ਲੁਧਿਆਣਾ – ਖੁਦ ਨੂੰ ਆਰਮੀ ਦਾ ਲੈਫਟੀਨੈਂਟ ਕਰਨਲ ਦੱਸਣ ਵਾਲੇ ਵਿਅਕਤੀ ਨੇ ਯੈੱਸ ਬੈਂਕ ਨਾਲ ਤਕਰੀਬਨ 18 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿੱਚ 9 ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8ਦੀ ਪੁਲਿਸ ਨੇ ਯੈੱਸ ਬੈਂਕ ਦੇ ਮੈਨੇਜਰ ਸੁਖਵਿੰਦਰ ਸਿੰਘ ਦੇ ਬਿਆਨਾਂ ਉੱਪਰ ਪਿੰਡ ਫੱਗੂਵਾਲ ਲਾਡੂਵਾਲ ਦੇ ਵਾਸੀ ਸ਼ੋਭਰਾਜ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।24 ਮਾਰਚ ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਯੈੱਸ ਬੈਂਕ ਦੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਮੁਲਜ਼ਮ ਸੋਭ ਰਾਜ ਉਨ੍ਹਾਂ ਦੇ ਬੈਂਕ ਵਿੱਚ ਆਇਆ।
ਮੁਲਜ਼ਮ ਨੇ ਆਪਣੇ ਆਪ ਨੂੰ ਆਰਮੀ ਦਾ ਲੈਫਟੀਨੈਂਟ ਕਰਨਲ ਦੱਸਿਆ ਅਤੇ ਬੈਂਕ ਵਿਚ ਜਾਅਲੀ ਆਰਮੀ ਦੇ ਕਾਗਜ਼ ਪੇਸ਼ ਕਰ ਦਿੱਤੇ। ਮੁਲਜ਼ਮ ਨੇ ਬੈਂਕ ਨਾਲ ਲੋਨ ਦੀ ਗੱਲ ਚਲਾਈ ਅਤੇ ਹੋਰ ਲੋੜੀਂਦੇ ਕਾਗਜ਼ ਵੀ ਬੈਂਕ ਨੂੰ ਦੇ ਦਿੱਤੇ । 3 ਸਿਤੰਬਰ 2018 ਨੂੰ ਬੈਂਕ ਨੇ ਉਸ ਨੂੰ 8 ਲੱਖ 23 ਹਜ਼ਾਰ ਅਤੇ 19 ਜਨਵਰੀ 2019 ਨੂੰ 9 ਲੱਖ 87 ਹਜ਼ਾਰ ਰੁਪਏ ਦਾ ਲੋਨ ਦੇ ਦਿੱਤਾ । ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਬੈਂਕ ਨੂੰ ਕਿਸ਼ਤਾਂ ਨਾ ਮੋੜੀਆਂ । ਅਜਿਹਾ ਕਰ ਕੇ ਉਸ ਨੇ ਯੈੱਸ ਬੈਂਕ ਨਾਲ ਧੋਖਾਧੜੀ ਕੀਤੀ ।ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਈ ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਮੁਲਜ਼ਮ ਸ਼ੋਭਰਾਜ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ ।