Punjab

‘ਵਿਗਿਆਨ ਅਤੇ ਤਕਨਾਲੋਜੀ ’ਚ ਮੌਜੂਦਾ ਰੁਝਾਨ’ ਵਿਸ਼ੇ ’ਤੇ 3 ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਸ਼ਾਨਦਾਰ ਆਗਾਜ

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕਾਨਫਰੰਸ ਦੌਰਾਨ ਉੱਪ ਕੁਲਪਤੀ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ, ਡਾ. ਤਮਿੰਦਰ ਸਿੰਘ ਭਾਟੀਆ ਅਤੇ ਨਾਲ ਹਾਜ਼ਰ ਹੋਰ ਸਖ਼ਸ਼ੀਅਤਾਂ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ 28ਵੀਂ ਪੰਜਾਬ ਸਾਇੰਸ ਕਾਂਗਰਸ ਅਤੇ ਪੰਜਾਬ ਅਕੈਡਮੀ ਆਫ਼ ਸਾਇੰਸ, ਪਟਿਆਲਾ ਦੀ ਅਗਵਾਈ ਹੇਠ ‘ਵਿਗਿਆਨ ਅਤੇ ਤਕਨਾਲੋਜੀ ’ਚ ਮੌਜੂਦਾ ਰੁਝਾਨ’ ਵਿਸ਼ੇ ’ਤੇ 3 ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਸ਼ਾਨਦਾਰ ਆਗਾਜ ਹੋਇਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਸਹਿਯੋਗ ਨਾਲ ਆਯੋਜਿਤ ਉਕਤ ਕਾਨਫ਼ਰੰਸ ’ਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ  ਪੰਜਾਬ ਅਕਾਦਮੀ ਆਫ਼ ਸਾਇੰਸਜ਼ ਦੇ ਪ੍ਰਧਾਨ ਪ੍ਰੋ: ਤਰਲੋਕ ਸਿੰਘ ਅਤੇ ਪੀ. ਏ. ਐਸ. ਦੇ ਸਕੱਤਰ ਪ੍ਰੋ: ਐਨ.ਆਰ. ਧਾਮੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਕਾਨਫਰੰਸ ’ਚ ਡਾ. ਅਰੁਣ ਚੰਦਨ, ਰਿਜਨਲ ਡਾਇਰੈਕਟਰ, ਆਰ. ਆਈ. ਐਮ. ਐਮ. ਐੱਸ., ਪ੍ਰੋ: ਸੁਨੀਲ ਕੁਮਾਰ ਸਿੰਗਲਾ, ਮੁਖੀ, ਇਲੈਕਟ੍ਰੀਕਲ ਇੰਜੀਨੀਅਰਿੰਗ ਟੀ. ਆਈ. ਈ.ਟੀ., ਪ੍ਰੋ.ਆਰ. ਸੀ. ਸੋਬਤੀ, ਸਾਬਕਾ ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪ੍ਰੋ: ਸਤਵਿੰਦਰਜੀਤ ਕੌਰ, ਬੌਟੇਨੀਕਲ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।

ਉਕਤ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਕਾਲਜ ਸ਼ਬਦ ਨਾਲ ਹੋਈ, ਉਪਰੰਤ ਡਾ: ਕਾਹਲੋਂ ਅਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਤੇ ਪੀ. ਐੱਸ. ਸੀ.-2025 ਦੇ ਕੋਆਰਡੀਨੇਟਰ ਡਾ: ਤਮਿੰਦਰ ਸਿੰਘ ਭਾਟੀਆ ਵੱਲੋਂ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਲੋਕਾਂ ਨੂੰ ਵਿਗਿਆਨਕ ਸੁਭਾਅ ਅਤੇ ਨਜ਼ਰੀਆ ਅਪਨਾਉਣ ਦੀ ਅਪੀਲ ਕੀਤੀ, ਕਿਉਂਕਿ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਇਹ ਜ਼ਰੂਰੀ ਹੈ। ਉਨ੍ਹਾਂ ਲੋਕਾਂ ਦੀ ਭਲਾਈ ਲਈ ਵਿਗਿਆਨਕ ਖੋਜਾਂ ਨੂੰ ਸਾਹਮਣੇ ਲਿਆਉਣ ਲਈ ਨੌਜਵਾਨਾਂ ਦੇ ਮਨਾਂ ’ਚ ਨਵੀਨਤਾ ਦੀ ਭਾਵਨਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ ਡਾ. ਮਹਿਲ ਸਿੰਘ ਨੇ ਪੰਜਾਬ ਸਾਇੰਸ ਕਾਂਗਰਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਾਲਜ ਨੂੰ ਸਮਾਗਮ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ। ਡਾ: ਕਾਹਲੋਂ ਨੇ ਕਾਲਜ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਸਮਰੱਥਾਵਾਂ ’ਚ ਵਿਗਿਆਨ ’ਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਵੱਖ-ਵੱਖ ਸੰਸਥਾਵਾਂ ’ਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਇਸ ਮੌਕੇ ਡਾ: ਭਾਟੀਆ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ। ਪੀ. ਐੱਸ. ਸੀ.-2025 ਦੇ ਜਥੇਬੰਦਕ ਸਕੱਤਰ ਡਾ: ਰਾਜਬੀਰ ਸਿੰਘ ਸੋਹੀ ਨੇ 28ਵੀਂ ਪੰਜਾਬ ਸਾਇੰਸ ਕਾਂਗਰਸ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਅਕੈਡਮੀ ਆਫ਼ ਸਾਇੰਸਿਜ਼, ਪਟਿਆਲਾ ਦੀ ਸਰਪ੍ਰਸਤੀ ਹੇਠ ਕਾਲਜ ਦੀ ਸਮੁੱਚੀ ਫੈਕਲਟੀ ਆਫ਼ ਸਾਇੰਸਜ਼ ਵੱਲੋਂ ਕਰਵਾਇਆ ਜਾਂਦਾ ਹੈ। ਇਸ ਮੌਕੇ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਨੇ ਬੌਟਨੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋਫੈਸਰ (ਸੇਵਾਮੁਕਤ) ਪ੍ਰੋ: ਏ. ਐੱਸ. ਆਹਲੂਵਾਲੀਆ ਨੂੰ ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਲਈ ਜੀਵਨ ਭਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅੰਤ ’ਚ ਡਾ: ਹਰਵਿੰਦਰ ਕੌਰ, ਡੀਨ, ਫੈਕਲਟੀ ਆਫ਼ ਸਾਇੰਸਿਜ਼ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin