ਤੇਲ ਅਵੀਵ – ਹਿਜ਼ਬੁੱਲਾ ਨੇ ਮੰਗਲਵਾਰ ਨੂੰ ਮੱਧ ਇਜ਼ਰਾਈਲ ਵਿੱਚ ਕਈ ਰਾਕੇਟ ਦਾਗੇ, ਜਿਸ ਨਾਲ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਇਨ੍ਹਾਂ ਹਮਲਿਆਂ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਜ਼ਰਾਈਲੀ ਫੌਜ ਨੇ ਕਿਹਾ ਕਿ ਲੇਬਨਾਨ ਤੋਂ ਇਜ਼ਰਾਈਲ ‘ਤੇ 5 ਰਾਕੇਟ ਦਾਗੇ ਗਏ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਜ਼ਰਾਈਲ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਰੋਕ ਦਿੱਤਾ। ਇੱਕ ਰਾਕੇਟ ਇੱਕ ਖੁੱਲੇ ਖੇਤਰ ਵਿੱਚ ਡਿੱਗਿਆ।ਰਾਕੇਟ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਇਜ਼ਰਾਈਲ ਨੇ ਲੇਬਨਾਨ ਵਿਚ ਹਿਜ਼ਬੁੱਲਾ ਦੁਆਰਾ ਚਲਾਏ ਜਾ ਰਹੀ ਇੱਕ ਵਿੱਤੀ ਸੰਸਥਾ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿੱਤੇ ਹਨ, ਅਤੇ ਅਮਰੀਕਾ ਨੇ ਹਮਾਸ ਨੇਤਾ ਯਾਹਿਆ ਸਿਨਵਰ ਦੀ ਮੌਤ ਤੋਂ ਬਾਅਦ ਗਾਜ਼ਾ ਵਿੱਚ ਜੰਗਬੰਦੀ ਦੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਜ਼ੋਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਤਬਾਹ ਕਰਨ ਅਤੇ ਸਮੂਹ ਦੁਆਰਾ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਨੂੰ ਮੁਕਤ ਕਰਾਉਣ ਦਾ ਵਾਅਦਾ ਕੀਤਾ ਹੈ। ਉਥੇ ਹੀ ਹਮਾਸ ਦਾ ਕਹਿਣਾ ਹੈ ਕਿ ਉਹ ਸਥਾਈ ਜੰਗਬੰਦੀ, ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਬਦਲੇ ਹੀ ਬੰਧਕਾਂ ਨੂੰ ਰਿਹਾਅ ਕਰੇਗਾ।
previous post