Articles

ਹਰ ਗੁਆਂਢੀ ਮੁਲਕ ਨਾਲ ਸਰਹੱਦੀ ਝਗੜਾ ਚੱਲ ਰਿਹਾ ਹੈ ਚੀਨ ਦਾ !

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਚੀਨ ਏਸ਼ੀਆ ਦਾ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦੀ ਗੁਆਂਢੀ ਮੁਲਕਾਂ ਦਾ ਇਲਾਕਾ ਹੜੱਪਣ ਦੀ ਭੁੱਖ ਕਦੇ ਵੀ ਸ਼ਾਂਤ ਨਹੀਂ ਹੁੰਦੀ। ਇਸ ਦੀ 22117 ਕਿ.ਮੀ. ਲੰਬੀ ਸਰਹੱਦ ਭਾਰਤ, ਰੂਸ, ਮੰਗੋਲੀਆ, ਪਾਕਿਸਤਾਨ, ਨੇਪਾਲ, ਭੁਟਾਨ, ਬਰਮਾ, ਅਫਗਾਨਿਸਤਾਨ, ਉੱਤਰੀ ਕੋਰੀਆ, ਕਜ਼ਾਕਿਸਤਾਨ, ਕਿਰਗਿਜ਼ਸਤਾਨ, ਲਾਉਸ ਅਤੇ ਤਾਜ਼ਿਕਸਤਾਨ ਨਾਲ ਲੱਗਦੀ ਹੈ। ਉੱਤਰੀ ਕੋਰੀਆ, ਬਰਮਾ, ਮੰਗੋਲੀਆ ਅਤੇ ਪਾਕਿਸਤਾਨ ਨੂੰ ਛੱਡ ਕੇ ਚੀਨ ਬਾਕੀ ਸਾਰੇ ਦੇਸ਼ਾਂ ਦੇ ਕਿਸੇ ਨਾ ਕਿਸੇ ਇਲਾਕੇ ‘ਤੇ ਦਾਅਵਾ ਕਰੀ ਹੀ ਰੱਖਦਾ ਹੈ। ਇਸ ਕਾਰਨ ਇਸ ਦੀਆਂ ਭਾਰਤ, ਵੀਅਤਨਾਮ ਅਤੇ ਰੂਸ ਨਾਲ ਖੂਨੀ ਜੰਗਾਂ ਹੋ ਚੁੱਕੀਆਂ ਹਨ ਤੇ ਝੜਪਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਹਨ। 1945 ਵਿੱਚ ਚਿਆਂਗ ਕਾਈ ਸ਼ੇਕ ਨੇ ਰਾਜਸ਼ਾਹੀ ਦਾ ਖਾਤਮਾ ਕਰ ਕੇ ਚੀਨ ਵਿੱਚ ਲੋਕ ਰਾਜ ਕਾਇਮ ਕੀਤਾ ਗਿਆ ਸੀ ਤੇ 1950 ਵਿੱਚ ਮਾਉ ਜ਼ੇ ਤੁੰਗ ਦੀ ਅਗਵਾਈ ਵਿੱਚ ਰੂਸ ਦੀ ਮਦਦ ਨਾਲ ਚੀਨ ਵਿੱਚ ਕਮਿਊਨਿਸਟ ਰਾਹ ਸਥਾਪਿਤ ਹੋ ਗਿਆ। ਮਜ਼ਬੂਰ ਹੋ ਕੇ ਚਿਆਂਗ ਕਈ ਸ਼ੇਕ ਨੂੰ ਜਾਨ ਬਚਾਉਣ ਲਈ ਤਾਇਵਾਨ ਭੱਜਣਾ ਪਿਆ।

ਚੀਨ ਮੁੱਢ ਕਦੀਮ ਤੋਂ ਹੀ ਵਿਸਥਾਰਵਾਦੀ ਦੇਸ਼ ਰਿਹਾ ਹੈ ਪਰ ਕਮਿਊਨਿਸਟ ਰਾਜ ਕਾਇਮ ਹੋਣ ਤੋਂ ਬਾਅਦ ਤਾਂ ਇਸ ਦਾ ਵਤੀਰਾ ਕਮਜ਼ੋਰ ਦੇਸ਼ਾਂ ਨੂੰ ਕੁਝ ਜਿਆਦਾ ਹੀ ਡਰਾਉਣ ਧਮਕਾਉਣ ਵਾਲਾ ਹੋ ਗਿਆ ਹੈ। ਬਾਕੀ ਦੇਸ਼ਾਂ ਦੇ ਮੁਕਾਬਲੇ ਇਹ ਭਾਰਤ ਦੇ ਸਭ ਤੋਂ ਵੱਧ ਇਲਾਕੇ ‘ਤੇ ਦਆਵਾ ਕਰਦਾ ਹੈ ਤੇ ਪੂਰੇ ਅਰੁਣਾਚਲ ਪ੍ਰਦੇਸ਼ ਤੋਂ ਇਲਾਵਾ ਸਿੱਕਮ, ਅਕਸਾਈ ਚਿਨ੍ਹ ਅਤੇ ਲੱਦਾਖ ਦੇ ਹਜ਼ਾਰਾਂ ਕਿ.ਮੀ. ਇਲਾਕੇ ਨੂੰ ਚੀਨ ਦਾ ਹਿੱਸਾ ਸਮਝਦਾ ਹੈ। ਉਹ ਭਾਰਤ ਨਾਲ ਲੱਗਦੀ 3380 ਕਿ.ਮੀ. ਲੰਬੀ ਸਰਹੱਦ ਨੂੰ ਨਹੀਂ ਮੰਨਦਾ ਤੇ ਇਸ ਨੂੰ ਅੰਗਰੇਜ਼ਾਂ ਵੱਲੋਂ ਚੀਨ ਨਾਲ ਕੀਤਾ ਗਿਆ ਧੱਕਾ ਸਮਝਦਾ ਹੈ। ਉਸ ਨੇ ਅਰੁਣਾਚਲ ਪ੍ਰਦੇਸ਼ ਵਾਸੀਆਂ ਲਈ ਤਾਂ ਚੀਨ ਦਾ ਵੀਜ਼ਾ ਇਹ ਕਹਿ ਕੇ ਖਤਮ ਕਰ ਦਿੱਤਾ ਹੈ ਕਿ ਆਪਣੇ ਦੇਸ਼ ਵਿੱਚ ਆਉਣ ਲਈ ਵੀਜ਼ੇ ਦੀ ਜਰੂਰਤ ਨਹੀਂ ਹੈ। ਇਲਾਕਾ ਹੜੱਪਣ ਲਈ ਉਸ ਨੇ ਸਭ ਤੋਂ ਪਹਿਲਾ ਯੁੱਧ ਵੀ ਭਾਰਤ ਨਾਲ ਹੀ ਕੀਤਾ ਸੀ। 1962 ਵਿੱਚ ਦਲਾਈ ਲਾਮਾ ਦਾ ਬਹਾਨਾ ਬਣਾ ਕੇ ਇਸ ਨੇ ਅਚਾਨਕ ਭਾਰਤ ‘ਤੇ ਹਮਲਾ ਕਰ ਦਿੱਤਾ ਤੇ ਭੋਲੇ ਭਾਅ ਬੈਠੀ ਭਾਰਤੀ ਸੈਨਾ ਨੂੰ ਖਦੇੜ ਕੇ ਹਜ਼ਾਰਾਂ ਕਿ.ਮੀ. ਭਾਰਤੀ ਧਰਤੀ ‘ਤੇ ਕਬਜ਼ਾ ਜਮਾ ਲਿਆ ਜੋ ਅਜੇ ਤੱਕ ਇਸ ਦੇ ਅਧੀਨ ਹੈ। ਹੁਣ ਇਹ ਦੁਬਾਰਾ ਲਦਾਖ ਖੇਤਰ ਵਿੱਚ ਛੇੜਖਾਨੀ ਕਰ ਰਿਹਾ ਹੈ ਤੇ ਧੋਖੇ ਨਾਲ ਵੀਹ ਦੇ ਕਰੀਬ ਭਾਰਤੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਲੜਨ ਮਰਨ ਲਈ ਆਹਮੋ ਸਾਹਮਣੇ ਤਿਆਰ ਖੜ੍ਹੀਆਂ ਹਨ। ਭਾਰਤ ਤੋਂ ਇਲਾਵਾ ਹੇਠ ਲਿਖੇ ਦੇਸ਼ਾਂ ਨਾਲ ਵੀ ਚੀਨ ਇਲਾਕਾ ਹਥਿਆਉਣ ਲਈ ਜੰਗਾਂ ਕਰ ਚੁੱਕਾ ਹੈ।

ਤਾਇਵਾਨ – ਤਾਇਵਾਨ 1950 ਤੋਂ ਪਹਿਲਾਂ ਚੀਨ ਦਾ ਹੀ ਹਿੱਸਾ ਸੀ ਪਰ ਜਦੋਂ ਕਮਿਊਨਿਸਟ ਪਾਰਟੀ ਨੇ ਚਿਆਂਗ ਕਾਈ ਸ਼ੇਕ ਦੀ ਅਗਵਾਈ ਹੇਠਲੀ ਲੋਕਰਾਜੀ ਸਰਕਾਰ ਦਾ ਤਖਤਾ ਪਲਟਾ ਦਿੱਤਾ ਤਾਂ ਚਿਆਂਗ ਕਾਈ ਸ਼ੇਕ ਆਪਣੀ ਸਾਰੀ ਸਰਕਾਰ ਸਮੇਤ ਤਾਇਵਾਨ ਚਲਾ ਗਿਆ ਤੇ ਉਸ ਨੂੰ ਸੁਤੰਤਰ ਰਾਜ ਘੋਸ਼ਿਤ ਕਰ ਕੇ ਰਾਜ ਕਰਨ ਲੱਗ ਪਿਆ। ਉਸ ਵੇਲੇ ਚੀਨ ਅੱਜ ਜਿੰਨਾ ਮਜ਼ਬੂਤ ਨਹੀਂ ਸੀ ਤੇ ਕਈ ਮੁਸੀਬਤਾਂ ਨਾਲ ਜੂਝ ਰਿਹਾ ਸੀ। ਤਾਇਵਾਨ 36197 ਸੁਕੇਅਰ ਕਿ.ਮੀ. ਦਾ ਇੱਕ ਵੱਡਾ ਟਾਪੂ ਹੈ ਜੋ ਚੀਨ ਤੋਂ ਸਿਰਫ 160 ਕਿ.ਮੀ. ਦੂਰ ਹੈ।  ਚੀਨ ਅਜੇ ਤਾਇਵਾਨ ‘ਤੇ ਹਮਲਾ ਕਰਨ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਅਮਰੀਕਾ ਨੇ ਤਾਇਵਾਨ ਨੂੰ ਆਪਣੀ ਸੁਰੱਖਿਆ ਹੇਠ ਲੈ ਕੇ ਆਪਣੀ ਫੌਜ ਤਾਇਨਾਤ ਕਰ ਦਿੱਤੀ। ਚੀਨ ਚਾਹ ਕੇ ਵੀ ਕੁਝ ਨਾ ਕਰ ਸਕਿਆ। ਤਾਇਵਾਨ ਅੱਜ ਵੀ ਅਮਰੀਕਾ ਦਾ ਕੱਟੜ ਸਾਥੀ ਹੈ ਤੇ ਚੀਨ ਦਾ ਘੋਰ ਵਿਰੋਧੀ। ਚੀਨ ਸਮੇਂ ਸਮੇਂ ‘ਤੇ ਉਸ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇਂਦਾ ਰਹਿੰਦਾ ਹੈ ਪਰ ਅਮਰੀਕਾ ਨਾਲ ਸਿੱਧੀ ਜੰਗ ਵਿੱਚ ਉਲਝ ਜਾਣ ਦੇ ਡਰੋਂ ਹਮਲਾ ਨਹੀਂ ਕਰ ਰਿਹਾ।

ਵੀਅਤਨਾਮ – ਵੀਅਤਨਾਮ ਨਾਲ ਵੀ ਚੀਨ ਦਾ ਸਰਹੱਦੀ ਝਗੜਾ ਬਹੁਤ ਗੰਭੀਰ ਰੂਪ ਅਖਤਿਆਰ ਕਰ ਗਿਆ ਸੀ। ਵੀਅਤਨਾਮ ਨੇ ਚੀਨ ਅਤੇ ਸੋਵੀਅਤ ਰੂਸ ਦੀ ਮਦਦ ਨਾਲ ਸੰਨ 1975  ਵਿੱਚ ਅਮਰੀਕਾ ਨੂੰ ਹਰਾ ਕੇ ਮੁਕੰਮਲ ਅਜ਼ਾਦੀ ਹਾਸਲ ਕੀਤੀ ਸੀ। ਪਰ ਜਲਦੀ ਹੀ ਚੀਨ ਆਪਣੀ ਆਦਤ ਮੁਤਾਬਕ ਉਸ ਦੇ ਇਲਾਕਿਆਂ ਸਾਉ ਬਾਂਗ, ਲਾਂਗ ਸੋਨ ਅਤੇ ਸਪਰੈਟਲੀ ਟਾਪੂਆਂ ‘ਤੇ ਅਧਿਕਾਰ ਜਤਾਉਣ ਲੱਗ ਪਿਆ। ਜਦੋਂ ਵੀਅਤਨਾਮ ਉਸ ਦੀਆਂ ਧਮਕੀਆਂ ਤੋਂ ਨਾ ਡਰਿਆ ਤਾਂ ਚੀਨ ਨੇ 17 ਫਰਵਰੀ 1979 ਨੂੰ ਵੀਅਤਨਾਮ ‘ਤੇ ਸਿੱਧਾ ਹਮਲਾ ਕਰ ਦਿੱਤਾ। ਇਹ ਲੜਾਈ 16 ਮਾਰਚ 1979 ਤੱਕ ਇੱਕ ਮਹੀਨਾ ਚੱਲੀ ਤੇ ਵੀਅਤਨਾਮੀ ਫੌਜ ਨੇ ਰੂਸੀ ਮਦਦ ਨਾਲ ਚੀਨ ਦਾ ਡਟ ਕੇ ਮੁਕਾਬਲਾ ਕੀਤਾ। ਜੰਗ ਵਿੱਚ ਚੀਨ ਦੇ 21000 ਅਤੇ ਵੀਅਤਨਾਮ ਦੇ 40000 ਸੈਨਿਕ ਮਾਰੇ ਗਏ। ਆਖਰ ਭਾਰੀ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਚੀਨ ਨੂੰ ਪਿੱਛੇ ਹਟਣਾ ਪਿਆ। ਪਰ ਉਸ ਨੇ ਸਾਉ ਬਾਂਗ ਅਤੇ ਲਾਂਗ ਸੋਨ ਦੇ ਇਲਾਕਿਆਂ ‘ਤੇ ਆਪਣਾ ਕਬਜ਼ਾ ਨਾ ਛੱਡਿਆ। ਸੰਨ 1992 ਵਿੱਚ ਚੀਨ ਅਤੇ ਵੀਅਤਨਾਮ ਦਰਮਿਆਨ ਸੰਧੀ ਹੋ ਗਈ ਤੇ ਚੀਨ ਨੇ ਕਬਜ਼ੇ ਵਿੱਚ ਲਏ ਕੁਝ ਇਲਾਕੇ ਵਾਪਸ ਕਰ ਦਿੱਤੇ। ਹੁਣ ਵੀ ਦੋਵਾਂ ਦੇਸ਼ਾਂ ਵਿੱਚ ਸਪਰੈਟਲੀ ਟਾਪੂਆਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ।

ਰੂਸ – ਰੂਸ ਦੇ ਸੂਬੇ ਸਾਇਬੇਰੀਆ ਦੀ ਵੀ ਚੀਨ ਦੇ ਸੂਬੇ ਮੰਚੂਰੀਆ ਨਾਲ 4210 ਕਿ.ਮੀ. ਲੰਬੀ ਹੱਦ ਲੱਗਦੀ ਹੈ। ਚੀਨ ਸਾਇਬੇਰੀਆ ਦੇ ਉਸੂਰੀ ਦਰਿਆ ਵਿਚਲੇ ਡੈਮੈਂਸਕੀ ਟਾਪੂ ‘ਤੇ ਦਾਅਵਾ ਕਰਦਾ ਸੀ ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ 2 ਮਾਰਚ 1969 ਨੂੰ ਜੰਗ ਛਿੜ ਪਈ ਜੋ 11 ਸਤੰਬਰ 1969 ਤੱਕ ਚੱਲੀ। ਇਸ ਦੌਰਾਨ ਰੂਸ ਦੇ 60 ਅਤੇ ਚੀਨ ਦੇ 800 ਸੈਨਿਕ ਮਾਰੇ ਗਏ। ਪਰ ਚੀਨ ਰੂਸ ਦਾ ਮੁਕਾਬਲਾ ਨਾ ਕਰ ਸਕਿਆ ਤੇ ਉਸ ਨੂੰ ਮਜ਼ਬੂਰਨ ਪਿੱਛੇ ਹਟਣਾ ਪਿਆ। ਇਸ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿੱਚ ਝੜਪਾਂ ਲਗਾਤਾਰ ਚੱਲਦੀਆ ਰਹੀਆਂ। ਆਖਰ 2004 ਵਿੱਚ ਹੋਈ ਸੰਧੀ ਕਾਰਨ ਰੂਸ ਨੇ ਚੀਨ ਨੂੰ ਕੁਝ ਟਾਪੂ ਦੇ ਦਿੱਤੇ ਤੇ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਹੋ ਗਈ।

