰਹੀ ਹੈ ਕਿਉਂਕਿ ਕੌਮੀ ਪੱਧਰ ਉਤੇ ਲੋਕਾਂ ਨੂੰ ਲਗਦਾ ਹੈ ਕਿ ਸਿੱਖ ਕਿਸਾਨ ਜਦੋਂ ਮਰਜ਼ੀ ਸੜਕਾਂ ਰੋਕ ਲੈਂਦੇ ਹਨ। ਭਾਜਪਾ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਵਲੋਂ ਦਿਤੇ ਬਿਆਨ ਉਤੇ ਪ੍ਰਤੀਕਰਮ ਦਿੰਦਿਆਂ ਟਿਕੈਤ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਲਾਪਤਾ ਲੜਕੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਰਕਾਰ ਨਾਲ ਸਾਂਝੀ ਕਰਨ ਨਹੀਂ ਤਾਂ ਝੂਠ ਬੋਲ ਕੇ ਗੁੰਮਰਾਹ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਦ ਮੈਂਬਰ ਝੂਠੇ ਤੱਥ ਪੇਸ਼ ਕਰਦਾ ਹੈ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।  ਹਰਿਆਣਾ ਸਰਕਾਰ ਵਲੋਂ 24 ਫ਼ਸਲਾਂ ਉਤੇ ਐਮਐਸਪੀ ਦੇਣ ਵਾਲੀ ਖ਼ਬਰ ਉਤੇ ਟਿਕੈਤ ਨੇ ਕਿਹਾ ਕਿ ਭਾਜਪਾ ਝੂਠ ਬੋਲਣ ਵਿਚ ਮਾਹਰ ਹੈ ਤੇ ਉਨ੍ਹਾਂ ਕਦੇ ਨਹੀਂ ਸੁਣਿਆ ਕਿ ਹਰਿਆਣਾ ਵਿਚ 24 ਫ਼ਸਲਾਂ ਉਤੇ ਐਮਐਸਪੀ ਮਿਲਦੀ ਹੈ। ਜਦੋਂ ਪੱਤਰਕਾਰਾਂ ਨੇ ਟਿਕੈਤ ਨੂੰ ਪੁਛਿਆ ਕਿ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਕਿਸਾਨਾਂ ਨੂੰ ਮਿਲਦੇ ਹਨ ਤਾਂ ਟਿਕੈਤ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਮੰਤਰੀ ਨੂੰ ਕਿਸਾਨਾਂ ਜਾਂ ਕਿਸਾਨ ਜਥੇਬੰਦੀਆਂ ਨਾਲ ਮਿਲਦੇ ਨਹੀਂ ਦੇਖਿਆ। ਦਿੱਲੀ ਜਾਣ ਬਾਰੇ ਉਨ੍ਹਾਂ ਦੀ ਜਥੇਬੰਦੀ ਦਾ ਕੀ ਇਰਾਦਾ ਹੈ ਤਾਂ ਟਿਕੈਤ ਨੇ ਕਿਹਾ ਕਿ ਦਿੱਲੀ 61000 ਵੋਲਟ ਵਾਂਗ ਹੈ ਤੇ ਉਨ੍ਹਾਂ ਦਾ ਅਜੇ ਦਿੱਲੀ ਜਾਣ ਦਾ ਕੋਈ ਇਰਾਦਾ ਨਹੀਂ ਹੈ।

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਮੁੱਖ-ਮੰਤਰੀ ਮਾਨ ਵਲੋਂ ਰੋਡ ਸ਼ੋਅ: ‘ਆਪ’ ਸਰਕਾਰ ਨੇ ਢਾਈ ਸਾਲਾਂ ਵਿੱਚ ਇਤਿਹਾਸਕ ਕੰਮ ਕੀਤੇ

admin

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨਾਲ ਮੀਟਿੰਗ !

admin