ਤੇਲ ਅਵੀਵ – ਫ਼ਿਲਸਤੀਨੀ ਅਤਿਵਾਦੀ ਸੰਗਠਨ ਹਮਾਸ ਨਾਲ ਇਜ਼ਰਾਇਲ ਦੀ ਜੰਗ ਐਤਵਾਰ ਨੂੰ 6ਵੇਂ ਮਹੀਨੇ ’ਚ ਦਾਖਲ ਹੋ ਗਈ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਅਤਿਵਾਦੀਆਂ ਨੇ ਇਜ਼ਰਾਇਲ ਦੀ ਸਰਹੱਦ ’ਚ ਦਾਖਲ ਹੋ ਕੇ ਜੁਲਮ ਢਾਹੁੰਦਿਆਂ ਲੱਗਭਗ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਤੇ 253 ਲੋਕਾਂ ਨੂੰ ਅਗਵਾ ਕਰ ਕੇ ਗਾਜ਼ਾ ਲੈ ਗਏ ਸਨ। ਹਮਾਸ ਵਲੋਂ ਕੀਤੀ ਗਈ ਹਿੰਸਾ ਦਾ ਬਦਲਾ ਲੈਣ ਲਈ ਇਜ਼ਰਾਇਲ ਗਾਜ਼ਾ ’ਚ ਹਮਾਸ ਵਿਰੁੱਧ ਵੱਡੇ ਹਮਲੇ ਕਰ ਰਿਹਾ ਹੈ। ਕੱੁਝ ਬੰਦੀਆਂ ਦੀ ਰਿਹਾਈ ਤੋਂ ਬਾਅਦ ਹਾਲੇ ਵੀ ਗਾਜ਼ਾ ’ਚ 130 ਬੰਦੀਆਂ ਦੇ ਬਾਕੀ ਰਹਿਣ ਦੀ ਸੂਚਨਾ ਹੈ। ਇਜ਼ਰਾਇਲ ਨੇ ਹਾਲ ਹੀ ’ਚ 34 ਬੰਦੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਜੰਗ ਦੇ 6ਵੇਂ ਮਹੀਨੇ ’ਚ ਦਾਖਲ ਹੋਣ ਦੇ ਮੌਕੇ ’ਤੇ ਆਈ. ਡੀ. ਐੱਫ਼. ਨੇ ਗਾਜ਼ਾ ਪੱਟੀ, ਵੈਸਟ ਬੈਂਕ ਤੇ ਲਿਬਨਾਨ ’ਚ ਆਪਣੀਆਂ ਫ਼ੌਜੀ ਕਾਰਵਾਈਆਂ ਦੇ ਨਵੇਂ ਅੰਕੜੇ ਪ੍ਰਕਾਸ਼ਿਤ ਕੀਤੇ ਹਨ, ਜਿਸ ’ਚ ਮਾਰੇ ਗਏ ਅਤਿਵਾਦੀ ਕਾਰਕੁੰਨਾਂ ਦੀ ਗਿਣਤੀ ਤੋਂ ਲੈ ਕੇ ਹਮਲਿਆਂ ਰਾਹੀਂ ਨਿਸ਼ਾਨਾ ਬਣਾਏ ਗਏ ਸਥਾਨਾਂ ਦੀ ਗਿਣਤੀ ਤਕ ਸਭ ਕੱੁਝ ਦੱਸਿਆ ਗਿਆ ਹੈ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗਾਜਾ ਪੱਟੀ ’ਚ ਲੱਗਭਗ 32,000 ਟੀਚਿਆਂ ’ਤੇ ਹਮਲੇ ਕੀਤੇ ਗਏ ਹਨ, ਜਿਨ੍ਹਾਂ ’ਚ 3,600 ਤੋਂ ਵੱਧ ਉਹ ਸਾਮਲ ਹਨ, ਜੋ ਲੜਾਈ ਦੌਰਾਨ ਹਮਾਸ ਦੇ ਟਿਕਾਣਿਆਂ ਵਜੋਂ ਲੱਭੇ ਗਏ ਸਨ।ਅੰਕੜਿਆਂ ਅਨੁਸਾਰ ਜੰਗ ਦੀ ਸ਼ੁਰੂਆਤ ਤੋਂ ਹੀ ਗਾਜ਼ਾ ਪੱਟੀ ’ਚ ਆਈ. ਡੀ. ਐੱਫ਼. ਵਲੋਂ ਹਮਾਸ ਦੇ 13,000 ਤੋਂ ਵੱਧ ਕਾਰਕੁੰਨ ਤੇ ਹੋਰ ਅਤਿਵਾਦੀ ਸਮੂਹਾਂ ਦੇ ਮੈਂਬਰ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਅਕਤੂਬਰ ਨੂੰ ਇਜ਼ਰਾਇਲ ਅੰਦਰ ਤਕਰੀਬਨ 1,000 ਅਤਿਵਾਦੀ ਮਾਰੇ ਗਏ ਹਨ।
