ਰਾਏਬਰੇਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਦਿਨ ਦੇ ਦੌਰੇ ’ਤੇ ਆਪਣੇ ਸੰਸਦੀ ਖੇਤਰ ਰਾਏਬਰੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਿਸ਼ਾ ਦੀ ਬੈਠਕ ਦੇ ਨਾਲ-ਨਾਲ ਕਈ ਪ੍ਰੋਗਰਾਮਾਂ ’ਚ ਸ਼ਿਰਕਤ ਕੀਤੀ। ਆਪਣੀ ਰਾਏਬਰੇਲੀ ਫੇਰੀ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖਣ ਵਾਲੇ ਰਾਹੁਲ ਨੇ ਬਾਅਦ ਵਿੱਚ ਫੇਸਬੁੱਕ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਰਾਏਬਰੇਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਪੂਰੇ ਅਧਿਕਾਰ ਨਾਲ ਦੱਸਿਆ।
ਰਾਹੁਲ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸੜਕ ਰਾਹੀਂ ਆਪਣੇ ਸੰਸਦੀ ਖੇਤਰ ਰਾਏਬਰੇਲੀ ਲਈ ਰਵਾਨਾ ਹੋਏ। ਕਾਂਗਰਸ ਸੂਤਰਾਂ ਦੇ ਮੁਤਾਬਕ, ’’ਰਾਹੁਲ ਸਭ ਤੋਂ ਪਹਿਲਾਂ ਜ਼ਿਲ੍ਹੇ ਦੀ ਸਰਹੱਦ ’ਤੇ ਸਥਿਤ ਚੁਰੂਵਾ ਮੰਦਰ ਪਹੁੰਚੇ ਅਤੇ ਭਗਵਾਨ ਹਨੂੰਮਾਨ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਉੱਥੇ ਮੌਜੂਦ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਲਾਕਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਵੀ ਕੁਝ ਸਮੇਂ ਲਈ ਬਛਰਾਵਾਂ ਵਿਖੇ ਰੁਕਿਆ। ਇਸ ਦੌਰਾਨ ਉਨ੍ਹਾਂ ਨੇ ਜਨਤਾ ਅਤੇ ਵਰਕਰਾਂ ਦੀਆਂ ਵਧਾਈਆਂ ਸਵੀਕਾਰ ਕੀਤੀਆਂ।’’
ਪਾਰਟੀ ਸੂਤਰਾਂ ਦੇ ਅਨੁਸਾਰ ਰਾਹੁਲ ਹਰਚੰਦਪੁਰ ਅਤੇ ਗੰਗਾਗੰਜ ਹੁੰਦੇ ਹੋਏ ਰਾਏਬਰੇਲੀ ਦੇ ਡਿਗਰੀ ਕਾਲਜ ਚੌਰਾਹੇ ’ਤੇ ਪਹੁੰਚੇ ਅਤੇ ਨਗਰ ਨਿਗਮ ਦੁਆਰਾ ਕੀਤੇ ਗਏ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਕੁਲੈਕਟਰ ਦਫ਼ਤਰ ਸਥਿਤ ਬੱਚਤ ਭਵਨ ਪੁੱਜੇ, ਜਿੱਥੇ ਉਨ੍ਹਾਂ ਨੇ ‘ਦਿਸ਼ਾ ਮੀਟਿੰਗ’ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨਾਲ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਸਕੀਮਾਂ ਦੀ ਸਮੀਖਿਆ ਦੇ ਨਾਲ-ਨਾਲ ਜ਼ਿਲ੍ਹੇ ਦੇ ਵਿਕਾਸ ਸਬੰਧੀ ਵੱਖ-ਵੱਖ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਬੈਠਕ ਖ਼ਤਮ ਹੋਣ ਤੋਂ ਬਾਅਦ ਰਾਹੁਲ ਲਖਨਊ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਖੇਤਰ ਵਿੱਚ ਪੀਐੱਮਜੀਐੱਸਵਾਈ (ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ) ਤਹਿਤ ਬਣੀਆਂ ਸੜਕਾਂ ਦਾ ਨੀਂਹ ਪੱਥਰ ਵੀ ਰੱਖਿਆ। ਆਪਣੇ ਦੌਰੇ ਦੌਰਾਨ ਰਾਹੁਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।