Punjab

ਸੰਸਦ ਮੈਂਬਰ ਮਨੋਜ ਤਿਵਾੜੀ ਦਾ ਆਪ ‘ਤੇ ਹਮਲਾ

ਚੰਡੀਗੜ੍ਹ – ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੰਡੀਗੜ੍ਹ ’ਚ ਕੀਤੇ ਗਏ ਐਲਾਨਾਂ ਦੇ ਮੁੱਦਿਆਂ ’ਤੇ ਘੇਰਦਿਆਂ ਕਿਹਾ ਕਿ ਉਹ ਵਿਜ਼ਨਲੈੱਸ ਤੇ ਵਿਭਾਗਲੈੱਸ ਮੁੱਖ ਮੰਤਰੀ ਹਨ। ਕੇਜਰੀਵਾਲ ਦੀ ਪੁਰਾਣੀ ਆਦਤ ਹੈ ਕਿ ਉਹ ਇਕ ਹੀ ਝੂਠ ਨੂੰ ਸੌ ਵਾਰ ਬੋਲਦੇ ਹਨ। ਇਸ ਦੌਰਾਨ ਉਹ ਇਹ ਸਮਝਦੇ ਹਨ ਕਿ ਲੋਕ ਉਨ੍ਹਾਂ ਦੇ ਝੂਠ ਨੂੰ ਸੱਚ ਮੰਨਣ ਲੱਗ ਜਾਣਗੇ। ਤਿਵਾੜੀ ਚੰਡੀਗੜ੍ਹ ਦੌਰੇ ਦੌਰਾਨ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨਾਲ ਭਾਜਪਾ ਪ੍ਰਧਾਨ ਅਰੁਣ ਸੂਦ, ਪਾਰਟੀ ਦੇ ਬੁਲਾਰੇ ਕੈਲਾਸ਼ ਜੈਨ, ਬਿਹਾਰ ਤੋਂ ਪਾਰਟੀ ਦੇ ਸੀਨੀਅਰ ਆਗੂ ਪ੍ਰਮੋਦ ਕੁਮਾਰ, ਦਿੱਲੀ ਭਾਜਪਾ ਸਕੱਤਰ ਇਸ਼ਪ੍ਰੀਤ ਬਕਸ਼ੀ, ਦਿੱਲੀ ਭਾਜਪਾ ਮੀਡੀਆ ਇੰਚਾਰਜ ਨੀਲਕੰਠ ਵੀ ਮੌਜੂਦ ਸਨ।ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ’ਚ ਕੂੜੇ ਦਾ ਪਹਾੜ ਖ਼ਤਮ ਕਰਨ ਦਾ ਦਾਅਵਾ ਕਰਨ ਵਾਲਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਇਹ ਦੱਸਣ ਦੀ ਖੇਚਲ ਕਰਨ ਕਿ ਕੀ ਦਿੱਲੀ ’ਚ ਕੂੜੇ ਦਾ ਪਹਾੜ ਖ਼ਤਮ ਹੋ ਗਿਆ ਹੈ। ਦਿੱਲੀ ’ਚ ਕੂੜੇ ਦਾ ਪਹਾੜ ਖ਼ਤਮ ਕਰਨ ਲਈ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੀਤਾ ਹੈ। ਮਨੋਜ ਤਿਵਾੜੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ‘ਆਪ’ ਸਰਕਾਰ ’ਤੇ ਦਿੱਲੀ ਜਲ ਬੋਰਡ ’ਚ 60 ਹਜ਼ਾਰ ਕਰੋੜ ਦੇ ਗਬਨ ਦਾ ਦੋਸ਼ ਹੈ। ਭਾਜਪਾ ਦੀ ਮੁਸਤੈਦੀ ਨਾਲ ਇਕ ਹਸਪਤਾਲ ਨਿਰਮਾਣ ’ਚ 13 ਹਜ਼ਾਰ ਕਰੋੜ ਦੇ ਘੁਟਾਲੇ ਨੂੰ ਅੰਜ਼ਾਮ ਤਕ ਪਹੁੰਚਾਉਣ ਤੋਂ ਪਹਿਲਾਂ ਹੀ ਬੇਨਕਾਬ ਕਰ ਦਿੱਤਾ ਗਿਆ ਹੈ। ਭਾਜਪਾ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਦਿੱਲੀ ’ਚ ਭਾਜਪਾ ਦੇ ਐੱਮਪੀ ਆਪਣੇ ਕੋਟੇ ’ਚੋਂ ਸੀਸੀਟੀਵੀ ਕੈਮਰੇ ਲਗਵਾ ਰਹੇ ਹਨ, ਜਿਨ੍ਹਾਂ ਨੂੰ ਕੇਜਰੀਵਾਲ ਦੂਸਰੇ ਸੂਬਿਆਂ ’ਚ ਜਾ ਕੇ ਆਪਣੀ ਉਪਲਬਧੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਫ੍ਰੀ ਪਾਣੀ ਦੇਣ ਦਾ ਵਾਅਦਾ ਕਰਨ ਵਾਲੀ ‘ਆਪ’ ਦਿੱਲੀ ’ਚ ਇਥੇ ਨਾਲੋਂ ਕਈ ਗੁਣਾ ਮਹਿੰਗੇ ਰੇਟ ’ਤੇ ਪਾਣੀ ਵੇਚ ਰਹੀ ਹੈ ਅਤੇ 80 ਫ਼ੀਸਦੀ ਲੋਕ ਬਿਜਲੀ ਦਾ ਤਿੰਨ ਗੁਣਾ ਜ਼ਿਆਦਾ ਬਿੱਲ ਦੇ ਰਹੇ ਹਨ।ਮਨੋਜ ਤਿਵਾੜੀ ਨੇ ਚੰਡੀਗੜ੍ਹ ’ਚ ਚਲਾਈਆਂ ਜਾ ਰਹੀਆਂ ਇਲੈਕਟ੍ਰੋਨਿਕ ਬੱਸਾਂ ਲਈ ਭਾਜਪਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦਿੱਲੀ ’ਚ ਕਿੰਨੀਆਂ ਇਲੈਕਟ੍ਰੋਨਿਕ ਬੱਸਾਂ ਚਲਾਈਆਂ ਹਨ। ਉਨ੍ਹਾਂ ਦਿੱਲੀ ’ਚ ਸਿਹਤ ਸਹੂਲਤਾਂ ਪੂਰੀ ਤਰ੍ਹਾਂ ਨਾਲ ਫੇਲ੍ਹ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਅੱਜ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੇ ਹਨ। ਇਸ ਲਈ ਕੇਜਰੀਵਾਲ ਨੇ ਹੁਣ ਮੁਹੱਲਾ ਕਲੀਨਿਕਾਂ ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ। ਭਾਜਪਾ ਸੰਸਦ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੈਨਸ਼ਨ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਕਿ ਚੰਡੀਗੜ੍ਹ ’ਚ ਭਾਜਪਾ ਨੇ ਆਪਣੇ ਘੋਸ਼ਣਾ-ਪੱਤਰ ’ਚ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ ਪਰ ਦਿੱਲੀ ਅਜਿਹਾ ਪਹਿਲਾਂ ਸੂਬਾ ਹੈ ਜਿਥੇ ਪੈਨਸ਼ਨ ਬੰਦ ਹੋ ਚੁੱਕੀ ਹੈ।

