ਚੰਡੀਗੜ੍ਹ – ਆਖ਼ਰਕਾਰ 55 ਦਿਨਾਂ ਬਾਅਦ ਸ੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਪਾਰਟੀ 20 ਜਨਵਰੀ ਤੋਂ ਦੇਸ਼ ਵਿਆਪੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰੇਗੀ। ਭਰਤੀ ਕਰਨ ਲਈ ਸੀਨੀਅਰ ਦਲਿਤ ਨੇਤਾ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਡਾ ਦਲਜੀਤ ਸਿੰਘ ਚੀਮਾ ਬਤੌਰ ਸਕੱਤਰ ਰਿਟਰਨਿੰਗ ਅਧਿਕਾਰੀ ਨੂੰ ਸਹਿਯੋਗ ਕਰਨਗੇ। ਡਾ ਚੀਮਾ ਨੇ ਦੱਸਿਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਭਰਤੀ ਪੂਰੀ ਕੀਤੀ ਜਾਵੇਗੀ ਅਤੇ 25 ਲੱਖ ਭਰਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤਰ੍ਹਾਂ 1 ਮਾਰਚ ਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਨਵਾਂ ਪ੍ਰਧਾਨ ਚੁਣੇ ਜਾਣ ਤੱਕ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਬਣੇ ਰਹਿਣਗੇ। ਨਵਾਂ ਜਥੇਬੰਦਕ ਢਾਂਚਾ ਬਣਨ ਤੱਕ ਪਾਰਟੀ ਦਾ ਪਾਰਲੀਮਾਨੀ ਬੋਰਡ ਜਰੂਰਤ ਅਨੁਸਾਰ ਫੈਸਲਾ ਲਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿਚੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭਰਤੀ ਕਰਨ ਵਾਲੀ ਕਮੇਟੀ ਵਿਚੋਂ ਬਾਹਰ ਰੱਖਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਮੇਤ ਪੰਜ ਮੈਂਬਰਾਂ ਨੂੰ ਦੂਸਰੇ ਰਾਜਾਂ ਦਾ ਆਬਜ਼ਰਵਰ ਲਗਾਇਆ ਗਿਆ ਹੈ। ਡਾ ਚੀਮਾ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਕੋਲ੍ਹ ਪੇਸ਼ ਹੋਣ ਬਾਅਦ ਹੀ ਬਾਗੀ ਆਗੂਆਂ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਬਾਗੀਆਂ ਨੂੰ ਇਕਜੁਟ ਹੋਣ ਦਾ ਹੁਕਮ ਦਿੰਦੇ ਹੋਏ ਵੱਖਰਾ ਸੁਰ ਰਾਗ ਨਾ ਅਲਾਪਣ ਦਾ ਵੀ ਹੁਕਮ ਦਿੱਤਾ ਸੀ, ਪਰ ਉਹ ਲਗਾਤਾਰ ਮੀਡੀਆ ਵਿਚ ਆਪਣਾ ਵੱਖਰਾ ਸੁਰ ਅਲਾਪਦੇ ਆ ਰਹੇ ਹਨ। ਡਾ ਚੀਮਾ ਨੇ ਸਪਸ਼ਟ ਕੀਤਾ ਕਿ ਸੁਖਬੀਰ ਬਾਦਲ ਤੋਂ ਬਿਨਾਂ ਕਿਸੇ ਵੀ ਅਕਾਲੀ ਨੇਤਾ ਨੇ ਅਸਤੀਫ਼ਾ ਨਹੀਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਸੰਵਿਧਾਨ, ਚੋਣ ਕਮਿਸ਼ਨ ਦੀਆਂ ਸਿਫਾਰਸ਼ਾਂ ਸਮੇਤ ਭਰਤੀ ਨਿਯਮ ਸਬੰਧੀ ਪੂਰੇ ਦਸਤਾਵੇਜ ਦਿੱਤੇ ਗਏ ਸਨ। ਡਾ ਚੀਮਾ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਇਕ ਮਾਰਚ ਤੋਂ 30 ਅਪ੍ਰੈਲ ਤੱਕ ਸਵਾ ਲੱਖ ਪੌਦੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹਾ ਜਥੇਦਾਰ ਨੂੰ ਛੇ ਹਜ਼ਾਰ ਬੂਟੇ ਲਾਉਣ ਦੀਆਂ ਹਦਾਇਤਾਂ ਅੱਜ ਜਾਰੀ ਕਰ ਦਿੱਤੀਆਂ ਹਨ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ ਦੀ ਮੌਤ ’ਤੇ ਸ਼ੋਕ ਮਤਾ ਪਾਸ ਕੀਤਾ ਗਿਆ। ਇਸੀ ਤਰਾਂ ਚੰਡੀਗੜ੍ਹ ਵਿਚ ਸਲਾਹਕਾਰ ਦੀ ਥਾਂ ਮੁਖ ਸਕੱਤਰ ਲਗਾਉਣ ਦਾ ਫੈਸਲੇ ਖਿਲਾਫ਼ ਮਤਾ ਪਾਸ ਕੀਤਾ ਗਿਆ। ਅਕਾਲੀ ਦਲ ਨੇ ਖੇਤੀਬਾੜੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬਲਾਉਣ ਦੀ ਮੰਗ ਕੀਤੀ। ਡਾ ਚੀਮਾ ਨੇ ਕਿਹਾ ਕਿ ਸਰਕਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਏ। ਜੇਕਰ ਡੱਲੇਵਾਲ ਦਾ ਨੁਕਸਾਨ ਹੁੰਦਾ ਹੈ ਤਾਂ ਕੇਦਰ ਤਾ ਰਾਜ ਸਰਕਾਰ ਬਰਾਬਰ ਦੀ ਜੁੰਮੇਵਾਰ ਹੋਵੇਗੀ।
ਵਰਨਣਯੋਗ ਹੈ ਕਿ ਤਿੰਨ ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ’ਤੇ ਬਾਦਲ ਪਰਿਵਾਰ ਕਾਬਜ਼ ਸੀ। ਸਾਲ 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਸੀ ਅਤੇ ਸਾਲ 2008 ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਚੱਲੇ ਆ ਰਹੇ ਸਨ। ਲੰਬੇ ਅਰਸੇ ਮਗਰੋਂ ਬਾਦਲ ਪਰਿਵਾਰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹੋਇਆ ਹੈ। ਪਿਛਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦਾ ਫ਼ੈਸਲਾ ਟਾਲ ਦਿੱਤਾ ਗਿਆ ਸੀ। ਅਕਾਲੀ ਦਲ ਦਾ ਨਵਾਂ ਪ੍ਰਧਾਨ ਹਰ ਪੰਜ ਸਾਲ ਬਾਅਦ ਚੁਣਿਆ ਜਾਂਦਾ ਹੈ ਅਤੇ ਸੁਖਬੀਰ ਬਾਦਲ 2008 ਤੋਂ ਪ੍ਰਧਾਨ ਚੱਲੇ ਆ ਰਹੇ ਹਨ। ਸੁਖਬੀਰ ਬਾਦਲ ਦਾ ਬਤੌਰ ਪ੍ਰਧਾਨ ਕਾਰਜਕਾਲ ਹੁਣ ਤੱਕ ਸਭ ਤੋਂ ਲੰਬਾ ਰਿਹਾ ਹੈ।
ਡਾ ਚੀਮਾ ਨੇ ਦੱਸਿਆ ਕਿ ਜਿੰਨਾ ਚਿਰ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਅਹਿਮ ਫ਼ੈਸਲੇ ਸ੍ਰੀ ਭੂੰਦੜ ਦੀ ਅਗਵਾਈ ਹੇਠਲੇ ਪਾਰਲੀਮਾਨੀ ਬੋਰਡ ਵੱਲੋਂ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਜਨਵਰੀ ਤੋਂ 20 ਫਰਵਰੀ ਤੱਕ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ 25 ਲੱਖ ਮੈਂਬਰ ਬਣਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਸਮੁੱਚੀ ਪ੍ਰਕਿਰਿਆ ਵਿੱਚ ਤਾਲਮੇਲ ਦੀ ਜ਼ਿੰਮੇਵਾਰੀ ਖ਼ੁਦ ਡਾ. ਚੀਮਾ ਨਿਭਾਉਣਗੇ। ਚੋਣ ਪ੍ਰਕਿਰਿਆ ਲਈ 13 ਸੀਨੀਅਰ ਆਗੂਆਂ ਨੂੰ ਵੱਖ-ਵੱਖ ਸੂਬਿਆਂ ਦੇ ਚੋਣ ਆਬਜ਼ਰਵਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਹਰੇਕ ਜ਼ਿਲ੍ਹੇ ਦੇ ਨਿਗਰਾਨ ਵੀ ਨਿਯੁਕਤ ਕੀਤੇ ਗਏ ਹਨ।
ਨਵੀਆਂ ਨਿਯੁਕਤੀਆਂ ਦੇ ਵਿੱਚ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜੰਮੂ ਕਸ਼ਮੀਰ ਅਤੇ ਹੁਸ਼ਿਆਰਪੁਰ ਦੇ ਇੰਚਾਰਜ਼ ਹੋਣਗੇ। ਕਿਰਪਾਲ ਸਿੰਘ ਬੰਡੂਗਰ ਪੂਰੇ ਮਾਲਵੇ ਦੇ ਇੰਚਾਰਜ਼ ਹੋਣਗੇ। ਮਨਪ੍ਰੀਤ ਸਿੰਘ ਇਯਾਲੀ ਨੂੰ ਰਾਜਸਥਾਨ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਸੰਤਾ ਸਿੰਘ ਉਮੈਦਪੁਰੀ ਨੂੰ ਹਿਮਾਚਲ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਇਕਬਾਲ ਸਿੰਘ ਝੂੰਦਾ ਨੂੰ ਜ਼ਿਲ੍ਹਾ ਮਲੇਰਕੋਟਲਾ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਮਨਪ੍ਰੀਤ ਸਿੰਘ ਜੀਕੇ ਉਤਰਾਖੰਡ ਤੇ ਉਤਰ ਪ੍ਰਦੇਸ਼ ਦੇ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਰਘੁਜੀਤ ਸਿੰਘ ਵਿਰਕ ਤੇ ਬਲਦੇਵ ਸਿੰਘ ਹਰਿਆਣਾ ਦਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਹੀਰਾ ਸਿੰਘ ਗਾਬੜੀਆ ਤੇ ਮੋਹਿਤ ਗੁਪਤਾ ਅੰਮ੍ਰਿਤਸਰ ਸ਼ਹਿਰੀ ਦਾ ਨਿਯੁਕਤ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ਼ ਹੋਣਗੇ। ਤਜਿੰਦਰ ਸਿੰਘ ਮਿੱਡੂਖੇੜਾ ਬਰਨਾਲਾ ਦੇ ਇੰਚਾਰਜ਼ ਹੋਣਗੇ। ਜਨਮੇਜਾ ਸਿੰਘ ਸੇਖੋ ਤੇ ਬੀਬੀ ਹਰਗੋਬਿੰਦ ਕੌਰ ਬਠਿੰਡਾ ਦੇ ਇੰਚਾਰਜ਼ ਹੋਣਗੇ। ਬਿਕਰਮ ਸਿੰਘ ਖਾਲਸਾ ਤੇ ਪਰਮਜੀਤ ਸਿੰਘ ਢਿਲੋ ਫਤਿਹਗੜ੍ਹ ਸਾਹਿਬ ਦੇ ਇੰਚਾਰਜ਼ ਹੋਣਗੇ।ਮਨਤਾਰ ਸਿੰਘ ਬਰਾੜ ਫਰੀਦਕੋਟ ਦੇ ਇੰਚਾਰਜ਼ ਹੋਣਗੇ। ਵਰਦੇਵ ਸਿੰਘ ਮਾਨ ਫਾਜੀਲਕਾ ਦੇ ਇੰਚਾਰਜ਼ ਹੋਣਗੇ। ਜੋਗਿੰਦਰ ਸਿੰਘ ਜਿੰਦੂ ਫਿਰੋਜਪੁਰ ਦੇ ਇੰਚਾਰਜ਼ ਹੋਣਗੇ। ਮਹਿੰਦਰ ਸਿੰਘ ਕੇਪੀ, ਹਰੀਸ਼ ਰਾਏ ਢਾਂਡਾ ਤੇ ਪਰਮਿੰਦਰ ਕੌਰ ਜਲੰਧਰ ਸ਼ਹਿਰੀ ਦੇ ਇੰਚਾਰਜ਼ ਹੋਣਗੇ। ਬਲਦੇਵ ਸਿੰਘ ਖਹਿਰਾ ਜਲੰਧਰ ਦਿਹਾਤੀ ਦੇ ਇੰਚਾਰਜ਼ ਹੋਣਗੇ। ਬਰਜਿੰਦਰ ਸਿੰਘ ਬਰਾੜਾ ਕਪੂਰਥਲਾ ਦੇ ਇੰਚਾਰਜ਼ ਹੋਣਗੇ। ਦਰਬਾਰਾ ਸਿੰਘ ਗੁਰੂ ਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਲੁਧਿਆਣਾ ਸ਼ਹਿਰੀ ਦੇ ਇੰਚਾਰਜ਼ ਹੋਣਗੇ। ਸ਼ਰਨਜੀਤ ਸਿੰਘ ਢਿਲੋ, ਯਾਦਵਿੰਦਰ ਸਿੰਘ ਯਾਦੂ ਪਲਿਸ ਜਿਲ੍ਹਾ ਖੰਨਾਂ ਦੇ ਇੰਚਾਰਜ਼ ਹੋਣਗੇ।ਮਹੇਸ਼ਇੰਦਰ ਸਿੰਘ ਗਰੇਵਾਲ ਜਗਰਾਓ ਦਿਹਾਤੀ ਦੇ ਇੰਚਾਰਜ਼ ਹੋਣਗੇ। ਦਿਲਰਾਜ ਸਿੰਘ ਭੂੰਦੜ, ਬੀਬੀ ਹਰਗੋਬਿੰਦ ਕੌਰ, ਅਕਾਸ਼ਦੀਪ ਸਿੰਘ ਮਿੱਡੂਖੇੜਾ ਮਾਨਸਾ ਦੇ ਇੰਚਾਰਜ਼ ਹੋਣਗੇ। ਤੀਰਥ ਸਿੰਘ ਮਾਹਲਾ ਤੇ ਰਾਜਵਿੰਦਰ ਸਿੰਘ ਧਰਮਕੋਟ ਮੋਗਾ ਦੇ ਇੰਚਾਰਜ਼ ਹੋਣਗੇ। ਰਣਜੀਤ ਸਿੰਘ ਗਿੱਲ ਤੇ ਬੀਬੀ ਕੁਲਦੀਪ ਕੌਰ ਕੰਗ ਮੋਹਾਲੀ ਦੇ ਇੰਚਾਰਜ਼ ਹੋਣਗੇ। ਕੰਵਰਜੀਤ ਸਿੰਘ ਰੋਜੀ ਬਰਕੰਦੀ ਤੇ ਬੀਬੀ ਹਰਗੋਬਿੰਦ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ਼ ਹੋਣਗੇ। ਐਨ.ਕੇ ਸ਼ਰਮਾ ਤੇ ਸਰਬਜੀਤ ਸਿੰਘ ਝਿੰਜਰ ਪਟਿਆਲਾ ਦੇ ਇੰਚਾਰਜ਼ ਹੋਣਗੇ। ਗੁਰਬਚਨ ਸਿੰਘ ਬੱਬੇਹਾਲੀ ਪਠਾਨਕੋਟ ਦੇ ਇੰਚਾਰਜ਼ ਹੋਣਗੇ। ਅਰਸ਼ਦੀਪ ਸਿੰਘ ਕਲੇਰ ਰੋਪੜ੍ਹ ਦੇ ਇੰਚਾਰਜ਼ ਹੋਣਗੇ। ਗੋਬਿੰਦ ਸਿੰਘ ਲੋਗੋਵਾਲ, ਗੁਰਪ੍ਰੀਤ ਸਿੰਘ ਰਾਜੂਖੰਨਾ ਸੰਗਰੂਰ ਦੇ ਇੰਚਾਰਜ਼ ਹੋਣਗੇ। ਵਰਿੰਦਰ ਸਿੰਘ ਬਾਜਵਾ ਨਵਾਂਸ਼ਹਿਰ ਦੇ ਇੰਚਾਰਜ਼ ਹੋਣਗੇ। ਸੁੱਚਾ ਸਿੰਘ ਲੰਗਾਹ ਤਰਨ ਤਾਰਨ ਦੇ ਇੰਚਾਰਜ਼ ਹੋਣਗੇ। ਡਾ ਦਲਜੀਤ ਸਿੰਘ ਚੀਮਾ, ਬੀਬੀ ਹਰਜਿੰਦਰ ਕੌਰ ਤੇ ਪਰਮਿੰਦਰ ਸਿੰਘ ਸੋਹਾਣਾ ਚੰਡੀਗੜ੍ਹ ਦੇ ਇੰਚਾਰਜ਼ ਹੋਣਗੇ।
ਦੂਜੇ ਪਾਸੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਹੋਏ ਫੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿਆ ਵੱਡਾ ਪਾਪ ਕਰਾਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਅਸਤੀਫੇ ਦੇ ਚੁੱਕੇ ਲੀਡਰਸ਼ਿਪ ਨੂੰ ਬਚਾਉਣ ਲਈ ਅਤੇ ਕਮੇਟੀ ਦੀ ਬਜਾਏ ਪੁਰਾਣੀ ਰਵਾਇਤ ਮੁਤਾਬਕ ਅਬਜਰਵਰ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦਾ ਚੀਰ ਹਰਨ ਕਰਦਿਆਂ ਭਗੌੜੇ ਹੋ ਗਏ। ਜਿਸ ਲੀਡਰਸ਼ਿਪ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਜਾਰੀ ਹੁਕਮਨਾਮੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਲੀਡਰਸਿੱਪ ਪੰਥਕ ਪਾਰਟੀ ਦੀ ਅਗਵਾਈ ਦਾ ਅਧਾਰ ਗੁਆ ਚੁੱਕੀ ਹੈ। ਜਾਰੀ ਬਿਆਨ ਵਿੱਚ ਆਗੂਆਂ ਨੇ ਹੁਕਮਨਾਮੇ ਤੋਂ ਭਗੌੜਾ ਹੋਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ, ਤਾਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫ਼ੇ ਸਵੀਕਾਰ ਕਿਉਂ ਨਹੀਂ ਹੋਏ। ਮੈਂਬਰਸ਼ਿਪ ਭਰਤੀ ਕਮੇਟੀ ਨੂੰ ਧੜ ਅਤੇ ਸਿਰ ਤੋਂ ਵੱਖ ਕਰ ਕੇ ਭਗੌੜੇ ਹੋਣ ਦਾ ਸਬੂਤ ਦਿੱਤਾ। ਆਗੂਆਂ ਨੇ ਸਾਫ ਕਿਹਾ ਕਿ ਸੋਚੀ ਸਮਝਿਆ ਅਤੇ ਲਿਖਤੀ ਸਕਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਤਾਂ ਜੋ ਆਪਣੇ ਗ੍ਰੋਹ ਦੇ ਚੁਣਿਆ ਮੈਂਬਰਾਂ ਦੀ ਭਰਤੀ ਕਰਕੇ ਸੁਖਬੀਰ ਸਿੰਘ ਬਾਦਲ ਲਈ ਮੁੜ ਪ੍ਰਧਾਨਗੀ ਲਈ ਰਸਤਾ ਤਿਆਰ ਕੀਤਾ ਜਾ ਸਕੇ।