ਜੰਗਾਂ ਤੋਂ ਇਲਾਵਾ ਵੀ ਇਸ ਦਾ ਅਨੇਕਾਂ ਦੇਸ਼ਾਂ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਜਪਾਨ ਨਾਲ ਚੀਨ ਦਾ ਬੇਅਬਾਦ ਸ਼ੈਨਕਾਪੂ ਟਾਪੂਆਂ ਦੇ ਸਵਾਲ ‘ਤੇ ਇੱਟ ਖੜੱਕਾ ਚੱਲ ਰਿਹਾ ਹੈ। ਸ਼ੈਨਕਾਕੂ ਟਾਪੂ ਸਦੀਆਂ ਤੋਂ ਜਪਾਨ ਦੇ ਕੰਟਰੋਲ ਹੇਠ ਹਨ ਪਰ ਚੀਨ ਉਨ੍ਹਾਂ ‘ਤੇ ਇਸ ਕਾਰਨ ਦਾਅਵਾ ਕਰਦਾ ਹੈ ਕਿ ਪੁਰਾਣੇ ਸਮੇਂ ਵਿੱਚ ਇਨ੍ਹਾਂ ਦੀ ਖੋਜ ਚੀਨੀ ਮਲਾਹਾਂ ਨੇ ਕੀਤੀ ਸੀ। ਦੋਵੇਂ ਦੇਸ਼ ਇੱਕ ਦੂਸਰੇ ਦੇ ਖਿਲਾਫ ਸਮੁੰਦਰੀ ਅਤੇ ਹਵਾਈ ਸੀਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਰਹਿੰਦੇ ਹਨ। ਜਪਾਨ ਦੀ ਸੁਰੱਖਿਆ ਅਮਰੀਕੀ ਫੌਜ ਹੇਠ ਹੋਣ ਕਾਰਨ ਚੀਨ ਅਜੇ ਤੱਕ ਟਾਪੂਆਂ ‘ਤੇ ਕਬਜ਼ਾ ਕਰਨ ਦਾ ਹੀਆ ਨਹੀਂ ਕਰ ਸਕਿਆ।

ਚੀਨ ਸਾਗਰ ਵਿੱਚ ਸਥਿੱਤ ਸਪਰੈਟਲੀ ਦੀਪ ਸਮੂਹ ਵਿੱਚ ਸੈਂਕੜੇ ਛੋਟੇ ਛੋਟੇ ਟਾਪੂ ਸ਼ਾਮਲ ਹਨ। ਇਹ ਟਾਪੂ ਖਣਿਜ ਤੇਲ ਅਤੇ ਮੱਛੀਆਂ ਦੀ ਦੌਲਤ ਨਾਲ ਭਰਪੂਰ ਹਨ ਤੇ ਪਿਛਲੇ ਸਾਲਾਂ ਵਿੱਚ ਇਥੇ ਤੇਲ ਅਤੇ ਕੁਦਰਤੀ ਗੈਸ ਦੇ ਅਥਾਹ ਭੰਡਾਰ ਮਿਲੇ ਹਨ। ਇਨ੍ਹਾਂ ਟਾਪੂਆਂ ‘ਤੇ ਚੀਨ, ਬਰੂਨੇਈ, ਫਿਲਪੀਨਜ਼, ਮਲੇਸ਼ੀਆ, ਇੰਡੋਨੇਸ਼ੀਆ ਅਤੇ ਵੀਅਤਨਾਮ ਦਾ ਕਬਜ਼ਾ ਹੈ। ਹੁਣ ਚੀਨ ਸਾਰੇ ਟਾਪੂਆਂ ‘ਤੇ ਕਬਜ਼ਾ ਕਰਨ ਖਾਤਰ ਬਾਕੀ ਦੇਸ਼ਾਂ ਨੂੰ ਧਮਕਾ ਰਿਹਾ ਹੈ। ਉਸ ਨੇ ਬਰੂਨੇਈ ਤੋਂ ਤਾਂ ਸਾਰੇ ਟਾਪੂ ਖੋਹ ਲਏ ਹਨ ਤੇ ਬਾਕੀ ਦੇਸ਼ਾਂ ਦੇ ਕਬਜ਼ੇ ਹੇਠਲੇ ਟਾਪੂਆਂ ‘ਤੇ ਵੀ ਅੱਖ ਲਗਾਈ ਬੈਠਾ ਹੈ।