ਆਈ. ਡੀ. ਐੱਫ਼. ਦੇ ਅੰਕੜਿਆਂ ਮੁਤਾਬਕ ਫ਼ੌਜ ਨੇ ਹਮਾਸ ਦੇ 5 ਬ੍ਰਿਗੇਡ ਕਮਾਂਡਰਾਂ ਤੇ ਬਰਾਬਰ ਰੈਂਕ ਦੇ ਕਮਾਂਡਰਾਂ ਦੇ ਨਾਲ-ਨਾਲ 20 ਤੋਂ ਵੱਧ ਬਟਾਲੀਅਨ ਕਮਾਂਡਰਾਂ ਨੂੰ ਵੀ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਹਮਾਸ ਦੇ 100 ਤੋਂ ਵੱਧ ਕੰਪਨੀ ਕਮਾਂਡਰ ਤੇ ਬਰਾਬਰ ਰੈਂਕ ਦੇ ਆਪ੍ਰੇਟਿਵ ਵੀ ਮਾਰੇ ਗਏ ਹਨ। ਦਲਬਨਾਨ ’ਚ 330 ਤੋਂ ਵੱਧ ਅਤਿਵਾਦੀ ਮਾਰੇ ਗਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਇਰਾਨ ਸਮਰਥਿਤ ਹਿਜਬੁੱਲਾ ਦੇ ਮੈਂਬਰ ਹਨ। ਇਸ ਗਿਣਤੀ ’ਚ 30 ਹਿਜਬੁੱਲਾ ਕਮਾਂਡਰ ਸ਼ਾਮਲ ਹਨ।
ਅੰਕੜਿਆਂ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗਾਜ਼ਾ ਤੋਂ ਲੱਗਭਗ 9,100 ਤੇ ਲਿਬਨਾਨ ਤੋਂ 3,100 ਤੇ ਸੀਰੀਆ ਤੋਂ 35 ਮਿਜ਼ਾਇਲਾਂ ਦਾਗੀਆਂ ਗਈਆਂ ਹਨ। ਵੈਸਟ ਬੈਂਕ ’ਚ ਆਈ. ਡੀ. ਐੱਫ਼. ਨੇ 3,700 ਤੋਂ ਵੱਧ ਫ਼ਿਲਸਤੀਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ 1,600 ਤੋਂ ਵੱਧ ਹਮਾਸ ਨਾਲ ਸਬੰਧਤ ਹਨ। ਫ਼ੌਜੀਆਂ ਨੇ ਵੈਸਟ ਬੈਂਕ ’ਚ 420 ਬੰਦੂਕਧਾਰੀਆਂ ਨੂੰ ਵੀ ਮਾਰ ਦਿੱਤਾ ਹੈ।
ਗਾਜ਼ਾ ’ਚ ਸਿਹਤ ਮੰਤਰਾਲੇ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 33,175 ਲੋਕ ਮਾਰੇ ਜਾ ਚੁੱਕੇ ਹਨ। ਮੰਤਰਾਲੇ ਮੁਤਾਬਕ ਮਰਨ ਵਾਲਿਆਂ ’ਚ ਦੋ ਤਿਹਾਈ ਬੱਚੇ ਤੇ ਔਰਤਾਂ ਹਨ। ਹੋਰ 75,886 ਜ਼ਖ਼ਮੀ ਹੋਏ ਹਨ। 7 ਅਕਤੂਬਰ ਤੋਂ ਹੁਣ ਤੱਕ 604 ਇਜ਼ਰਾਇਲੀ ਫ਼ੌਜੀ ਲੜਾਈ ’ਚ ਮਾਰੇ ਗਏ ਹਨ, ਜਿਨ੍ਹਾਂ ’ਚ 260 ਗਾਜ਼ਾ ’ਚ ਜ਼ਮੀਨੀ ਜੰਗ ’ਚ ਮਾਰੇ ਗਏ।
4 ਮਹੀਨਿਆਂ ਦੀ ਲੜਾਈ ਤੋਂ ਬਾਅਦ ਗਾਜ਼ਾ ਪੱਟੀ ਤੋਂ ਸਾਰੇ ਜ਼ਮੀਨੀ ਇਜ਼ਰਾਇਲੀ ਫ਼ੌਜੀ ਪਰਤੇ
ਇਜ਼ਰਾਇਲੀ ਰੱਖਿਆ ਬਲਾਂ ਨੇ ਖਾਨ ਯੂਨਿਸ ਖੇਤਰ ’ਚ 4 ਮਹੀਨਿਆਂ ਦੀ ਲੜਾਈ ਤੋਂ ਬਾਅਦ ਦੱਖਣੀ ਗਾਜ਼ਾ ਪੱਟੀ ਤੋਂ ਸਾਰੀਆਂ ਜ਼ਮੀਨੀ ਫ਼ੌਜਾਂ ਨੂੰ ਵਾਪਸ ਬੁਲਾ ਲਿਆ ਹੈ। ਆਈ. ਡੀ. ਐੱਫ਼. ਨੇ ਆਪਣੀਆਂ ਫ਼ੌਜਾਂ ਨੂੰ ਵਾਪਸ ਲੈ ਲਿਆ। ਸਿਰਫ਼ ਇੱਕ ਬ੍ਰਿਗੇਡ ‘ਨਾਹਲ ਬ੍ਰਿਗੇਡ’ ਇਸ ਸਮੇਂ ਗਾਜ਼ਾ ਪੱਟੀ ’ਚ ਹੈ। ਨਾਹਲ ਬ੍ਰਿਗੇਡ ਨੂੰ ਨੇਟਜਾਰਿਮ ਕੋਰੀਡੋਰ ਨੂੰ ਸੁਰੱਖ਼ਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਕੋਰੀਡੋਰ ਆਈ. ਡੀ. ਐੱਫ਼. ਨੂੰ ਉੱਤਰੀ ਤੇ ਮੱਧ ਗਾਜ਼ਾ ’ਚ ਛਾਪੇਮਾਰੀ ਕਰਨ ਦੇ ਯੋਗ ਬਣਾਉਂਦਾ ਹੈ ਤੇ ਫ਼ਿਲਸਤੀਨੀਆਂ ਨੂੰ ਪੱਟੀ ਦੇ ਉੱਤਰੀ ਹਿੱਸੇ ’ਚ ਵਾਪਸ ਜਾਣ ਤੋਂ ਰੋਕਦਾ ਹੈ।
previous post
