Punjab

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਧੜੇ ਦਾ ਦਬਦਬਾ !

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਕਰੀਬ 11 ਸਾਲ ਬਾਅਦ ਹੋਈਆਂ ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਦੇ ਧੜੇ ਦਾ ਦਬਦਬਾ ਰਿਹਾ।

ਚੰਡੀਗੜ੍ਹ – ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਕਰੀਬ 11 ਸਾਲ ਬਾਅਦ ਹੋਈਆਂ ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਦੇ ਧੜੇ ਦਾ ਦਬਦਬਾ ਰਿਹਾ। ਸੰਤ ਬਲਜੀਤ ਸਿੰਘ ਦਾਦੂਵਾਲ ਇਸ ਚੋਣ ਵਿਚ ਹਾਰ ਗਏ ਜਦਕਿ ਦੀਦਾਰ ਸਿੰਘ ਨਲਵੀ ਬਹੁਤ ਘੱਟ ਵੋਟਾਂ ਨਾਲ ਚੋਣ ਜਿੱਤ ਸਕੇ ਹਨ। ਬਲਦੇਵ ਸਿੰਘ ਕਾਇਮਪੁਰੀ ਨੇ ਹਾਲਾਂਕਿ ਖ਼ੁਦ ਚੋਣ ਨਹੀਂ ਲੜੀ ਪਰ ਉਨ੍ਹਾਂ ਦੇ ਧੜੇ ਦੇ ਕੁਝ ਮੈਂਬਰਾਂ ਨੇ ਹੀ ਕਮੇਟੀ ਦੀ ਚੋਣ ਵਿਚ ਜਿੱਤ ਦਰਜ ਕਰਵਾਈ ਹੈ। ਹਰਿਆਣਾ ਸਿੱਖ ਏਕਤਾ ਦਲ ਨੇ ਸੂਬੇ ਦੇ 40 ਵਾਰਡਾਂ ਵਿਚ ਹੋਈਆਂ ਚੋਣਾਂ ਵਿਚ ਸੱਤ ਉਮੀਦਵਾਰਾਂ ਨੂੰ ਆਪਣਾ ਸਮਰਥਨ ਦਿੱਤਾ ਸੀ, ਜਿਸ ਵਿਚੋਂ ਪੰਜ ਦੀ ਜਿੱਤ ਹੋਈ ਹੈ। ਬਲਜੀਤ ਸਿੰਘ ਦਾਦੂਵਾਲ, ਦੀਦਾਰ ਸਿੰਘ ਨਲਵੀ ਅਤੇ ਜਦੀਸ਼ ਸਿੰਘ ਝੀਂਡਾ ਵੱਖ-ਵੱਖ ਸਮੇਂ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਐਤਵਾਰ ਨੂੰ ਸਵੇਰੇ ਅੱਠ ਵਜੇ ਵੋਟਿੰਗ ਆਰੰਭੀ ਹੋਈ, ਜੋ ਕਿ ਸ਼ਾਮ ਪੰਜ ਵਜੇ ਤੱਕ ਚੱਲੀ। ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਨੂੰ 40 ਵਾਰਡਾਂ ਵਿਚ ਵੰਡਿਆ ਗਿਆ ਸੀ। 40 ਮੈਂਬਰਾਂ ਦੀ ਚੋਣ ਤੋਂ ਬਾਅਦ ਇਨ੍ਹਾਂ ਵਿਚੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਣੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਹੁਣ ਤੋਂ ਪਹਿਲਾਂ ਐੱਸਜੀਪੀਸੀ ਤਹਿਤ ਹਰਿਆਣਾ ਤੋਂ ਮੈਂਬਰ ਚੁਣੇ ਜਾਂਦੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਜ਼ਾਦ ਚੋਣਾਂ ਹੋਈਆਂ ਹਨ। ਕਮੇਟੀ ਦੀ ਚੋਣ ਵਿਚ 69.37 ਫ਼ੀਸਦੀ ਵੋਟਿੰਗ ਹੋਈ ਹੈ। ਸਭ ਤੋਂ ਵੱਧ 78.56 ਫ਼ੀਸਦੀ ਵੋਟਿੰਗ ਡਬਵਾਲੀ ਵਿਚ ਹੋਈ ਜਦਕਿ ਰਤੀਆ ਵਿਚ 76.11 ਫ਼ੀਸਦੀ ਵੋਟਾਂ ਪਈਆਂ। ਰਤਨਗੜ੍ਹ ਵਿਚ 74.2, ਕਾਂਗਠਲੀ ਵਿਚ 73.68, ਰਾਣੀਆਂ ਵਿਚ 75.03 ਅਤੇ ਨਾਥੂਸਰੀ ਚੌਪਟਾ ਵਿਚ 76.73 ਫ਼ੀਸਦੀ ਸਿੱਖ ਵੋਟਰਾਂ ਨੇ ਵੋਟਿੰਗ ਕੀਤੀ। ਇਸ ਚੋਣ ਨੂੰ ਲੈ ਕੇ ਸੂਬੇ ਦੇ ਸਿੱਖ ਵੋਟਰਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਔਰਤਾਂ ਸਣੇ ਨੌਜਵਾਨ ਵੋਟਰਾਂ ਨੇ ਇਸ ਚੋਣ ਵਿਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।

ਇਸ ਚੋਣ ਵਿਚ ਚਾਰ ਪ੍ਰਮੁੱਖ ਸਿੱਖ ਆਗੂਆਂ ਸੰਤ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕਾਇਮਪੁਰੀ ਅਤੇ ਦੀਦਾਰ ਸਿੰਘ ਨਲਵੀ ਧੜਿਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਸੀ। ਦਾਦੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜੀ ਜਦਕਿ ਝੀਂਡਾ ਦੀ ਟੀਮ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ। ਕਾਇਮਪੁਰੀ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਤਾਲ ਠੋਕੀ ਸੀ ਜਦਕਿ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਿੱਖ ਸਮਾਜ ਸੰਸਥਾ ਦੇ ਉਮੀਦਵਾਰਾਂ ਵਜੋਂ ਮੈਦਾਨ ਵਿਚ ਉਤਰੇ ਸਨ। ਕਾਲਾਂਵਲੀ ਦੇ ਵਾਰਡ 35 ਤੋਂ ਚੋਣ ਲੜਨ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਹਾਰ ’ਤੇ ਸਿੱਖ ਸੰਗਤ ਹੈਰਾਨੀ ਵਿਚ ਹੈ। ਉਨ੍ਹਾਂ ਦੀ 1771 ਵੋਟਾਂ ਨਾਲ ਹਾਰ ਹੋਈ ਹੈ। ਉਨ੍ਹਾਂ ਨੂੰ ਹਰਾਉਣ ਵਾਲੇ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ ਦੀ ਉਮਰ ਸਿਰਫ਼ 28 ਸਾਲ ਹੈ। ਖ਼ਾਲਸਾ ਨੂੰ 4814 ਵੋਟਾਂ ਮਿਲੀਆਂ ਹਨ ਜਦਕਿ ਦਾਦੂਵਾਲ ਨੂੰ 3147 ਵੋਟਾਂ ਮਿਲੀਆਂ। ਸ਼ਾਹਬਾਦ ਦੇ ਵਾਰਡ 13 ਤੋਂ ਦੀਦਾਰ ਸਿੰਘ ਨਲਵੀ ਸਿਰਫ਼ 200 ਵੋਟਾਂ ਨਾਲ ਹੀ ਚੋਣ ਜਿੱਤ ਸਕੇ ਜਦਕਿ ਅਸੰਦ ਦੇ ਵਾਰਡ 18 ਤੋਂ ਜਗਦੀਸ਼ ਸਿੰਘ ਝੀਂਡਾ ਚੋਣ ਜਿੱਤੇ। ਝੀਂਡਾ ਆਪਣੇ ਜ਼ਿਆਦਾਤਰ ਉਮੀਦਵਾਰਾਂ ਨੂੰ ਚੋਣ ਜਿਤਾਉਣ ਵਿਚ ਕਾਮਯਾਬ ਰਹੇ। ਹਰਿਆਣਾ ਸਿੱਖ ਏਕਤਾ ਦਲ ਦੇ ਮੈਂਬਰ ਪ੍ਰਿਤਪਾਲ ਸਿੰਘ ਪੰਨੂ ਮੁਤਾਬਕ ਉਨ੍ਹਾਂ ਦੇ ਸੱਤ ਵਿਚੋਂ ਪੰਜ ਉਮੀਦਵਾਰ ਚੋਣ ਜਿੱਤੇ ਹਨ। ਇੱਧਰ, ਬਿਲਾਸਪੁਰ ਵਾਰਡ 10 ਤੋਂ ਬਲਦੇਵ ਸਿੰਘ ਕਾਇਮਪੁਰੀ 247 ਵੋਟਾਂ ਨਾਲ ਚੋਣ ਜਿੱਤੇ।

ਇਨ੍ਹਾਂ ਚੋਣਾਂ ਵਿਚ ਨੋਟਾ ਦਾ ਇਸਤੇਮਾਲ ਵੀ ਹੋਇਆ। ਈਵੀਐੱਮ ਰਾਹੀਂ ਪਈਆਂ ਵੋਟਾਂ ਵਿਚ ਵੀਵੀਪੈਟ ਦਾ ਇਸਤੇਮਾਲ ਨਹੀਂ ਕੀਤਾ ਗਿਆ। 40 ਵਾਰਡਾਂ ਵਿਚੋਂ ਸਭ ਤੋਂ ਵੱਧ ਸਿਰਸਾ ਜ਼ਿਲ੍ਹੇ ਵਿਚ ਨੌਂ ਵਾਰਡ ਸਨ ਜਦਿਕ 406 ਬੂਥਾਂ ਵਿਚੋਂ 94 ਬੂਥ ਸਿਰਫ਼ ਸਿਰਸਾ ਵਿਚ ਹੀ ਸਨ। ਚੋਣ ਮੈਦਾਨ ਵਿਚ 164 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਇਆ, ਜਿਨ੍ਹਾਂ ਵਿਚੋਂ 40 ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਨੌਂ ਮੈਂਬਰ ਨਾਮਜ਼ਦ ਕੀਤੇ ਜਾਣਗੇ। ਇਨ੍ਹਾਂ 164 ਉਮੀਦਵਾਰਾਂ ਵਿਚ ਸੱਤ ਮਹਿਲਾ ਉਮੀਦਵਾਰ ਅਤੇ 157 ਪੁਰਸ਼ ਉਮੀਦਵਾਰਾਂ ਨੇ ਚੋਣਾਂ ਵਿਚ ਕਿਸਮਤ ਅਜ਼ਮਾਈ।

Related posts

ਹਲਾਲ ਸਰਟੀਫਿਕੇਟ ਵਾਲੇ ਉਤਪਾਦਾਂ ਲਈ ਜ਼ਿਆਦਾ ਕੀਮਤ ਕਿਉਂ ਅਦਾ ਕਰਨੀ ਪੈਂਦੀ ਹੈ ?

admin

ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕਬੱਡੀ ਖਿਡਾਰੀ ਗ੍ਰਿਫਤਾਰ !

admin

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ: ਸੱਤ ਮੈਂਬਰੀ ਕਮੇਟੀ ਨਜ਼ਰਅੰਦਾਜ਼ !

admin