1980 ਤੋਂ ਪਹਿਲਾਂ ਚੀਨ ਕੋਈ ਬਹੁਤੀ ਵੱਡੀ ਸ਼ਕਤੀ ਨਹੀਂ ਸੀ ਪਰ ਬਾਅਦ ਵਿੱਚ ਉਸ ਨੇ ਕਾਬਲ ਲੀਡਰਸ਼ਿੱਪ ਦੀ ਅਗਵਾਈ ਹੇਠ ਅਥਾਹ ਆਰਥਿਕ ਅਤੇ ਫੌਜੀ ਤਰੱਕੀ ਕੀਤੀ ਹੈ। ਬਾਹਰਲੇ ਦੇਸ਼ਾਂ ਤੋਂ ਹਥਿਆਰ ਖਰੀਦਣ ਦੀ ਬਜਾਏ ਉਹ ਹਰ ਸਾਲ ਅਰਬਾਂ ਡਾਲਰ ਦੇ ਹਥਿਆਰ ਵਿਦੇਸ਼ਾਂ ਨੂੰ ਵੇਚਦਾ ਹੈ। ਉਸ ਦੇ ਬਣਾਏ ਸਸਤੇ ਤੇ ਪਾਏਦਾਰ ਸਮਾਨ ਦੀ ਵਿਸ਼ਵ ਭਰ ਵਿੱਚ ਭਾਰੀ ਮੰਗ ਹੈ। ਸੰਸਾਰ ਦੀਆਂ ਜਿਆਦਤਰ ਵੱਡੀਆਂ ਕੰਪਨੀਆਂ ਨੇ ਸਸਤੀ ਲੇਬਰ ਮਿਲਣ ਕਾਰਨ ਆਪਣੇ ਕਾਰਖਾਨੇ ਚੀਨ ਵਿੱਚ ਲਗਾਏ ਹੋਏ ਹਨ। ਆਰਥਿਕਤਾ ਵਿੱਚ ਆਈ ਮਜ਼ਬੂਤੀ ਕਾਰਨ ਚੀਨ ਆਪਣੀ ਫੌਜ ‘ਤੇ ਰੱਜ ਕੇ ਪੈਸਾ ਖਰਚ ਕਰਦਾ ਹੈ। ਉਸ ਦੀ ਫੌਜ ਸੰਸਾਰ ਵਿੱਚ ਸਭ ਤੋਂ ਵੱਡੀ ਅਤੇ ਅਤਿਅੰਤ ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਇਸ ਕਾਰਨ ਚੀਨ ਵੱਡੇ ਸਾਮਰਿਕ ਖਤਰੇ ਉਠਾਉਣ ਦੇ ਕਾਬਲ ਬਣ ਗਿਆ ਹੈ ਤੇ ਉਸ ਦੀ ਵਿਦੇਸ਼ ਨੀਤੀ ਪਹਿਲਾਂ ਨਾਲੋਂ ਕਿਤੇ ਵਧੇਰੇ ਹਮਲਾਵਰ ਤੇ ਦੂਸਰੇ ਮੁਲਕਾਂ ਨੂੰ ਗੁੱਠੇ ਲਗਾਉਣ ਵਾਲੀ ਹੈ।

ਚੀਨ ਇਸ ਵੇਲੇ ਭਾਰਤ ਵੱਲੋਂ ਵਿਖਾਏ ਜਾ ਰਹੇ ਕਰੜੇ ਤੇਵਰਾਂ ਕਾਰਨ ਪਰੇਸ਼ਾਨ ਹੋ ਗਿਆ ਹੈ ਤੇ ਨਰਮੀ ਅਤੇ ਸੁਲਹ ਸਫਾਈ ਦੀਆਂ ਗੱਲਾਂ ਕਰਨ ਲੱਗ ਪਿਆ ਹੈ। ਪਰ ਅਜਿਹੇ ਬੇਇਤਬਾਰੇ ਤੇ ਮੌਕਾਪ੍ਰਸਤ ਦੁਸ਼ਮਣ ਦੀਆਂ ਮਿੱਠੀਆਂ ਗੱਲਾਂ ਵਿੱਚ ਫਸਣ ਦੀ ਬਜਾਏ ਭਾਰਤ ਨੂੰ ਵੀ ਸਖਤੀ ਵਿਖਾਉਣੀ ਪਏਗੀ ਨਹੀਂ ਚੀਨ ਹੋਰ ਵੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin