ਸਾਊਦੀ ਅਰਬ ਅਤੇ ਕਤਰ ਨੇ ਇੱਕ ਹਾਈ-ਸਪੀਡ ਰੇਲ ਸੌਦਾ ਕੀਤਾ ਗਿਆ ਹੈ। ਇਹ ਹਾਈ-ਸਪੀਡ ਰੇਲ ਇਨ੍ਹਾਂ ਦੋਹਾਂ ਖਾੜੀ ਦੇਸ਼ਾਂ ਦੀਆਂ ਰਾਜਧਾਨੀਆਂ ਨੂੰ ਜੋੜੇਗੀ ਅਤੇ ਇਸਦੇ ਨਿਰਮਾਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣਗੇ। ਇਹ ਸੌਦਾ ਮਹੱਤਵਪੂਰਨ ਹੈ ਕਿਉਂਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸੁਧਰੇ ਹੋਏ ਸਬੰਧਾਂ ਦਾ ਨਵੀਨਤਮ ਸੰਕੇਤ ਹੈ ਜਿਨ੍ਹਾਂ ਵਿੱਚਕਾਰ ਕਦੇ ਡੂੰਘੇ ਮਤਭੇਦ ਸਨ। ਸਾਊਦੀ ਸਰਕਾਰ ਦੇ ਅਨੁਸਾਰ ਹਾਈ-ਸਪੀਡ ਇਲੈਕਟ੍ਰਿਕ ਯਾਤਰੀ ਰੇਲ” ਰਿਆਧ ਅਤੇ ਦੋਹਾ ਨੂੰ ਆਪਸ ਦੇ ਵਿੱਚ ਜੋੜੇਗੀ।
ਇਹ ਰੇਲਗੱਡੀ 300 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲੇਗੀ ਅਤੇ ਦੋਵਾਂ ਰਾਜਧਾਨੀਆਂ ਵਿਚਕਾਰ ਯਾਤਰਾ ਲਗਭਗ ਦੋ ਘੰਟਿਆਂ ਵਿੱਚ ਸਫ਼ਰ ਤੈਅ ਕਰੇਗੀ। ਤੁਸੀਂ ਇਸ ਰੇਲਗੱਡੀ ਦੀ ਗਤੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾ ਸਕਦੇ ਹੋ ਕਿ ਰਿਆਧ ਅਤੇ ਦੋਹਾ ਵਿਚਕਾਰ ਸਿੱਧੀ ਉਡਾਣ ਲਗਭਗ 90 ਮਿੰਟ ਲੈਂਦੀ ਹੈ। ਰੇਲਗੱਡੀ ਦੇ ਰੂਟ ਵਿੱਚ ਸਾਊਦੀ ਸ਼ਹਿਰਾਂ ਅਲ-ਹੋਫੂਫ ਅਤੇ ਦਮਾਮ ਨੂੰ ਵੀ ਸ਼ਾਮਲ ਕਰਨ ਦੀ ਉਮੀਦ ਹੈ ਅਤੇ ਇਨ੍ਹਾਂ ਦੋਵਾਂ ਸਟੇਸ਼ਨਾਂ ‘ਤੇ ਰੁਕੇਗੀ। ਇਹ ਪ੍ਰੋਜੈਕਟ ਛੇ ਸਾਲਾਂ ਵਿੱਚ ਪੂਰਾ ਹੋ ਜਾਵੇਗਾ। ਇਸ ਹਾਈ-ਸਪੀਡ ਰੇਲ ਪ੍ਰੋਜੈਕਟ ਤੋਂ ਸਾਲਾਨਾ 10 ਮਿਲੀਅਨ ਯਾਤਰੀਆਂ ਦੀ ਯਾਤਰਾ ਦੀ ਸਹੂਲਤ ਮਿਲਣ ਦੀ ਉਮੀਦ ਹੈ।
ਵਰਨਣਯੋਗ ਹੈ ਕਿ ਸਾਊਦੀ ਅਰਬ ਅਤੇ ਇਸਦੇ ਸਹਿਯੋਗੀ ਦੇਸ਼ਾਂ, ਯੂਏਈ, ਬਹਿਰੀਨ ਅਤੇ ਮਿਸਰ ਨੇ ਜੂਨ 2017 ਵਿੱਚ ਕਤਰ ਨਾਲ ਸਾਰੇ ਕੂਟਨੀਤਕ ਸਬੰਧ ਤੋੜ ਲਏ ਸਨ। ਇਸ ਤੋਂ ਇਲਾਵਾ ਯਾਤਰਾ ਪਾਬੰਦੀਆਂ ਵੀ ਲਗਾਈਆਂ ਗਈਆਂ ਸਨ। ਇਨ੍ਹਾਂ ਚਾਰਾਂ ਦੇਸ਼ਾਂ ਨੇ ਕਤਰ ‘ਤੇ ਮੁਸਲਿਮ ਬ੍ਰਦਰਹੁੱਡ ਸਮੇਤ ਕੱਟੜਪੰਥੀ ਇਸਲਾਮਵਾਦੀਆਂ ਦਾ ਸਮਰਥਨ ਕਰਨ ਅਤੇ ਸਾਊਦੀ ਅਰਬ ਦੇ ਕੱਟੜ ਵਿਰੋਧੀ ਈਰਾਨ ਨਾਲ ਨੇੜਲੇ ਸਬੰਧ ਬਣਾਉਣ ਦਾ ਦੋਸ਼ ਲਾਇਆ ਸੀ।
