ਕਾਬੁਲ – ਅਫ਼ਗਾਨੀ ਔਰਤਾਂ ’ਤੇ ਪਾਬੰਦੀ ਦੀ ਅਗਲੀ ਕੜੀ ’ਚ ਤਾਲਿਬਾਨ ਨੇ ਹਮਾਮ ’ਚ ਜਾਣ ’ਤੇ ਰੋਕ ਲਗਾ ਦਿੱਤੀ ਹੈ। ਉੱਤਰੀ ਅਫ਼ਗਾਨਿਸਤਾਨ ਦੇ ਬਲਖ ਤੇ ਉਜ਼ਬੇਕਿਸਤਾਨ ਦੀਆਂ ਸਰਹੱਦਾਂ ਨਾਲ ਲੱਗਦੇ ਇਸ ਇਲਾਕੇ ’ਚ ਹੁਣ ਜਨਤਕ ਇਸ਼ਨਾਨ ਘਰਾਂ ’ਚ ਆਉਣ ’ਤੇ ਪਾਬੰਦੀ ਹੋਵੇਗੀ। ਮੁਸਲਿਮ ਜਗਤ ’ਚ ਪੁਰਾਣੇ ਸਮੇਂ ਤੋਂ ਹਮਾਮ ਦਾ ਚਲਨ ਹੈ ਜਿਸ ’ਚ ਔਰਤਾਂ ਵੀ ਸ਼ਾਮਲ ਹੁੰਦੀਆਂ ਰਹੀਆਂ ਹਨ ਪਰ ਹੁਣ ਇਸਲਾਮੀ ਸਿੱਖਿਆਵਾਂ ਦੇ ਨਾਂ ’ਤੇ ਉਨ੍ਹਾਂ ਨੂੰ ਇਸ ਤੋਂ ਵੱਖ ਕੀਤਾ ਜਾ ਰਿਹਾ ਹੈ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਦੇ ਤਾਲਿਬਾਨੀ ਸ਼ਾਸਨ ਨੇ ਅਫ਼ਗਾਨੀ ਔਰਤਾਂ ਦਾ ਜਨਤਕ ਇਸ਼ਨਾਨ ਘਰਾਂ ’ਤੇ ਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਤਾਲਿਬਾਨ ਮੁਤਾਬਕ ਧਾਰਮਿਕ ਵਿਦਵਾਨਾਂ ਨੇ ਇਕ ਮਤ ਹੋ ਕੇ ਇਹ ਫ਼ੈਸਲਾ ਲਿਆ ਹੈ। ਹੁਣ ਅਫ਼ਗਾਨੀ ਔਰਤਾਂ ਨਹਾਉਣ ਲਈ ਸਿਰਫ ਬਾਥਰੂਮ ਦੀ ਵਰਤੋਂ ਹੀ ਕਰ ਸਕਣਗੀਆਂ। ਕਿਉਂਕਿ ਉਨ੍ਹਾਂ ਨੂੰ ਇਸਲਾਮੀ ਹਿਜਾਬ ਦੀ ਪਾਲਣਾ ਕਰਨੀ ਹੈ ਜੋ ਹਮਾਮ ’ਚ ਮੁਮਕਿਨ ਨਹੀਂ ਹੋਵੇਗਾ। ਬਲਖ ਸੂਬੇ ਦੇ ਧਾਰਮਿਕ ਵਿਦਵਾਨਾਂ ਮੁਤਾਬਕ ਸਾਰੇ ਧਾਰਮਿਕ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ।ਇਨ੍ਹਾਂ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਕਿਉਂਕਿ ਹਰੇਕ ਘਰ ’ਚ ਆਧੁਨਿਕ ਬਾਥਰੂਮ ਨਹੀਂ ਹੁੰਦੇ, ਇਸ ਲਈ ਪੁਰਸ਼ਾਂ ਨੂੰ ਹਮਾਮ ’ਚ ਜਾਣ ਦੀ ਛੋਟ ਮਿਲੇਗੀ ਪਰ ਹਿਜਾਬ ਦੀ ਪਾਲਣਾ ਕਾਰਨ ਔਰਤਾਂ ਨੂੰ ਨਿੱਜੀ ਬਾਥਰੂਮ ਦੀ ਹੀ ਵਰਤੋਂ ਕਰਨੀ ਪਵੇਗੀ। ਇਸ ਤੋਂ ਇਲਾਵਾ ਘੱਟ ਉਮਰ ਦੇ ਲੜਕਿਆਂ ਨੂੰ ਵੀ ਹਮਾਮ ’ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੇ ਬਾਡੀ ਮਸਾਜ ਕਰਵਾਉਣ ’ਤੇ ਵੀ ਰੋਕ ਰਹੇਗੀ।
previous post