ਸ਼ਿਮਲਾ – ਹਿਮਾਚਲ ’ਚ ਬੀਤੇ 24 ਘੰਟਿਆਂ ’ਚ ਕਈ ਥਾਵਾਂ ’ਤੇ ਬਰਫਬਾਰੀ ਅਤੇ ਬਾਰਿਸ਼ ਹੋਈ ਹੈ। ਉੱਚੀਆਂ ਚੋਟੀਆਂ ਬਰਫ ਨਾਲ ਢੱਕੀਆਂ ਗਈਆਂ ਹਨ ਅਤੇ ਸੜਕਾਂ ’ਤੇ ਬਰਫ ਕਾਰਨ ਤਿਲਕਣ ਵੀ ਵਧ ਗਈ ਹੈ, ਜਿਸ ਕਾਰਨ ਵਾਹਨ ਤਿਲਕਣ ਲੱਗੇ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਸੂਬੇ ’ਚ 8 ਦਸੰਬਰ ਤੱਕ ਸੂਬੇ ਦੇ ਸਾਰੇ ਖੇਤਰਾਂ ’ਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ।
ਸ਼ਨੀਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਆਸਮਾਨ ’ਤੇ ਬੱਦਲ ਛਾਏ ਰਹੇ, ਜਿਸ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਲੋਕ ਠੰਡ ਤੋਂ ਕੰਬਣ ਲੱਗੇ ਹਨ। ਮੌਸਮ ਵਿਭਾਗ ਮੁਤਾਬਕ ਕੇਲੋਂਗ ’ਚ 5 ਅਤੇ ਗੋਂਦਲਾ ’ਚ 4 ਸੈਂਟੀਮੀਟਰ ਬਰਫ਼ਬਾਰੀ ਹੋਈ, ਜਦਕਿ ਕੋਠੀ ’ਚ 7, ਸ਼ਿਮਲਾ ’ਚ 6 ਅਤੇ ਮਨਾਲੀ ’ਚ 3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਕੇਲੋਂਗ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 4.1 ਡਿਗਰੀ ’ਤੇ ਪਹੁੰਚ ਗਿਆ ਹੈ, ਜਦਕਿ ਸਮਧੋ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 2.6 ਡਿਗਰੀ ਹੈ। ਸ਼ਿਮਲਾ ’ਚ ਘੱਟੋ-ਘੱਟ ਤਾਪਮਾਨ 6.5 ਡਿਗਰੀ ਰਿਹਾ, ਜਦਕਿ ਊਨਾ ’ਚ ਤਾਪਮਾਨ ਸ਼ਿਮਲਾ ਤੋਂ ਵੀ ਘੱਟ ਰਿਹਾ ਹੈ। ਇੱਥੇ ਘੱਟੋ-ਘੱਟ ਤਾਪਮਾਨ 6.2 ਡਿਗਰੀ ਰਿਹਾ।