ਦੁਮਕਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਨੀਵਾਰ ਕਿਹਾ ਕਿ ਉਹ ਕਾਂਗਰਸ ਨਾਲ ਮਿਲ ਕੇ ਲੁਕਵੇਂ ਢੰਗ ਨਾਲ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਲਈ ਸਾਜ਼ਿਸ਼ਾਂ ਰਚ ਰਹੇ ਹਨ।
ਝਾਰਖੰਡ ਦੇ ਦੁਮਕਾ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਚਿਤਾਵਨੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਦੇਵੇਗੀ। ਉਨ੍ਹਾਂ ਆਦਿਵਾਸੀਆਂ ਦੀ ਘਟਦੀ ਆਬਾਦੀ ਲਈ ਸੋਰੇਨ ਨੂੰ ਜ਼ਿੰਮੇਵਾਰ ਠਹਿਰਾਇਆ।
ਸ਼ਾਹ ਨੇ ਦੋਸ਼ ਲਾਇਆ ਕਿ ਝਾਰਖੰਡ ਸਰਕਾਰ ਵੋਟ ਬੈਂਕ ਲਈ ਘੁਸਪੈਠ ਨੂੰ ਸ਼ਹਿ ਦੇ ਰਹੀ ਹੈ। ਆਦਿਵਾਸੀਆਂ ਦੀ ਆਬਾਦੀ ਇਸ ਲਈ ਘੱਟ ਰਹੀ ਹੈ ਕਿਉਂਕਿ ਹੇਮੰਤ ਸੋਰੇਨ ਘੁਸਪੈਠੀਆਂ ਨੂੰ ਝਾਰਖੰਡ ’ਚ ਦਾਖਲ ਹੋਣ ਤੇ ਆਦਿਵਾਸੀ ਔਰਤਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਰਹੇ ਹਨ। ਉਹ ਇੱਥੋਂ ਦੇ ਆਦਿਵਾਸੀਆਂ ਦੀ ਜ਼ਮੀਨ ਖੋਹ ਰਹੇ ਹਨ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।
ਸ਼ਾਹ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 10 ਸਾਲਾਂ ’ਚ ਝਾਰਖੰਡ ਨੂੰ 84,000 ਕਰੋੜ ਰੁਪਏ ਦਿੱਤੇ, ਜਦਕਿ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੇ 3.90 ਲੱਖ ਕਰੋੜ ਰੁਪਏ ਦਿੱਤੇ ਹਨ।
ਹੇਮੰਤ ਸੋਰੇਨ ਭਿ੍ਰਸ਼ਟਾਚਾਰ ਤੇ ਫੰਡਾਂ ਦੀ ਲੁੱਟ ’ਚ ਸ਼ਾਮਲ ਰਹੇ ਹਨ ਪਰ 23 ਨਵੰਬਰ ਨੂੰ ਉਨ੍ਹਾਂ ਦੀ ਵਿਦਾਇਗੀ ਹੋ ਜਾਏਗੀ। ਸੱਤਾ ਦੇ ਲਾਲਚ ਨੇ ਹੇਮੰਤ ਸੋਰੇਨ ਨੂੰ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪਿਆ । ਇਨ੍ਹਾਂ ਨੇ ਝਾਰਖੰਡ ਦੇ ਗਠਨ ਦਾ ਵਿਰੋਧ ਕੀਤਾ ਸੀ।
ਸ਼ਾਹ ਨੇ ਵਾਅਦਾ ਕੀਤਾ ਕਿ ਜੇ ਭਾਜਪਾ ਸੂਬੇ ਦੀ ਸੱਤਾ ’ਚ ਵਾਪਸ ਆਉਂਦੀ ਹੈ ਤਾਂ ਉਹ ਇੱਥੇ ਇੰਨੇ ਉਦਯੋਗ ਸਥਾਪਿਤ ਕਰੇਗੀ ਕਿ ਇਕ ਵੀ ਨੌਜਵਾਨ ਨੂੰ ਰੋਜ਼ੀ-ਰੋਟੀ ਦੀ ਭਾਲ ’ਚ ਹੋਰ ਥਾਵਾਂ ’ਤੇ ਜਾਣ ਦੀ ਲੋੜ ਨਹੀਂ ਪਵੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪ੍ਰਾਜੈਕਟਾਂ ਲਈ ਲੋਕਾਂ ਨੂੰ ਉਜਾੜਨ ਤੋਂ ਪਹਿਲਾਂ ਮੁੜ ਵਸੇਬਾ ਸਕੀਮਾਂ ਨੂੰ ਯਕੀਨੀ ਬਣਾਏਗੀ। ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਝਾਰਖੰਡ ਨਕਸਲਵਾਦ ਤੋਂ ਮੁਕਤ ਹੋ ਗਿਆ ਹੈ। ਜਿਹੜਾ ਥੋੜ੍ਹਾ ਜਿਹਾ ਬਚਿਆ ਹੈ, ਉਹ ਵੀ ਮਾਰਚ 2025 ਤੱਕ ਖ਼ਤਮ ਕਰ ਦਿੱਤਾ ਜਾਵੇਗਾ।