ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਵਿਆਹ ਲਗਭਗ 10 ਦਿਨ ਪਹਿਲਾਂ ਹੋਇਆ ਸੀ। ਉਸਨੇ 20 ਅਗਸਤ 2025 ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਆਪਣੀ ਮੰਗਣੀ ਦੀ ਫੋਟੋ ਵੀ ਸ਼ੇਅਰ ਕੀਤੀ ਸੀ। ਰਾਣਾ ਬਲਾਚੌਰੀਆ ਦਾ ਪੂਰਾ ਨਾਮ ਕੰਵਰ ਦਿਗਵਿਜੈ ਸਿੰਘ ਹੈ। ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਉਸਨੂੰ ਅਦਾਕਾਰੀ ਦਾ ਵੀ ਜਨੂੰਨ ਸੀ। ਉਹ ਇੱਕ ਸਾਲ ਤੋਂ ਕਬੱਡੀ ਟੀਮ ਪ੍ਰਮੋਟ ਰਿਹਾ ਸੀ। ਉਹ ਸੋਹਾਣਾ ਕਬੱਡੀ ਕੱਪ ਦੇ ਵਿੱਚ ਦੋ ਟੀਮਾਂ ਲੈ ਕੇ ਆਇਆ ਸੀ। ਰਾਣਾ ਬਲਾਚੌਰੀਆ ਬਲਾਚੌਰ ਦਾ ਰਹਿਣ ਵਾਲਾ ਸੀ ਪਰ ਉਹ ਪਿਛਲੇ ਕੁੱਝ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਿਹਾ ਸੀ। ਰਾਣਾ ਬਲਾਚੌਰੀਆ ਦਾ ਕੱਲ੍ਹ ਗੈਂਗਸਟਰਾਂ ਨੇ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਜਦੋਂ ਉਹ ਕਬੱਡੀ ਟੂਰਨਾਮੈਂਟ ਦੌਰਾਨ ਦਰਸ਼ਕਾਂ ‘ਚ ਸੀ। ਇਸ ਦੌਰਾਨ ਬਲੈਰੋ ਸਵਾਰ ਹਮਲਾਵਰਾਂ ਨੇ ਫੋਟੋ ਖਿਚਵਾਉਣ ਦੇ ਬਹਾਨੇ ਉਸ ਕੋਲ ਪਹੁੰਚ ਕੀਤੀ ਅਤੇ ਗੋਲੀਆਂ ਉਸ ਦੇ ਸਿਰ ਵੱਲ ਚਲਾ ਦਿੱਤੀਆਂ। ਇਸ ਉਪਰੰਤ ਹਮਲਾਵਰ ਫ਼ਰਾਰ ਹੋ ਗਏ। ਰਾਣਾ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰੰਤੂ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦੀ ਗੈਂਗਸਟਰ ਡੋਨੀ ਬੱਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਹੈ। ਪੋਸਟ ‘ਚ ਕਿਹਾ ਗਿਆ ਹੈ ਕਿ, “ਮੈਂ, ਡੋਨੀ ਬੱਲ, ਸਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖਾਬੇ, ਪ੍ਰਭਦਾਸਵਾਲ ਅਤੇ ਕੌਸ਼ਲ ਚੌਧਰੀ, ਅੱਜ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਆਦਮੀ (ਰਾਣਾ) ਸਾਡੇ ਲੋਕ ਵਿਰੋਧੀ ਜੱਗੂ ਅਤੇ ਲਾਰੈਂਸ ਦੇ ਸੰਪਰਕ ਵਿੱਚ ਸੀ। ਉਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਲਈ ਰਿਹਾਇਸ਼ ਪ੍ਰਦਾਨ ਕੀਤੀ ਅਤੇ ਨਿੱਜੀ ਤੌਰ ‘ਤੇ ਉਸਦੀ ਦੇਖਭਾਲ ਕੀਤੀ। ਅੱਜ ਰਾਣਾ ਨੂੰ ਮਾਰ ਕੇ, ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ। ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਸੀ। ਅੱਜ ਤੋਂ ਅਸੀਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਨੂੰ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਹੀਂ ਖੇਡਣਾ ਚਾਹੀਦਾ। ਨਹੀਂ ਤਾਂ ਨਤੀਜਾ ਇੱਕੋ ਜਿਹਾ ਹੋਵੇਗਾ। ਸਾਨੂੰ ਕਬੱਡੀ ਤੋਂ ਕੋਈ ਐਲਰਜੀ ਨਹੀਂ ਹੈ। ਅਸੀਂ ਸਿਰਫ਼ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੁੰਦੇ। ਉਡੀਕ ਕਰੋ ਅਤੇ ਦੇਖੋ।” ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮੰਗਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਅਫਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਦੋਵਾਲ ਦੇ ਨਾਂ ਲਿਖੇ ਹੋਏ ਹਨ।
