ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਰੂਸ ਤੋਂ 20 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। ਰੂਸ ‘ਚ ਸਸਤੇ ਭਾਅ ‘ਤੇ ਤੇਲ ਮਿਲਣ ਕਾਰਨ ਭਾਰਤੀ ਤੇਲ ਕੰਪਨੀਆਂ ਇਹ ਕਦਮ ਚੁੱਕ ਰਹੀਆਂ ਹਨ। ਇਸ ਨਾਲ ਤੇਲ ਕੰਪਨੀਆਂ ‘ਤੇ ਦਬਾਅ ਘੱਟ ਹੋਵੇਗਾ ਅਤੇ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਸੰਭਾਵਿਤ ਕੀਮਤਾਂ ‘ਚ ਵਾਧੇ ਨੂੰ ਕੁਝ ਸਮੇਂ ਲਈ ਟਾਲ ਸਕਣਗੀਆਂ। ਸੂਤਰਾਂ ਨੇ ਕਿਹਾ ਕਿ ਆਈਓਸੀ ਦੀ ਤਰ੍ਹਾਂ ਐਚਪੀਸੀਐਲ ਨੇ ਵੀ ਯੂਰਪੀਅਨ ਵਪਾਰੀ ਵਿਟੋਲ ਦੇ ਜ਼ਰੀਏ ਰੂਸੀ ਕੱਚਾ ਤੇਲ ਖਰੀਦਿਆ ਹੈ। ਇਸ ਤੋਂ ਇਲਾਵਾ ਮੰਗਲੌਰ ਰਿਫਾਇਨਰੀ ਐਂਡ ਪੈਟਰੋ ਕੈਮੀਕਲਜ਼ ਲਿਮਿਟੇਡ (ਐੱਮ.ਆਰ.ਪੀ.ਐੱਲ.) ਨੇ ਰੂਸ ਤੋਂ ਬਰਾਮਦ ਪੱਧਰ ਦਾ 10 ਲੱਖ ਬੈਰਲ ਕੱਚਾ ਤੇਲ ਖਰੀਦਣ ਲਈ ਟੈਂਡਰ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਹਨ। ਅਜਿਹੇ ‘ਚ ਕਈ ਕੰਪਨੀਆਂ ਅਤੇ ਦੇਸ਼ ਇਸ ਸਮੇਂ ਰੂਸ ਤੋਂ ਤੇਲ ਖਰੀਦਣ ਤੋਂ ਬਚ ਰਹੇ ਹਨ। ਇਸ ਕਾਰਨ ਰੂਸੀ ਕੱਚੇ ਤੇਲ ਦੀ ਕੀਮਤ ‘ਚ ਕਮੀ ਆਈ ਹੈ ਅਤੇ ਇਹ ਬਾਜ਼ਾਰ ‘ਚ ਭਾਰੀ ਛੋਟ ‘ਤੇ ਉਪਲਬਧ ਹੈ। ਇਸ ਮੌਕੇ ਦਾ ਫਾਇਦਾ ਉਠਾਉਣ ਲਈ ਭਾਰਤੀ ਰਿਫਾਇਨਰੀ ਕੰਪਨੀਆਂ ਨੇ ਸਸਤੇ ਭਾਅ ‘ਤੇ ਤੇਲ ਖਰੀਦਣ ਲਈ ਟੈਂਡਰ ਜਾਰੀ ਕੀਤੇ ਹਨ।