ਇਸ ਦੌਰਾਨ ਮਨੋਜ ਤਿਵਾੜੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਦਿੱਲੀ ਐੱਮਸੀਡੀ ’ਤੇ ਤਾਂ ਭਾਜਪਾ ਕਾਬਜ਼ ਹੈ ਤੇ ਫਿਰ ਦਿੱਲੀ ਦਾ ਕੂੜੇ ਦਾ ਪਹਾੜ ਉਥੋਂ ਦੀ ਸਰਕਾਰ ਦੀ ਬਜਾਏ ਮਿਉਂਸਪਲ ਕਾਰਪੋਰੇਸ਼ਨ ਦੇ ਖਾਤੇ ’ਚ ਨਹੀਂ ਪਾਇਆ ਜਾਵੇਗਾ। ਇਸ ਮੁੱਦੇ ’ਤੇ ਮਨੋਜ ਤਿਵਾੜੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ਦੌਰਾਨ ਤਿਵਾੜੀ ਨੇ ਦਿੱਲੀ ’ਚ ਪਾਣੀ ਤੇ ਮਹਿੰਗੀ ਬਿਜਲੀ ਦੇ ਮੁੱਦੇ ਵੀ ਉਛਾਲਣ ਦੀ ਕੋਸ਼ਿਸ਼ ਕੀਤੀ ਪਰ ਦਿੱਲੀ ’ਚ ਪਾਣੀ ਫ੍ਰੀ ਹੈ ਜਦਕਿ ਘਰੇਲੂ ਬਿਜਲੀ ਦੇ ਹਰ ਘਰ ਨੂੰ ਦੋ ਸੌ ਯੂਨਿਟ ਫੀ੍ਰ ਹਨ। ਇਸ ਬਾਰੇ ਵੀ ਤਿਵਾੜੀ ਤੇ ਦਿੱਲੀ ਤੋਂ ਭਾਜਪਾ ਦੇ ਮੀਡੀਆ ਇੰਚਾਰਜ ਨੀਲਕੰਠ ਕੋਲ ਕੋਈ ਢੁੱਕਵਾਂ ਜਵਾਬ ਨਹੀਂ ਸੀ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin