ਜਲੰਧਰ – ਟੀ-20 ਵਿਸ਼ਵ ਕੱਪ 2021 ’ਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਨੇ ਇਸ ਦੇਸ਼ ਦੇ ਪ੍ਰਸ਼ੰਸਕਾਂ ਦੇ ਦਿਲ ਤੋਡ਼ ਦਿੱਤੇ ਪਰ ਹੁਣ ਅਗਲੇ ਟੀ-20 ਵਿਸ਼ਵ ਕੱਪ ਜੋ ਕਿ 2022 ਵਿਚ ਆਸਟ੍ਰੇਲੀਆ ਵਿਖੇ ਹੋਣ ਜਾ ਰਿਹਾ ਹੈ, ਵਿਚ ਟੀਮ ਇੰਡੀਆ ਕੋਲ ਸੁਧਾਰ ਕਰਨ ਦਾ ਮੌਕਾ ਹੈ। ਆਉਣ ਵਾਲੇ ਸਾਲ 2022 ’ਚ ਪੂਰੀ ਦੁਨੀਆ ’ਚ ਬਹੁਤ ਸਾਰੇ ਦਿਲਚਸਪ ਖੇਡ ਮੁਕਾਬਲੇ ਹੋਣੇ ਹਨ ਪਰ ਕੋਵਿਡ-19 ਅਤੇ ਇਸ ਦੇ ਨਵੇਂ ਵੇਰੀਏਂਟ ਓਮੀਕ੍ਰੋਨ ਕਾਰਨ ਕੁਝ ਕੌਮਾਂਤਰੀ ਸਰਹੱਦਾਂ ਨੂੰ ਮੁਡ਼ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਨ੍ਹਾਂ ਖੇਡਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ 2022 ਵਿਚ ਹੋਣ ਵਾਲੇ ਕੁਝ ਖੇਡ ਮੁਕਾਬਲਿਆਂ ’ਤੇ ਪ੍ਰਸ਼ੰਸਕਾਂ ਦੀ ਨਜ਼ਰ ਹੋਵੇਗੀ। 2022 ’ਚ ਪਹਿਲਾ ਵੱਡਾ ਟੂਰਨਾਮੈਂਟ ਆਸਟ੍ਰੇਲੀਅਨ ਓਪਨ ਹੋਵੇਗਾ, ਜੋ 17 ਤੋਂ 30 ਜਨਵਰੀ ਤਕ ਮੈਲਬੋਰਨ ’ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਦਾ 110ਵਾਂ ਐਡੀਸ਼ਨ ਅਤੇ ਕੈਲੰਡਰ ’ਤੇ ਪਹਿਲਾ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ ਹੋਵੇਗਾ। ਦੋ ਹਫ਼ਤਿਆਂ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਸਿੰਗਲਜ, ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੁਕਾਬਲੇ ਹੋਣਗੇ। ਨੋਵਾਕ ਜੋਕੋਵਿਕ ਅਤੇ ਨਾਓਮੀ ਓਸਾਕਾ ਕ੍ਰਮਵਾਰ ਪੁਰਸ਼ ਸਿੰਗਲਜ਼ ਅਤੇ ਮਹਿਲਾ ਸਿੰਗਲਜ਼ ’ਚ ਮੌਜੂਦਾ ਚੈਂਪੀਅਨ ਹਨ। 2022 ਵਿੰਟਰ ਓਲੰਪਿਕ ਦੇ ਮੁਕਾਬਲੇ ਚਾਰ ਤੋਂ 20 ਫਰਵਰੀ ਤਕ ਚੀਨ ਦੇ ਬੀਜਿੰਗ ਤੇ ਹੇਬੇਈ ’ਚ ਹੋਣਗੇ। ਇਹ ਚੀਨ ਵਿਚ ਖੇਡਿਆ ਜਾਣ ਵਾਲਾ ਪਹਿਲਾ ਸਰਦ ਰੁੱਤ ਓਲੰਪਿਕ ਹੋਵੇਗਾ। ਇਹ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਗਰਮ ਅਤੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਛੇ ਮਹੀਨੇ ਦੇ ਫ਼ਰਕ ਨਾਲ ਖੇਡੀਆਂ ਜਾਣਗੀਆਂ ਕਿਉਂਕਿ ਕੋਵਿਡ 19 ਕਾਰਨ ਗਰਮ ਰੁੱਤ ਓਲੰਪਿਕ ਨੂੰ 2021 ਤਕ ਮੁਲਤਵੀ ਕਰ ਦਿੱਤਾ ਗਿਆ ਸੀ। ਵਿੰਟਰ ਓਲੰਪਿਕ ਤੋਂ ਇਕ ਮਹੀਨੇ ਬਾਅਦ ਵਿੰਟਰ ਪੈਰਾਲੰਪਿਕ ਦੇ ਮੁਕਾਬਲੇ ਖੇਡੇ ਜਾਣਗੇ। ਇਹ ਟੂਰਨਾਮੈਂਟ ਚੀਨ ’ਚ ਚਾਰ ਤੋਂ 13 ਮਾਰਚ ਤਕ ਖੇਡਿਆ ਜਾਵੇਗਾ।
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਪਿਛਲੇ ਦਿਨੀਂ ਬੈਟਸਮੈਨ ਸ਼ਬਦ ਨੂੰ ਬਦਲ ਕੇ ‘ਬੈਟਰ’ ਕਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਹਿਲਾ ਕ੍ਰਿਕਟ ਹੁਣ ਮਰਦਾਂ ਦੀ ਕ੍ਰਿਕਟ ਦੇ ਪਰਛਾਵੇਂ ਹੇਠ ਨਾ ਰਹੇ। ਮਹਿਲਾ ਕ੍ਰਿਕਟ ਪਿਛਲੇ ਕੁਝ ਸਾਲਾਂ ਦੌਰਾਨ ਪ੍ਰਸਿੱਧੀ ਅਤੇ ਮੁਕਾਬਲੇਬਾਜ਼ੀ ’ਚ ਬਹੁਤ ਅਗਾਂਹ ਵਧਿਆ ਹੈ ਅਤੇ ਅਗਲੇ ਵਿਸ਼ਵ ਕੱਪ ’ਚ ਇਹ ਕ੍ਰਿਕਟ ਪ੍ਰੇਮੀਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਟੂਰਨਾਮੈਂਟ ਦਾ 12ਵਾਂ ਐਡੀਸ਼ਨ ਨਿਊਜ਼ੀਲੈਂਡ ’ਚ ਚਾਰ ਮਾਰਚ ਤੋਂ ਤਿੰਨ ਅਪ੍ਰੈਲ ਤਕ ਖੇਡਿਆ ਜਾਵੇਗਾ।
ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਐਡੀਸ਼ਨ ਦੀਆਂ ਤਰੀਕਾਂ ਦਾ ਅਜੇ ਫ਼ੈਸਲਾ ਨਹੀਂ ਹੋਇਆ ਹੈ, ਪਰ ਪੈਸੇ ਨਾਲ ਭਰਪੂਰ ਕ੍ਰਿਕਟ ਟੂਰਨਾਮੈਂਟ ਅਪ੍ਰੈਲ ’ਚ ਭਾਰਤ ’ਚ ਖੇਡੇ ਜਾਣ ਦੀ ਸੰਭਾਵਨਾ ਹੈ। ਇਸ ਵਾਰ ਅਹਿਮਦਾਬਾਦ ਅਤੇ ਲਖਨਊ ਦੋ ਨਵੀਆਂ ਟੀਮਾਂ ਹੋਣਗੀਆਂ। ਸੀਜ਼ਨ ਲਈ ਮੈਗਾ ਨਿਲਾਮੀ ਅਗਲੇ ਮਹੀਨੇ ਦੇ ਸ਼ੁਰੂ ’ਚ ਹੋਵੇਗੀ।
13 ਤੋਂ 29 ਮਈ 2022 ਤਕ ਫਿਨਲੈਂਡ ਦੀ ਮੇਜ਼ਬਾਨੀ ’ਚ ਹੋਣ ਵਾਲੀ ਆਈਸ ਹਾਕੀ ਵਿਸ਼ਵ ਚੈਂਪੀਅਨਸ਼ਿਪ ਦੇ 86ਵੇਂ ਐਡੀਸ਼ਨ ’ਚ 16 ਟੀਮਾਂ ਹਿੱਸਾ ਲੈਣਗੀਆਂ। ਗਰੁੱਪ ਏ ’ਚ ਕੈਨੇਡਾ, ਆਰਓਸੀ, ਜਰਮਨੀ, ਸਵਿਟਜ਼ਰਲੈਂਡ, ਸਲੋਵਾਕੀਆ, ਡੈਨਮਾਰਕ, ਕਜ਼ਾਕਿਸਤਾਨ ਤੇ ਇਟਲੀ ਹਨ, ਜਦਕਿ ਗਰੁੱਪ ਬੀ ’ਚ ਫਿਨਲੈਂਡ, ਅਮਰੀਕਾ, ਚੈੱਕ ਗਣਰਾਜ, ਸਵੀਡਨ, ਲਾਤਵੀਆ, ਨਾਰਵੇ, ਬੇਲਾਰੂਸ ਅਤੇ ਬ੍ਰਿਟੇਨ ਸ਼ਾਮਲ ਹਨ। ਗਰੁੱਪ ਏ ਦੇ ਮੈਚ ਹੇਲਸਿੰਕੀ ਵਿਖੇ ਖੇਡੇ ਜਾਣਗੇ ਜਦਕਿ ਟੈਂਪੇਰੇ ਗਰੁੱਪ ਬੀ ਦੀਆਂ ਖੇਡਾਂ ਦੀ ਮੇਜ਼ਬਾਨੀ ਕਰੇਗਾ।
ਦੇਰ ਤੋਂ ਉਡੀਕਿਆ ਜਾ ਰਿਹਾ 2021-22 ਯੂਏਫਾ ਚੈਂਪੀਅਨਜ਼ ਲੀਗ ਦਾ ਫਾਈਨਲ (ਯੂਰਪ ਦੇ ਪ੍ਰੀਮੀਅਰ ਕਲੱਬ ਫੁੱਟਬਾਲ ਟੂਰਨਾਮੈਂਟ ਦਾ 67ਵਾਂ ਐਡੀਸ਼ਨ) 28 ਮਈ ਨੂੰ ਰੂਸ ਵਿਖੇ ਸੇਂਟ ਪੀਟਰਜ਼ਬਰਗ ਦੇ ਕ੍ਰੇਸਟੋਵਸਕੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਬਾਸਕਟਬਾਲ ਜ਼ਿਆਦਾਤਰ ਅਮਰੀਕਾ ਨਾਲ ਜੁਡ਼ਿਆ ਹੋਇਆ ਹੈ ਪਰ ਇਸ ਖੇਡ ਨੇ ਪਿਛਲੇ ਸਾਲਾਂ ਦੌਰਾਨ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ। 2021-22 ਸੀਜ਼ਨ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦਾ 76ਵਾਂ ਸੀਜ਼ਨ) 19 ਅਕਤੂਬਰ, 2021 ਤੋਂ ਸ਼ੁਰੂ ਹੋਇਆ ਸੀ ਅਤੇ 19 ਜੂਨ 2022 ਨੂੰ ਸਮਾਪਤ ਹੋਣ ਵਾਲਾ ਹੈ। ਪਿਛਲੇ ਸਾਲ, ਮਿਲਵਾਕੀ ਬਕਸ ਨੇ ਫਾਨੈਕਸ ਸਨਜ਼ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ ਸੀ।
ਟੈਨਿਸ ਦਾ ਸਭ ਤੋਂ ਵੱਡਾ ਟੂਰਨਾਮੈਂਟ 27 ਜੂਨ, 2022 ਨੂੰ ਲੰਡਨ ’ਚ ਆਪਣੇ 135ਵੇਂ ਸੀਜ਼ਨ ਲਈ ਵਾਪਸ ਆ ਰਿਹਾ ਹੈ। ਇਸ ਟੂਰਨਾਮੈਂਟ ’ਚ ਭੀਡ਼ ਦੇ ਦੋ ਸਾਲਾਂ ਬਾਅਦ ਵਾਪਸ ਆਉਣ ਦੀ ਸੰਭਾਵਨਾ ਹੈ। ਨੋਵਾਕ ਜੋਕੋਵਿਕ ਅਤੇ ਐਸ਼ਲੇ ਬਾਰਟੀ ਨੇ 2021 ’ਚ ਪੁਰਸ਼ ਅਤੇ ਮਹਿਲਾ ਸਿੰਗਲਜ਼ ਮੁਕਾਬਲੇ ਜਿੱਤੇ ਸਨ।
ਟੈਨਿਸ ਪ੍ਰਸ਼ੰਸਕਾਂ ਨੂੰ ਵਿੰਬਲਡਨ ਤੋਂ ਥੋਡ਼੍ਹੀ ਦੇਰ ਬਾਅਦ ਯੂਐੱਸ ਓਪਨ ਸ਼ੁਰੂ ਹੋਣ ’ਤੇ ਪੂਰਾ ਮਨੋਰੰਜਨ ਮਿਲੇਗਾ। ਨਿਊਯਾਰਕ ਸਿਟੀ ’ਚ 29 ਅਗਸਤ ਤੋਂ 11 ਸਤੰਬਰ ਤਕ ਖੇਡਿਆ ਜਾਣ ਵਾਲਾ ਯੂਐੱਸ ਓਪਨ ਸਾਲ ਦਾ ਚੌਥਾ ਅਤੇ ਆਖ਼ਰੀ ਗਰੈਂਡ ਸਲੈਮ ਹੋਵੇਗਾ। ਇਸ ਟੂਰਨਾਮੈਂਟ ਦੇ ਪਿਛਲੀ ਵਾਰ ਦੇ ਮਰਦ ਤੇ ਮਹਿਲਾ ਸਿੰਗਲਜ਼ ਦੇ ਜੇਤੂ ਕ੍ਰਮਵਾਰ ਡੇਨੀਅਲ ਮੇਦਵੇਦੇਵ ਅਤੇ ਐਮਾ ਰਾਡੂਕਾਨੂ ਸਨ।
ਆਈਸੀਸੀ ਮਰਦਾਂ ਦੇ ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ 16 ਅਕਤੂਬਰ ਤੋਂ 13 ਨਵੰਬਰ 2022 ਤਕ ਆਸਟ੍ਰੇਲੀਆ ਵਿਖੇ ਖੇਡਿਆ ਜਾਵੇਗਾ। ਮੇਜ਼ਬਾਨ ਟੀਮ ਆਪਣੇ ਖ਼ਿਤਾਬ ਦਾ ਬਚਾਅ ਘਰ ’ਚ ਕਰਨਾ ਚਾਹੇਗੀ, ਜਦਕਿ ਨਵੇਂ ਕਪਤਾਨ ਰੋਹਿਤ ਸ਼ਰਮਾ ਨਾਲ ਭਾਰਤ ਇਸ ਵਾਰ ਨਾਕਆਊਟ ਲਈ ਕੁਆਲੀਫਾਈ ਕਰਨਾ ਚਾਹੇਗਾ।ਫੁੱਟਬਾਲ ਦੇ ਪ੍ਰਸ਼ੰਸਕਾਂ ਦੀ ਉਡੀਕ ਆਖ਼ਰ ਉਦੋਂ ਖ਼ਤਮ ਹੋਵੇਗੀ ਜਦ ਫੁੱਟਬਾਲ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਦਿਲਚਸਪ ਮੁਕਾਬਲਿਆਂ ਦਾ 22ਵਾਂ ਐਡੀਸ਼ਨ 21 ਨਵੰਬਰ ਨੂੰ ਕਤਰ ’ਚ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦ ਫੀਫਾ ਵਿਸ਼ਵ ਕੱਪ ਕਿਸੇ ਅਰਬ ਦੇਸ਼ ’ਚ ਖੇਡਿਆ ਜਾਵੇਗਾ ਅਤੇ ਇਸ ਵਾਰ ਫੀਫਾ ਵਿਸ਼ਵ ਕੱਪ ’ਚ ਆਖ਼ਰੀ ਵਾਰ 32 ਟੀਮਾਂ ਆਪਣਾ ਦਮ ਦਿਖਾਉਣਗੀਆਂ। 23ਵੇਂ ਐਡੀਸ਼ਨ ਤੋਂ ਵਿਸ਼ਵ ਕੱਪ ’ਚ 48 ਟੀਮਾਂ ਹਿੱਸਾ ਲੈਣਗੀਆਂ। 2022 ਐਡੀਸ਼ਨ 28 ਦਿਨਾਂ ’ਚ ਖੇਡਿਆ ਜਾਵੇਗਾ ਜਿਸ ਦਾ ਫਾਈਨਲ 18 ਦਸੰਬਰ ਨੂੰ ਹੋਵੇਗਾ।
ਹਾਕੀ ’ਚ ਮਹਿਲਾਵਾਂ ਦਾ ਏਸ਼ੀਆ ਕੱਪ 21 ਤੋਂ 28 ਜਨਵਰੀ 2022 ਤਕ ਬੈਂਕਾਕ, ਥਾਈਲੈਂਡ ਵਿਖੇ ਖੇਡਿਆ ਜਾਵੇਗਾ। ਐੱਫਆਈਐੱਚ ਮਹਿਲਾ ਹਾਕੀ ਪ੍ਰੋ ਲੀਗ ਦੇੇ ਮੁਕਾਬਲੇ 31 ਜਨਵਰੀ ਤੋਂ 19 ਜੂਨ ਵਿਚਾਲੇ, ਭਾਰਤ, ਥਾਈਲੈਂਡ ਤੇ ਬੈਲਜੀਅਮ ਵਿਖੇ ਜਦਕਿ ਮਰਦ ਹਾਕੀ ਪ੍ਰੋ ਲੀਗ ਦੇ ਮੈਚ ਪੰਜ ਫਰਵਰੀ ਤੋਂ 19 ਜੂਨ 2022 ਤਕ ਭਾਰਤ, ਨੀਦਰਲੈਂਡ, ਦੱਖਣੀ ਅਫਰੀਕਾ ਤੇ ਬੈਲਜੀਅਮ ਵਿਖੇ ਖੇਡੇ ਜਾਣਗੇ। ਮਹਿਲਾ ਹਾਕੀ ਵਿਸ਼ਵ ਕੱਪ ਇਕ ਜੁਲਾਈ ਤੋਂ 17 ਜੁਲਾਈ 2022 ਤਕ ਸਪੇਨ ਤੇ ਨੀਦਰਲੈਂਡ ਵਿਖੇ ਖੇਡਿਆ ਜਾਵੇਗਾ।
ਵਿਸ਼ਵ ਸਨੂਕਰ ਚੈਂਪੀਅਨਸ਼ਿਪ (16 ਅਪ੍ਰੈਲ ਤੋਂ 2 ਮਈ), ਵਿਸ਼ਵ ਐਕਵਾਟਿਕਸ ਚੈਂਪੀਅਨਸ਼ਿਪ (13 ਤੋਂ 29 ਮਈ), ਫ੍ਰੈਂਚ ਓਪਨ (22 ਮਈ ਤੋਂ ਪੰਜ ਜੂਨ), ਟੂਰ ਡੀ ਫਰਾਂਸ (ਇਕ ਤੋਂ 24 ਜੁਲਾਈ), ਰਾਸ਼ਟਰਮੰਡਲ ਖੇਡਾਂ (28 ਜੁਲਾਈ ਤੋਂ ਅੱਠ ਅਗਸਤ), ਰਗਬੀ ਵਿਸ਼ਵ ਕੱਪ ਸੈਵਨ (ਨੌਂ ਤੋਂ 11 ਸਤੰਬਰ), ਅਤੇ ੲਸ਼ਿਆਈ ਖੇਡਾਂ (10 ਤੋਂ 25 ਸਤੰਬਰ)।