ਕੁੱਝ ਪੁਰਾਤਨ ਘਟਨਾਵਾਂ ਅਜਿਹੀਆਂ ਹਨ ਜੋ ਇਸਰਾਈਲ, ਫਲਸਤੀਨ ਝਗੜੇ ਨੂੰ ਜੜ ਤੋਂ ਸਮਝਣ ਵਿੱਚ ਕਾਰਗਰ ਸਾਬਿਤ ਹੋ ਸਕਦੀਆਂ ਹਨ :-
ਪਹਿਲੀ – ਪੈਗੰਬਰ ਅਬਰਾਹਮ ਨੇ 1800 ਈ.ਪੂ. ਵਿੱਚ ਮੈਸੋਪੋਟਾਮੀਆਂ ਦੇ ਉਰ (ਇਰਾਕ) ਵਿੱਚ ਇੱਕ ਮੂਰਤੀਆਂ ਬਣਾਉਣ ਵਾਲੇ ਦੇ ਘਰ ਜਨਮ ਲਿਆ। ਬਚਪਨ ਵਿੱਚ ਹੀ ਉਹ ਆਪਣੇ ਪਿਤਾ ਸਾਹਮਣੇ ਮੂਰਤੀ ਦੀ ਸ਼ਕਤੀ ਉੱਪਰ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਮੂਰਤੀਆਂ ਤੋੜੀਆਂ ਵੀ ਸਨ। ਉਨ੍ਹਾਂ ਨੇ ਇੱਕ ਨਿਰਾਕਾਰ ਈਸ਼ਵਰ ਦਾ ਮੱਤ ਪੇਸ਼ ਕੀਤਾ। ਫਿਰ ਉਨ੍ਹਾਂ ਨੇ ਦੇਖਿਆ ਕਿ ਉਰ ਬੇਬੀਲੋਨ ਸਾਮਰਾਜ ਦਾ ਭਾਗ ਹੈ, ਜਿੱਥੇ ਲੋਕ ਮੈਸੋਪੈਟਾਮੀਆਂ ਸੱਭਿਅਤਾ ਦੇ ਪ੍ਰਭਾਵ ਅਧੀਨ ਹਨ, ਜਿਨ੍ਹਾਂ ਦਾ ਪ੍ਰਕ੍ਰਿਤੀ ਅਤੇ ਕਲਾ ਨਾਲ਼ ਅਥਾਹ ਪਿਆਰ ਅਤੇ ਲਗਾਵ ਹੈ, ਇਸ ਲਈ ਇੱਥੇ ਉਨ੍ਹਾਂ ਦਾ ਸਿਧਾਂਤ ਕੰਮ ਨਹੀਂ ਕਰਨਾ। ਉਹ ਇੱਕ ਅਜਿਹੇ ਇਲਾਕੇ ਦੀ ਭਾਲ ਵਿੱਚ ਸਨ, ਜੋ ਕਿਸੇ ਸ਼ਕਤੀਸ਼ਾਲੀ ਸਾਮਰਾਜ ਵਿੱਚ ਨਾ ਹੋ ਕੇ ਜਾਣਿਆ ਪਹਿਚਾਣਿਆ ਵੀ ਨਾ ਹੋਵੇ। ਉਨ੍ਹਾਂ ਨੇ ਮੌਜੂਦਾ ਇਸਰਾਈਲ ਦਾ ਇਲਾਕਾ ਚੁਣਿਆ, ਜਿੱਥੇ ਉਸ ਵੇਲੇ ਕੇਨਾਨ ਸੱਭਿਅਤਾ ਦਾ ਰਾਜ ਸੀ, ਜੋ ਭਾਵੇਂ ਮੂਰਤੀ ਪੂਜਾ ਅਤੇ ਪ੍ਰਕ੍ਰਿਤੀ ਵਿੱਚ ਵਿਸਵਾਸ਼ ਕਰਦੀ ਸੀ, ਪਰ ਇੰਨੀ ਸ਼ਕਤੀਸ਼ਾਲੀ ਨਹੀਂ ਸੀ। ਇਸ ਵਿੱਚ ਇਸਰਾਈਲ, ਲੈਬਨਾਨ, ਸੀਰੀਆ ਅਤੇ ਜੋਰਡਨ ਦੇ ਇਲਾਕੇ ਆਉਂਦੇ ਸਨ। ਅਬਰਾਹਮ ਦੀ ਪਹਿਲੀ ਪਤਨੀ ਸਾਰਾ ਦੀ ਕੁੱਖੋਂ ਇਸਾਕ ਦਾ ਜਨਮ ਹੋਇਆ ਅਤੇ ਇਸਾਕ ਦਾ ਪੁੱਤਰ ਯਾਕੂਬ ਸੀ। ਯਾਕੂਬ ਦਾ ਹੀ ਦੂਸਰਾ ਨਾਮ ਇਸਰਾਈਲ ਸੀ। ਇਸਰਾਈਲ ਦਾ ਅਰਥ ਹੈ, ਈਸ਼ਵਰ ਨਾਲ਼ ਯੁੱਧ ਕਰਨ ਵਾਲਾ। ਯਾਕੂਬ ਤੋਂ ਹੀ ਇਸ ਇਲਾਕੇ ਦਾ ਨਾਮ ਇਸਰਾਈਲ ਪਿਆ। ਇਸ ਗੱਲ ਤੇ ਧਿਆਨ ਦੋਵੋ, ਇਹ ਗੱਲ 1800 ਈ.ਪੂ. ਦੀ ਹੈ। ਯਾਕੂਬ ਦੇ ਬਾਰਾਂ ਪੁੱਤਰਾਂ ਚੋਂ ਇੱਕ ਦਾ ਨਾਮ ਜੂਡਾਹ ਸੀ, ਜਿੱਥੋਂ ਯਹੂਦੀ ਸ਼ਬਦ ਦੀ ਉਤਪਤੀ ਹੁੰਦੀ ਹੈ।
ਦੂਜੀ ਘਟਨਾ ਹੈ – ਪੈਗੰਬਰ ਦੀ ਮੂਸਾ ਦੀ, ਪੈਗੰਬਰ ਮੂਸਾ ਦਾ ਜਨਮ ਯਹੂਦੀ ਪਰਿਵਾਰ ਵਿੱਚ ਹੋਇਆ ਅਤੇ ਪਾਲਣ-ਪੋਸ਼ਣ ਮਿਸਰ ਦੇ ਰਾਜੇ ਰਾਮੇਸਿਸ ਦੂਜੇ ਦੇ ਰਾਜ ਮਹਿਲਾਂ ਚ ਹੋਇਆ। ਉਸ ਵੇਲੇ ਰਾਮੇਸਿਸ ਦੂਜਾ ਯਹੂਦੀਆਂ ਤੋਂ ਗੁਲਾਮਾ ਵਾਲਾ ਕੰਮ ਲੈਂਦਾ ਸੀ, ਯਹੂਦੀਆਂ ਦੀ ਹਾਲਤ ਬਹੁਤ ਭੈੜੀ ਸੀ। ਜਦੋਂ ਮੂਸੇ ਨੂੰ ਆਪਣਾ ਯਹੂਦੀ ਹੋਣ ਦਾ ਪਤਾ ਚੱਲਿਆ ਤਾਂ ਉਹ ਆਪਣੀ ਕੌਮ ਦੇ ਸਾਰੇ ਗੁਲਾਮਾਂ ਨੂੰ ਨਾਲ਼ ਲੈ ਕੇ ਇਸਰਾਈਲ ਵੱਲ ਚੱਲ ਪਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮਿਸਰ ਵਿੱਚ ਪੈਂਦੇ ਸਿਨਾਈ ਪੈਨੀਸੁਲਾ ਵਿੱਚ ਪੈਂਦੀ ਹੋਰੇਬ ਚੋਟੀ ਤੋਂ ਪੈਗੰਬਰ ਮੂਸੇ ਨੂੰ ਰੋਸ਼ਨੀ ਦੀ ਕਿਰਨ ਪ੍ਰਾਪਤ ਹੋਈ ਸੀ। ਇਸਰਾਈਲ ਦੇ ਲੋਕਾਂ ਨੇ ਮੂਸੇ ਨੂੰ ਆਪਣਾ ਪੈਗੰਬਰ ਮੰਨ ਲਿਆ। ਇਹ ਸਮਾਂ ਸੀ 1391-1271 ਈ. ਪੂ. ਦਾ। ਪੈਗੰਬਰ ਮੂਸੇ ਨੇ ਵਿਧੀਵਤ ਯਹੂਦੀ ਧਰਮ ਦੀ ਨੀਂਹ ਰੱਖ ਦਿੱਤੀ ਅਤੇ ਆਪਣੀ ਕੌਮ ਨੂੰ ਇੱਕ ਲਿਖਤ ਉਲਡ ਟੈਸਟਾਮੈਂਟ (ਪੁਰਾਣਾ ਅਹਿਦਨਾਮਾ) ਦਿੱਤਾ। ਉਸਨੇ ਨਿਰਾਕਾਰ ਈਸ਼ਵਰ ਨੂੰ ਯਹੋਵਾ ਕਹਿ ਕੇ ਪੁਕਾਰਿਆ।
ਇਹ ਦਸ ਨੇਮ ਹਨ :
- ਮੂਰਤੀ ਪੂਜਾ ਦੀ ਮਨਾਹੀ
- ਰੱਬ ਦਾ ਨਾਮ ਅਕਾਰਥ ਨਹੀਂ ਲੈਣਾ। ਰੱਬ ਨਿੱਜੀ ਸੋਚ ਹੈ, ਰੱਬ ਨੀਤੀਵਾਨ ਯਹੋਵਾ ਹੈ।
- ਮਾਤਾ-ਪਿਤਾ ਦਾ ਸਤਿਕਾਰ ਕਰਨਾ।
- ਚੋਰੀ ਨਹੀਂ ਕਰਨੀ।
- ਗੁਆਂਢੀ ਦੀ ਝੂਠੀ ਗਵਾਹੀ ਨਹੀਂ ਦੇਣੀ।
- ਵਿਭਚਾਰ ਨਹੀਂ ਕਰਨਾ।
- ਕਿਸੇ ਦਾ ਖੂਨ ਨਹੀਂ ਕਰਨਾ।
- ਗੁਆਂਢੀ ਦੀ ਕਿਸੇ ਚੀਜ ਦਾ ਲੋਭ ਨਹੀਂ ਕਰਨਾ।
- ਕਿਸੇ ਨੂੰ ਗੁਲਾਮ ਨਹੀਂ ਰੱਖਣਾ।
- ਸੱਤਵਾਂ ਦਿਨ ਪਵਿੱਤਰ ਦਿਨ ਹੈ, ਇਸ ਲਈ ਇਹ ਅਰਾਮ ਕਰਨ ਦਾ ਦਿਨ ਹੋਵੇਗਾ।
ਇਹ ਦਸ ਨੇਮ ਹੀ ਯਹੂਦੀ ਧਰਮ ਨੂੰ ਇੱਕ ਨਿਰਾਕਾਰ ਈਸ਼ਵਰ ਵਾਦ ਦੀ ਨਿਰਪੇਖ ਸੋਚ ਤੋਂ ਸਾਪੇਖਤਾ ਵੱਲ ਲੈ ਕੇ ਜਾਂਦੇ ਹਨ।
ਤੀਜਾ ਬਿੰਦੂ ਹੈ ਹਿਬਰੂ ਭਾਸ਼ਾ – ਪੁਰਾਣੇ ਅਹਿਦਨਾਮੇ ਦਾ ਵੱਡਾ ਭਾਗ ਹਿਬਰੂ ਭਾਸ਼ਾ ਵਿੱਚ ਲਿਖਿਆ ਗਿਆ ਹੈ, ਇਸਦੇ ਕੁਝ ਪਾਠ ਅਰਾਮਿਕ ਭਾਸ਼ਾ ਵਿੱਚ ਹਨ। ਹਿਬਰੂ ਭਾਸ਼ਾ ਇੱਕ ਬਹੁਤ ਹੀ ਪ੍ਰਾਚੀਨ ਭਾਸ਼ਾ ਹੈ, ਇਹ ਮਿਸਰੀ ਅਤੇ ਕੇਨੇਨਾਈਟ ਭਾਸ਼ਾ ਦਾ ਸੁਮੇਲ ਹੈ ਅਤੇ ਇਸ ਖੇਤਰ ਚੋਂ ਉਪਜੀ ਇੱਕੋ-ਇੱਕ ਸੱਭਿਆਚਾਰਕ ਭਾਸ਼ਾ ਹੈ। ਇਸਰਾਈਲ ਅਤੇ ਦੁਨੀਆਂ ਦੇ ਕਿਸੇ ਭਾਗ ਵਿੱਚ ਵੱਸਦੇ ਯਹੂਦੀ ਹਿਬਰੂ ਭਾਸ਼ਾ ਨੂੰ ਉਨ੍ਹਾਂ ਹੀ ਪਵਿੱਤਰ ਮੰਨਦੇ ਹਨ, ਜਿਨ੍ਹਾਂ ਆਪਣੇ ਦੇਵਤਿਆਂ ਨੂੰ। ਜਦੋਂ ਕਿ ਇਸੇ ਖੇਤਰ ਵਿੱਚ ਰਹਿਣ ਵਾਲੇ ਫਿਲਸਤੀਨੀ ਅਰਬੀ ਭਾਸ਼ਾ ਬੋਲਦੇ ਹਨ। ਯੋਰੋਸਲਮ, 1918 ਵਿੱਚ ਹਿਬਰੂ ਯੂਨੀਵਰਸਿਟੀ ਦੀ ਸਥਾਪਨਾ ਲਈ ਪ੍ਰਮੁੱਖ ਯਹੂਦੀ ਵਿਗਿਆਨੀ ਅਲਵਰਟ ਆਈਨਸਟਾਈਨ ਨੇ ਆਪਣਾ ਪ੍ਰਮੁੱਖ ਯੋਗਦਾਨ ਪਾਇਆ ਸੀ।
ਚੌਥੀ ਘਟਨਾ – 1000 ਈ.ਪੂ. ਵਿੱਚ ਯੋਰੋਸਲਮ ਦੇ ਰਾਜਾ ਡੇਵਿਡ ਤੋਂ ਬਾਅਦ ਰਾਜਾ ਸੋਲੋਮਨ ਹੋਏ ਹਨ, ਜਿਨ੍ਹਾਂ ਨੇ ਯੋਰੋਸਲਮ ਵਿੱਚ ਪਹਿਲਾ ਮੰਦਿਰ ਬਣਾਇਆ ਸੀ। ਪਰ ਬੈਬੀਲੋਨ ਦੇ ਰਾਜੇ ਨੇਬੂਛਦਨੇਜਾਰ ਨੇ ਯੋਰੋਸਲਮ ਤੇ ਕਬਜਾ ਕਰਕੇ 566 ਈ.ਪੂ. ਵਿੱਚ ਇਹ ਮੰਦਿਰ ਢਾਹ ਦਿੱਤਾ। ਯਹੂਦੀ ਆਪਣੇ ਰਾਜੇ ਡੇਵਿਡ ਦੇ ਰਾਜ ਨੂੰ ਇਸਰਾਈਲ ਦਾ ਸੁਨਹਿਰੀ ਕਾਲ ਕਹਿੰਦੇ ਹਨ। ਉਸ ਨੇ ਕੇਨਾਨ ਰਾਜ ਦੀਆਂ ਸਰਹੱਦਾਂ ਨੂੰ ਮੁੜ ਸਥਾਪਿਤ ਕਰ ਦਿੱਤਾ ਸੀ। ਉਸਨੇ ਯੋਰੋਸਲਮ ਨੂੰ ਇਸਰਾਈਲ ਦੀ ਰਾਜਧਾਨੀ ਬਣਾਇਆ। ਮੌਜੂਦਾ ਇਸਰਾਈਲ ਦੇ ਪ੍ਰਧਾਨ ਮੰਤਰੀ ਨੇ ਇਸਰਾਈਲ ਦਾ ਇੱਕ ਨਕਸ਼ਾ ਜਾਰੀ ਕੀਤਾ ਹੈ, ਇਹ ਨਕਸ਼ਾ ਰਾਜਾ ਡੇਵਿਡ ਦੀਆਂ ਸਰਹੱਦਾਂ ਨੂੰ ਪ੍ਰਗਟ ਕਰਦਾ ਹੈ। ਰਾਜਾ ਡੇਵਿਡ ਤੋਂ ਬਾਅਦ ਉਸਦਾ ਪੁੱਤਰ ਸੋਲੋਮੋਨ ਗੱਦੀ ਉੱਪਰ ਬੈਠਿਆ ਸੀ।
ਰਾਜਾ ਸੋਲੋਮੋਨ ਦੀ ਮੌਤ ਤੋਂ ਬਾਅਦ ਯਹੂਦੀ ਰਾਜ ਕਮਜੋਰ ਹੋ ਗਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਉੱਤਰੀ ਭਾਗ ਇਸਰਾਈਲ ਸੀ ਅਤੇ ਦੱਖਣੀ ਭਾਗ ਜੁਡਾਹ ਸੀ। ਯੋਰੋਸਲਮ ਜੁਡਾਹ ਰਾਜ ਦੀ ਰਾਜਧਾਨੀ ਸੀ। ਇਸਰਾਈਲ ਦੀ ਰਾਜਧਾਨੀ ਸਮਾਰੀਆ ਸੀ।
516ਈ.ਪੂ. ਬੈਬੀਲੋਨ ਤੋਂ ਪਰਤ ਕੇ ਆਏ ਯਹੂਦੀਆਂ ਨੇ, ਯੂਡੀਆ ਦੇ ਪਰਸ਼ੀਅਨ ਗਵਰਨਰ ਜੇਰੂਬਾਬੇਲ ਦੀ ਸਹਿਮਤੀ ਨਾਲ਼ ਦੂਜਾ ਮੰਦਰ ਬਣਾਇਆ ਸੀ। ਇਸ ਮੰਦਰ ਨੂੰ ਹਿਰੋਡਜ ਟੈਂਪਲ ਵੀ ਕਿਹਾ ਜਾਂਦਾ ਸੀ। ਇਹ ਮੰਦਰ ਯੋਰੋਸਲਮ ਦੀ ਨੀਮ ਪਹਾੜੀ ਮੌਰੀਆ ਤੇ ਸਥਿਤ ਸੀ। 100ਈ.ਪੂ. ਵਿੱਚ ਰੋਮਨ ਅਤੇ ਯਹੂਦੀ ਸੇਨਾਵਾਂ ਵਿਚਕਾਰ ਯੁੱਧ ਹੋਇਆ, ਰੋਮਨ ਸੇਨਾਵਾਂ ਨੇ ਯੋਰੋਸਲਮ ਤੇ ਕਬਜਾ ਕਰਕੇ ਦੂਜਾ ਮੰਦਰ ਢਾਹ ਦਿੱਤਾ। ਇਸ ਮੰਦਰ ਦੀ ਇੱਕ ਪ੍ਰਾਚੀਨ ਕੰਧ ਬਚੀ ਹੈ, ਜਿਸ ਨੂੰ ਪੱਛਮੀ ਕੰਧ ਕਿਹਾ ਜਾਂਦਾ ਹੈ। ਹੁਣ ਯਹੂਦੀ ਇਸ ਕੰਧ ਨੂੰ ਹੀ ਸ਼ੀਸ਼ ਝੁਕਾਉਂਦੇ ਹਨ।
ਪੰਜਵੀਂ ਸਦੀ ਈ. ਪੂ. ਗ੍ਰੀਕ ਫਿਲਾਸਫਰ ਹੈਰੋਡੋਟਸ ਦੀ ਲਿਖਤ ਵਿੱਚ ਸੀਰੀਆ ਦੇ ਇੱਕ ਜਿਲ੍ਹੇ ਦਾ ਨਾਮ ਫਿਲਸਤੀਆ ਵਰਤਿਆ ਗਿਆ ਹੈ। ਪਰ ਇੱਕ ਸਰਵਤੰਤਰ ਰਾਜ ਦੇ ਤੌਰ ਤੇ ਪ੍ਰਾਚੀਨ ਸਮੇਂ ਵਿੱਚ ਫਲਸਤੀਨ ਦਾ ਨਾਮ ਨਹੀਂ ਮਿਲਦਾ।
ਚੌਥੀ ਘਟਨਾ – ਦੋ ਭਾਗਾਂ ਵਿੱਚ ਟੁੱਟਣ ਕਾਰਨ ਇੱਥੋਂ ਹੀ ਸੰਯੁਕਤ ਇਸਰਾਈਲ (ਜੁਡੀਆ) ਕਮਜ਼ੋਰ ਪੈਣ ਦੀ ਸ਼ੁਰੂਆਤ ਹੋ ਗਈ। 100 ਈ.ਪੂ. ਸੰਯੁਕਤ ਜੁਡੀਆ ਖੇਤਰ ਉੱਪਰ ਰੋਮਨ ਸਾਮਰਾਜ ਨੇ ਆਪਣੀ ਸੱਤਾ ਸਥਾਪਿਤ ਕਰ ਲਈ। ਜੁਡੀਆ ਖੇਤਰ ਉੱਪਰ ਰੋਮਨ ਸਾਮਰਾਜ ਦੇ ਅਧੀਨ ਹੋ ਕੇ ਗਵਰਨਰ ਹੀਰੋਡ ਇੱਕ ਯਹੂਦੀ (ਹੈਰੋਦੇਸ ਏਂਟੀਪਸ) ਗੱਦੀ ਤੇ ਬੈਠਿਆ। ਹੈਰੋਦੇਸ ਏਂਟੀਪਸ ਉਹੀ ਗਵਰਨਰ ਸੀ, ਜਿਸਨੇ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਟੰਗਣ ਦਾ ਹੁਕਮ ਦਿੱਤਾ ਸੀ। ਬਾਅਦ ਵਿੱਚ ਹੈਰੋਦੇਸ ਏਂਟੀਪਸ ਨੂੰ ਰੋਮਨ ਸਾਮਰਾਜ ਨੇ ਜੁਡੀਆ ਰਾਜ ਦਾ ਖੁਦ ਮੁਖਤਿਆਰ ਰਾਜਾ ਥਾਪ ਦਿੱਤਾ। ਕੁਝ ਲਿਖਤਾਂ ਚ ਇਹ ਵੀ ਕਿਹਾ ਗਿਆ ਹੈ, ਹੈਰੋਦੇਸ਼ ਜੁਡੀਆ ਦੇ ਉੱਤਰੀ ਰਾਜ (ਗੈਲਿਲੀ) ਦਾ ਗਵਰਨਰ ਸੀ, ਜਦੋਂ ਕਿ ਦੱਖਣੀ ਰਾਜ ਜੁਡਾਹ ਦਾ ਗਵਰਨਰ ਪੋਂਟੀਅਸ ਪੀਲੇਟ (ਪਿਲਾਤੂਸ) ਇੱਕ ਯਹੂਦੀ ਸੀ, ਜਿਸ ਨੇ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਟੰਗਣ ਦਾ ਹੁਕਮ ਦਿੱਤਾ ਸੀ।
ਧਰਤੀ ਉੱਪਰ ਵਿਕਸਤ ਹੋਈਆਂ ਪ੍ਰਾਚੀਨ ਸੱਭਿਆਤਾਵਾਂ ਦਾ ਇੱਕ ਵਿਲੱਖਣ ਅਤੇ ਮੁੱਢਲਾ ਗੁਣ ਇਹ ਸੀ ਕਿ ਉਹ ਕੇਵਲ ਪ੍ਰਾਕ੍ਰਿਤੀ ਦੇ ਤੱਤਾਂ ਦੀ ਮਾਨਤਾ ਅਤੇ ਪੂਜਾ ਕਰਦੇ ਸਨ। ਸੱਭਿਆਤਾਵਾਂ ਦੇ ਲੋਕਾਂ ਨੇ ਜੋ ਦੇਖਿਆ ਜਾਂ ਆਪਣੇ ਜੀਵਨ ਵਿੱਚ ਮਹਿਸੂਕ ਕੀਤਾ ਕੇਵਲ ਉਸ ਵਿੱਚ ਹੀ ਉਨ੍ਹਾਂ ਨੇ ਵਿਸਵਾਸ਼ ਕੀਤਾ। ਉਹਨਾਂ ਦੇ ਮਨਾਂ ਵਿੱਚ ਨਿਰਾਕਾਰ ਈਸ਼ਵਰ ਦੀ ਮਾਨਤਾ ਲਈ ਕੋਈ ਥਾਂ ਨਹੀਂ ਸੀ, ਨਾਂ ਹੀ ਉਨ੍ਹਾਂ ਨੂੰ ਇਸ ਦੀ ਲੋੜ ਸੀ। ਨਿਰਾਕਾਰ ਈਸ਼ਵਰ ਦੀ ਮਾਨਤਾ ਨੂੰ ਸਾਂਖਿਆ ਦਰਸ਼ਨ ਦੇ ਪਿਤਾਮਾ ਕਪਿਲ ਮੁਨੀ ਨੇ ਮਨੁੱਖਤਾ ਲਈ ਇੱਕ ਬੁਰਾਈ ਦੱਸਿਆ ਹੈ।
ਪੈਗੰਬਰ ਅਬਰਾਹਮ ਨੇ ਸੋਚਿਆ ਨਹੀਂ ਹੋਵੇਗਾ, ਕਿ ਉਸ ਦੁਆਰਾ ਇਜਾਦ ਕੀਤੀ ਨਿਰਾਕਾਰ ਈਸ਼ਵਰ ਦੀ ਸੋਚ ਵਿੱਚੋਂ ਅਜਿਹੇ ਵਿਰੋਧੀ ਈਸ਼ਵਰੀ ਮੱਤ ਪੈਦਾ ਹੋਣਗੇ, ਜੋ ਉਸ ਦੀ ਕੌਮ ਲਈ ਸਦਾ ਲਈ ਨਾਸੂਰ ਬਣ ਜਾਣਗੇ।
ਜੀਸਸ ਵਰ੍ਹਾ ਸ਼ੁਰੂ ਹੋਣ ਸਾਰ ਜੀਸਸ ਕ੍ਰਾਈਸਟ ਨੇ ਨਿਰਾਕਾਰ ਈਸ਼ਵਰ ਦੇ ਮੱਤ ਨੂੰ ਅਧਾਰ ਬਣਾਕੇ ਅਤੇ ਪੁਰਾਣੇ ਅਹਿਦਨਾਮੇ ਨਾਲ਼ ਨਵਾਂ ਅਹਿਦਨਾਮਾ ਜੋੜ ਕੇ ਇੱਕ ਨਵਾਂ ਈਸਾਈ ਮੱਤ ਚਲਾ ਦਿੱਤਾ, ਜਿਹੜਾ ਇਸਰਾਈਲ ਤੋਂ ਪੱਛਮ ਵਾਲੇ ਪਾਸੇ, ਆਪਣੇ ਕੁਲ ਤੋਂ ਬਾਹਰ ਸਾਰੇ ਯੂਰੋਪ ਉੱਪਰ ਫੈਲ ਗਿਆ। ਪਰ ਯਹੂਦੀ ਮੱਤ ਆਪਣੇ ਕੁਲ ਤੱਕ ਹੀ ਸੀਮਤ ਰਿਹਾ।
ਕਿਤੇ ਈਸਾਈਆਂ ਵਿੱਚ ਇਹ ਟੀਸ ਵੀ ਘਰ ਕਰ ਚੁੱਕੀ ਸੀ, ਕਿ ਯਹੂਦੀਆਂ ਨੇ ਸਾਡੇ ਪੈਗੰਬਰ ਜੀਸਸ ਨੂੰ ਸੂਲੀ ਤੇ ਟੰਗਿਆ ਸੀ, ਇਸ ਲਈ ਯੂਰੋਪ ਵਿੱਚ ਯਹੂਦੀ ਨਫਰਤ ਦੇ ਪਾਤਰ ਬਣ ਚੁੱਕੇ ਸਨ।
6ਵੀਂ ਸਦੀ ਵਿੱਚ ਅਰਬ ਦੇਸ਼ ਵਿੱਚ ਹਜਰਤ ਮਹੁੰਮਦ ਸਾਹਿਬ ਹੋਏ, ਉਨ੍ਹਾ ਨੇ ਵੀ ਅਬਰਾਹਮ ਨੂੰ ਪੈਗੰਬਰ ਮੰਨਦੇ ਹੋਏ, ਉਨ੍ਹਾਂ ਵੱਲੋਂ ਦਿੱਤੇ ਨਿਰਾਕਾਰ ਈਸ਼ਵਰੀ ਸਿਧਾਂਤ ਨੂੰ ਲੈਕੇ ਉਸ ਨੂੰ ਪੂਰੀ ਤਰਾਂ ਨਿਰਪੇਖ ਬਣਾ ਕੇ ਲੋਕਾਂ ਦੇ ਸਨਮੁੱਖ ਪੇਸ਼ ਕੀਤਾ। ਉਨ੍ਹਾਂ ਨੇ ਪੰਥ ਵਿੱਚ ਰਾਜਨੀਤਿਕ ਸ਼ਕਤੀ ਦਾ ਮੇਲ ਕਰਕੇ ਇਸਨੂੰ ਤੇਜੀ ਨਾਲ਼ ਵਧਾਇਆ। ਇਸ ਮੁਸਲਿਮ ਮਤ ਦਾ ਵਿਸਥਾਰ ਅਰਬ ਦੇ ਚਾਰੇ ਪਾਸੇ ਹੋਇਆ, ਇਸ ਦੇ ਵਿਸਥਾਰ ਵਿੱਚ ਸ਼ਕਤੀ ਦਾ ਜਿਆਦਾ ਸਹਾਰਾ ਲਿਆ ਗਿਆ। 6-7 ਵੀਂ ਸਦੀ ਵਿੱਚ ਇਹ ਪੰਥ ਇਸਰਾਈਲ ਵੱਲ ਵੀ ਪਹੁੰਚ ਗਿਆ। ਸਮਾਰੀਆ (ਹੁਣ ਪੰਛਮੀ ਕਿਨਾਰਾ) ਦੇ ਲੋਕਾਂ ਨੇ ਇਸ ਮੱਤ ਨੂੰ ਆਪਣਾ ਲਿਆ। ਸਮਾਰੀਆ ਦੇ ਲੋਕਾਂ ਨੇ ਆਪਣੇ ਆਪ ਨੂੰ ਯਹੂਦੀ ਮੱਤ ਨਾਲੋਂ ਵੱਖ ਕਰ ਲਿਆ ਤੇ ਉਨ੍ਹਾਂ ਦੇ ਇਲਾਕੇ ਦਾ ਨਾਮ ਫਿਲਸਤੀਆ ਹੋ ਗਿਆ। ਦੋਵੇਂ ਕੌਮਾਂ ਵਿੱਚ ਸਦਾ ਲਈ ਝਗੜੇ ਦੀ ਬੁਨਿਆਦ ਰੱਖੀ ਗਈ। ਝਗੜੇ ਦੀ ਬੁਨਿਆਦ ਨੂੰ ਹੋਰ ਪੱਕਾ ਕਰਦਿਆ, ਯਹੂਦੀਆਂ ਦੇ ਢਾਹੇ ਹੋਏ ਮੰਦਰਾਂ ਕੋਲ 700 ਈ. ਵਿੱਚ ਅਲ-ਅਕਸ਼ਾ ਮਸਜਿਦ ਬਣਾਈ ਗਈ। ਉਸ ਵੇਲੇ ਇਸ ਖੇਤਰ ਉੱਪਰ ਮੁਸਲਿਮ ਖਲੀਫਿਆਂ ਦਾ ਰਾਜ ਸਥਾਪਿਤ ਹੋ ਚੁੱਕਾ ਸੀ, ਅਤੇ ਇਸ ਸਾਰੇ ਇਲਾਕੇ ਨੂੰ ਫਲਸਤੀਨ ਦਾ ਨਾਮ ਦਿੱਤਾ ਗਿਆ।
ਇਸ ਇਲਾਕੇ ਉੱਪਰ ਖਲੀਫਿਆ ਦਾ ਰਾਜ ਸਥਾਪਿਤ ਹੋਣ ਨਾਲ਼ ਯਹੂਦੀਆਂ ਦਾ ਯੂਰੋਪ ਵੱਲ ਪਲਾਇਨ ਸ਼ੁਰੂ ਹੋ ਜਾਂਦਾ ਹੈ। ਇਸ ਪਲਾਇਨ ਨੇ ਪੂਰੀ ਤਰਾਂ ਜੋਰ ਉਸ ਵੇਲੇ ਫੜ ਲਿਆ ਜਦੋਂ 1517ਈ. ਵਿੱਚ ਇੱਥੇ ਤੁਰਕੀ ਦੇ ਆਟੋਮਨ ਸਾਮਰਾਜ ਨੇ ਕਬਜਾ ਕਰ ਲਿਆ। ਉਨ੍ਹਾਂ ਨੇ ਫਿਲਸਤੀਨ ਨੂੰ ਸੀਰੀਆ ਰਾਜ ਦਾ ਭਾਗ ਬਣਾ ਲਿਆ। ਉਨ੍ਹਾਂ ਦਾ ਇਹ ਕਬਜਾ 1917 ਤੱਕ ਰਿਹਾ। ਇੱਕ ਵੀ ਘਟਨਾ ਅਜਿਹੀ ਨਹੀਂ ਮਿਲਦੀ ਕਿ ਫਿਲਸਤੀਨ ਦੇ ਮੁਸਲਿਮ ਵਸਨੀਕਾਂ ਨੇ ਆਟੋਮਨ ਸਾਮਰਾਜ ਤੋਂ ਆਪਣੀ ਅਜ਼ਾਦੀ ਦੀ ਗੱਲ ਕੀਤੀ ਹੋਵੇ। ਉਨ੍ਹਾ ਵਿੱਚ ਰਾਸ਼ਟਰ ਭਗਤੀ ਦੀ ਪੂਰੀ ਤਰਾਂ ਅਣਹੋਂਦ ਰਹੀ। ਮੁਸਲਿਮ ਵੱਸੋਂ ਪੱਛਮੀ ਕੰਢੇ ਤੱਕ ਹੀ ਸੀਮਤ ਰਹੀ, ਬਾਕੀ ਇਲਾਕਾ ਉਜਾੜ ਹੀ ਬਣਿਆ ਰਿਹਾ।
ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਨੇ ਯੋਰੋਸਲਮ ਅਤੇ ਸਮੁੱਚੇ ਫਿਲਸਤੀਨ ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ। ਬ੍ਰਿਟਿਸ਼ ਸਾਮਰਾਜ ਦੇ ਇਸ ਅਧਿਕਾਰ ਨੇ ਯਹੂਦੀ ਮਨਾਂ ਵਿੱਚ ਆਪਣੇ ਸੁਤੰਤਰ ਦੇਸ਼ ਦੀ ਲੋਅ ਜਗਾ ਦਿੱਤੀ।
ਯੂਰੋਪ ਵਿੱਚ ਚੱਲੀ “ਪੁਨਰ ਜਾਗਰਣ” ਦੀ ਲਹਿਰ ਨੇ ਯੂਰੋਪ ਦੇ ਯਹੂਦੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਇਸੇ ਕਾਰਨ ਯੂਰੋਪ ਦੇ ਯਹੂਦੀ ਜਨ ਮਾਨਸ ਨੇ ਵਿਦਿਅਕ, ਤਕਨਾਲੋਜੀ ਅਤੇ ਆਰਥਿਕ ਪੱਧਰ ਉੱਪਰ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਿਆ। ਕਿੰਨੀ ਹੈਰਾਨੀ ਜਨਕ ਗੱਲ ਹੈ, ਕਿ 1901 ਤੋਂ ਸ਼ੁਰੂ ਹੋਏ ਨੋਬੇਲ ਇਨਾਮਾਂ ਵਿੱਚ ਅੱਜ ਇਕੱਲੇ ਯਹੂਦੀਆਂ ਵੱਲੋਂ ਪ੍ਰਾਪਤੀ ਦਾ 27 ਪ੍ਰਤੀਸ਼ਤ ਭਾਗ ਬਣਿਆ ਹੋਇਆ ਹੈ। ਜਦੋੰ ਕਿ ਸੰਸਾਰ ਵਿੱਚ ਇਹਨਾਂ ਦੀ ਅਬਾਦੀ ਮਸਾਂ 2 ਪ੍ਰਤੀਸ਼ਤ ਹੈ। ਹੁਣ ਤੱਕ 211 ਯਹੂਦੀ ਇਹ ਵੱਕਾਰੀ ਪੁਰਸਕਾਰ ਲੈ ਚੁੱਕੇ ਹਨ। ਭੌਤਿਕ ਵਿਗਿਆਨ ਦੇ ਖੇਤਰ ਵਿੱਚ 56, ਅਰਥ ਸ਼ਾਸ਼ਤਰ ਦੇ ਖੇਤਰ ਵਿੱਚ 38, ਸਾਹਿਤ ਲਈ 16, ਸ਼ਾਂਤੀ ਲਈ 9, ਮੈਡੀਸਨ ਦੇ ਖੇਤਰ ਵਿੱਚ 56 ਅਤੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ 36 ਨੋਬੇਲ ਪੁਰਕਸਾਰ ਲੈ ਚੁੱਕੇ ਹਨ। ਜੇਕਰ ਧਰਤੀ ਲਈ ਇੱਕ ਕੁਦਰਤੀ ਸੂਰਜ ਹੈ, ਤਾਂ ਯਹੂਦੀਆਂ ਵੱਲੋਂ ਦਿੱਤਾ ਦੂਜਾ ਸੂਰਜ ਅਲਬਰਟ ਆਈਨਸਟਾਈਨ ਹੈ। ਜਿਨ੍ਹਾ ਨੇ ਭੌਤਿਕ ਵਿਗਿਆਨ ਵਿੱਚ ਸਾਪੇਖਤਾ ਦਾ ਅਮਰ ਸਿਧਾਂਤ ਦਿੱਤਾ।
ਯੂਰੋਪ ਵਿੱਚ ਯਹੂਦੀ ਵਪਾਰ ਸਮੇਤ ਹਰ ਇੱਕ ਖੇਤਰ ਵਿੱਚ ਅੱਗੇ ਸਨ। 19 ਅਗਸਤ 1934 ਨੂੰ ਅਡੋਲਫ ਹਿਟਲਰ ਜਰਮਨੀ ਦੇ ਚਾਂਸਲਰ ਤੋਂ ਰਾਸ਼ਟਰਪਤੀ ਬਣ ਗਿਆ। ਅਡੋਲਫ ਹਿਟਲਰ ਅੰਨ੍ਹੇ ਰਾਸ਼ਟਰਵਾਦ ਦੇ ਰਾਹ ਤੇ ਤੁਰ ਪਿਆ, ਜਿਸ ਵਿੱਚ ਉਸਨੇ ਆਪਣੇ ਰਾਸ਼ਟਰਵਾਦ ਵਿੱਚ ਨਸਲਵਾਦ ਨੂੰ ਸ਼ਾਮਿਲ ਕਰ ਲਿਆ। ਉਸਨੇ ਜਰਮਨ ਨਸਲ ਨੂੰ ਉੱਤਮ ਆਰੀਆ ਨਸਲ ਦਾ ਖਿਤਾਬ ਦਿੱਤਾ। ਯਹੂਦੀਆਂ ਪ੍ਰਤੀ ਨਫਰਤੀ ਗੱਲਾਂ ਉਸਦੇ ਮਨ ਵਿੱਚ ਘਰ ਕਰ ਗਈਆਂ, ਪਰ ਉਸਨੂੰ ਮੁੱਖ ਸ਼ਿਕਵਾ ਇਹੋ ਸੀ ਕਿ ਯਹੂਦੀ ਇੰਗਲੈਂਡ ਦੀ ਜਿੱਤ ਵਿੱਚ ਆਪਣੀ ਚਾਹਤ ਅਤੇ ਹਿੱਤ ਰੱਖਦੇ ਹਨ। ਯਹੂਦੀਆਂ ਨੂੰ ਇਹ ਆਸ ਵੀ ਸੀ ਕਿ ਇੰਗਲੈਂਡ ਉਹਨਾ ਨੂੰ ਉਨ੍ਹਾਂ ਦੀ ਮਾਤ ਭੂਮੀ ਇਸਰਾਈਲ ਦੇਵੇਗਾ। ਹਿਟਲਰ ਨੇ ਯਹੂਦੀਆਂ ਨੂੰ ਮਾਰਨ ਲਈ ਤਸੀਹੇ ਕੈਂਪ ਬਣਾ ਦਿੱਤੇ, ਹਿਟਲਰ ਵੱਲੋਂ ਇੱਕੋ ਵੇਲੇ ਕਈ ਸੈਂਕੜੇ ਯਹੂਦੀਆਂ ਨੂੰ ਮਾਰਨ ਦੀਆਂ ਘਟਨਾਵਾਂ ਨੂੰ ਹੋਲੋਕਾਸਟ ਦਾ ਨਾਮ ਦਿੱਤਾ ਗਿਆ। ਹਿਟਲਰ ਨੇ 60 ਲੱਖ ਦੇ ਲਗਭਗ ਯਹੂਦੀਆਂ ਨੂੰ ਮਾਰ ਦਿੱਤਾ। 1939 ਵਿੱਚ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਸਾਰ ਯਹੂਦੀ ਫਿਲਸਤੀਨ ਵਿੱਚ ਆ ਕੇ ਵਸਣ ਲੱਗ ਪਏ ਸਨ। ਉਸੇ ਵੇਲੇ ਇਸਰਾਈਲ ਦੀ ਸਥਾਪਨਾ ਲਈ ਸਾਰੇ ਯੂਰੋਪ ਅਤੇ ਅਮਰੀਕਾ ਦੇ ਯਹੂਦੀਆਂ ਨੇ ਆਪਣਾ ਪੂਰਾ ਜੋਰ ਲਗਾ ਦਿੱਤਾ। ਇਸ ਮਕਸਦ ਲਈ ਫੈਸਲਾਕੁਨ ਮੋੜ ਉਸ ਵੇਲੇ ਆਇਆ ਜਦੋਂ, ਨਿਊਯਾਰਕ ਵਿੱਚ 11 ਮਈ 1944 ਈ. ਨੂੰ ਡੇਵਿਡ ਬੇਨਗੁਰੀਓਨ ਦੀ ਅਗਵਾਈ ਵਿੱਚ ਇੱਕ ਸਭਾ ਬੁਲਾਈ ਗਈ, ਜਿਸ ਵਿੱਚ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ ਜਿਸਨੂੰ ਬਾਲਟੀਮੋਰ ਪ੍ਰੋਗਰਾਮ ਕਿਹਾ ਜਾਂਦਾ ਹੈ। ਇਹ ਤਿੰਨ ਮੰਗਾਂ ਸਨ (1) ਫਿਲਸਤੀਨ ਵਿੱਚ ਯਹੂਦੀ ਰਾਜ ਦੀ ਸਥਾਪਨਾ (2) ਯਹੂਦੀ ਸੈਨਾ ਦਾ ਗਠਨ (3) ਯਹੂਦੀਆਂ ਦੇ ਫਿਲਸਤੀਨ ਵਿੱਚ ਵਸਣ ਦੀ ਪੂਰੀ ਸੁਤੰਤਰਤਾ। ਅਮਰੀਕਾ ਅਤੇ ਇੰਗਲੈਂਡ ਦੂਸਰੇ ਵਿਸ਼ਵਯੁੱਧ ਦੇ ਜੇਤੂ ਬਣੇ। ਫਿਲਸਤੀਨ ਉੱਪਰ ਪਹਿਲਾਂ ਹੀ ਅੰਗ੍ਰੇਜੀ ਹਕੂਮਤ ਦਾ ਰਾਜ ਸੀ। ਸੰਯੁਕਤ ਰਾਸ਼ਟਰ ਵੀ ਹੋਂਦ ਵਿੱਚ ਆ ਚੁੱਕਾ ਸੀ। ਬ੍ਰਿਟੇਨ ਨੇ ਅਪ੍ਰੈਲ 1947 ਵਿੱਚ ਇਸਰਾਈਲ ਦਾ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤਾ। ਸੰਯੁਕਤ ਰਾਸ਼ਟਰ ਵੱਲੋਂ ਇਸ ਮਸਲੇ ਦੇ ਹੱਲ ਲਈ 11 ਦੇਸ਼ਾਂ ਦੀ ਇੱਕ ਕਮੇਟੀ ਬਣਾਈ ਗਈ। ਇਸ ਵਿੱਚ ਕੈਨੇਡਾ, ਸਵੀਡਨ, ਗਵੇਟਮਾਲਾ, ਯੋਗੋਸਲਾਵੀਆ, ਈਰਾਨ, ਭਾਰਤ, ਹਾਲੈਂਡ, ਪੇਰੂ, ਯੁਰੂਗਵੇ, ਚੈਕੋਸਲੋਵਾਕੀਆ ਅਤੇ ਆਸਟ੍ਰੇਲੀਆ ਦੇਸ਼ ਸ਼ਾਮਲ ਸਨ। ਇਸ ਕਮੇਟੀ ਨੇ ਫਿਲਸਤੀਨ ਵੰਡ ਦੀ ਰੂਪ-ਰੇਖਾ ਪੇਸ਼ ਕੀਤੀ, ਯੋਰੋਸਲਮ ਨੂੰ ਅੰਤਰ ਰਾਸ਼ਟਰੀ ਕੰਟਰੋਲ ਵਿੱਚ ਰੱਖਣ ਦਾ ਸੁਝਾਅ ਦਿੱਤਾ ਗਿਆ। ਇਸਤੋਂ ਉਲਟ ਭਾਰਤ, ਈਰਾਨ ਅਤੇ ਯੋਗੋਸਲਾਵੀਆ ਨੇ ਯਹੂਦੀ ਅਤੇ ਅਰਬ ਰਾਜਾਂ ਦੀ ਫੈਡਰਲ ਸਰਕਾਰ ਦਾ ਪ੍ਰਸਤਾਵ ਰੱਖਿਆ। ਭਾਵ ਵੰਡ ਨੂੰ ਅਸਵੀਕਾਰ ਕਰ ਦਿੱਤਾ। ਕਾਫੀ ਵਾਦ-ਵਿਵਾਦ ਪਿੱਛੋਂ 29 ਨਵੰਬਰ 1947 ਈ. ਨੂੰ ਯੂ.ਐੱਨ. ਦੀ ਜਨਰਲ ਅਸੈਂਬਲੀ ਨੇ ਬਹੁਮਤ ਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਅਤੇ ਵੰਡ ਦੇ ਪੱਖ ਵਿੱਚ ਫੈਸਲਾ ਕੀਤਾ। ਜਿਸ ਵਿੱਚ 56ਪ੍ਰਤੀਸ਼ਤ ਭੂਮੀ ਯਹੂਦੀ ਦੇਸ਼ ਨੂੰ ਦਿੱਤੀ ਗਈ ਸੀ ਅਤੇ 44 ਪ੍ਰਤੀਸ਼ਤ ਭੂਮੀ ਫਿਲਸਤੀਨ ਨੂੰ। ਭਾਰਤ ਨੇ 17 ਸਤੰਬਰ 1950 ਨੂੰ ਇਸਰਾਈਲ ਨੂੰ ਆਪਣੀ ਮਾਨਤਾ ਦੀ ਘੋਸ਼ਣਾ ਕਰ ਦਿੱਤੀ ਅਤੇ ਯਹੂਦੀ ਏਜੰਸੀ ਨੇ ਆਪਣਾ ਇਮੀਗ੍ਰੇਸ਼ਨ ਦਫ਼ਤਰ ਮੁੰਬਈ ਵਿਖੇ ਖੋਲ ਦਿੱਤਾ, ਜਿਹੜਾ ਬਾਅਦ ਵਿੱਚ ਸਫਾਰਤ ਖਾਨੇ ਵਿੱਚ ਬਦਲ ਗਿਆ।
14 ਮਈ 1948 ਨੂੰ ਡੇਵਿਡ ਬੇਨਗੁਰੀਓਨ ਨੇ ਇਸਰਾਈਲ ਦੀ ਸਥਾਪਨਾ ਦੀ ਘੋਸ਼ਣਾ ਕਰ ਦਿੱਤੀ, ਉਸੇ ਵੇਲੇ ਸੰਯੁਕਤ ਰਾਜ ਅਮਰੀਕ ਨੇ ਇਸਰਾਈਲ ਨੂੰ ਮਾਨਤਾ ਦੇ ਦਿੱਤੀ। ਡੇਵਿਡ ਬੇਨਗੁਰੀਓਨ ਇਸਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਜਦੋਂ ਕਿ ਫਿਲਸਤੀਨੀਆਂ ਨੇ ਅਰਬਾਂ ਦੀ ਸ਼ਹਿ ਤੇ ਵੰਡ ਨੂੰ ਮੰਨਜੂਰ ਨਹੀਂ ਕੀਤਾ, ਜਿਸ ਕਾਰਨ ਸਵਤੰਤਰ ਦੇਸ਼ ਫਿਲਸਤੀਨ ਹੋਂਦ ਵਿੱਚ ਆਉਣ ਤੋਂ ਖੁੰਜ ਗਿਆ।
1948 ਦਾ ਅਰਬ ਇਸਰਾਈਲ ਯੁੱਧ – 15 ਮਈ 1948 ਨੂੰ ਫਿਲਸਤੀਨੀਆਂ ਅਤੇ ਯਹੂਦੀਆਂ ਵਿਚਕਾਰ ਘਰੇਲੂ ਜੰਗ ਚੱਲ ਪਈ, ਜਿਹੜੀ ਅਰਬ-ਇਸਰਾਈਲ ਯੁੱਧ ਵਿੱਚ ਬਦਲ ਗਈ। ਮਿਸਰ, ਇਰਾਕ, ਜਾਰਡਨ, ਲੈਬਨਾਨ ਅਤੇ ਸੀਰੀਆ ਇਕੱਲੇ ਇਸਰਾਈਲ ਨਾਲ਼ ਭਿੜ ਪਏ। ਜਿਸਦਾ ਨਤੀਜਾ ਇਹ ਨਿਕਲਿਆ ਕਿ ਇਸਰਾਈਲ ਨੇ ਵੰਡ ਚ ਨਿਰਧਾਰਿਤ ਕੀਤੀ ਫਿਲਸਤੀਨ ਦੀ ਭੂਮੀ ਤੇ ਹੋਰ ਕਬਜਾ ਕਰ ਲਿਆ, ਗਾਜਾ ਪੱਟੀ ਉਪਰ ਮਿਸਰ ਨੇ ਕਬਜਾ ਕਰ ਲਿਆ ਅਤੇ ਫਿਲਸਤੀਨ ਦੀ ਮੁੱਖ ਭੂਮੀ ਪੱਛਮੀ ਕਿਨਾਰੇ ਤੇ ਜਾਰਡਨ ਨੇ ਕਬਜਾ ਕਰ ਲਿਆ। ਫਿਲਸਤੀਨੀਆਂ ਨੇ ਆਪਣੀ ਅਜਾਦੀ ਦਾ ਘੋਲ ਕਦੇ ਅਰਬਾਂ ਦੇ ਖਿਲਾਫ਼ ਨਹੀਂ ਲੜਿਆ।
1967 ਦਾ ਅਰਬ ਇਸਰਾਈਲ 6 ਦਿਨਾਂ ਯੁੱਧ – ਇਸਰਾਈਲ ਮਿਸਰ ਤੋਂ ਇਹ ਚਾਹੁੰਦਾ ਸੀ ਕਿ ਦੂਸਰੇ ਦੇਸ਼ਾਂ ਵਾਂਗ ਉਸਨੂੰ ਵੀ ਸਵੇਜ ਨਹਿਰ ਤੋਂ ਆਪਣੇ ਜਹਾਜ ਲੰਘਾਉਣ ਦੀ ਖੁੱਲ੍ਹ ਹੋਵੇ। ਮਿਸਰ ਨੇ ਇਸਰਾਈਲ ਦੇ ਜਹਾਜਾਂ ਉੱਪਰ ਰੋਕ ਲਗਾ ਦਿੱਤੀ ਸੀ। ਯੁੱਧ ਵਿੱਚ ਇਸਰਾਈਲ ਨੇ ਅਰਬਾਂ ਨੂੰ ਹਰਾ ਦਿੱਤਾ ਅਤੇ ਆਪਣੇ ਦੇਸ਼ ਦੇ ਖੇਤਰਫਲ ਨੂੰ ਚਾਰ ਗੁਣਾ ਵਧਾ ਲਿਆ। ਇਸਰਾਈਲ ਨੇ ਮਿਸਰ ਤੋਂ ਸਨਾਈ ਪੈਨਿਸੁਲਾ ਅਤੇ ਗਾਜਾ ਪੱਟੀ ਹਥਿਆ ਲਈ, ਜਾਰਡਨ ਤੋੰ ਪੂਰਬੀ ਯੋਰੋਸਲਮ ਤੇ ਪੱਛਮੀ ਕਿਨਾਰਾ ਅਤੇ ਸੀਰੀਆ ਤੋਂ ਗੋਲਨ ਹਾਈਟਸ ਖੋ ਲਈ। 1979 ਵਿੱਚ ਮਿਸਰ ਨਾਲ਼ ਹੋਏ ਸ਼ਾਂਤੀ ਸਮਝੌਤੇ ਵਿੱਚ ਇਸਰਾਈਲ ਨੇ ਸਨਾਈ ਪੈਨਿਸੁਲਾ ਮਿਸਰ ਨੂੰ ਵਾਪਸ ਕਰ ਦਿੱਤਾ।
ਕਾਲਾ ਸਿਤੰਬਰ – 1967 ਦੇ ਯੁੱਧ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਫਿਲਸਤੀਨੀ ਜਾਰਡਨ ਵਿੱਚ ਚਲੇ ਗਏ। ਜਿਨ੍ਹਾ ਨੂੰ ਸ਼ਰਨਾਰਥੀਆਂ ਦੇ ਤੌਰ ਤੇ ਤੰਬੂਆਂ ਵਿੱਚ ਰੱਖਿਆ ਗਿਆ। ਵਾਸਫੀ ਤਾਲ ਨੂੰ 1970 ਵਿੱਚ ਜਾਰਡਨ ਦਾ ਪ੍ਰਧਾਨ ਮੰਤਰੀ ਨਿਉਕਤ ਕੀਤਾ ਗਿਆ। ਜਿਸਨੇ ਸਮਝਦਾਰੀ ਅਤੇ ਸਖ਼ਤੀ ਨਾਲ਼ ਫਿਲਸਤੀਨੀਆਂ ਦੀ ਜਾਰਡਨ ਦੇ ਖਿਲਾਫ਼ ਬਗਾਵਤ ਨੂੰ ਹੱਲ ਕੀਤਾ ਸੀ। ਜਾਰਡਨ ਦੇ ਰਾਜੇ ਅਤੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਮਿਲਟਰੀ ਤੋਂ ਫਿਲਸਤੀਨੀਆਂ ਦੀ ਬਗਾਵਤ ਨੂੰ ਕੁਚਲਨ ਲਈ ਮਦਦ ਮੰਗੀ। ਪਾਕਿਸਤਾਨ ਦਾ ਉਸ ਵੇਲੇ ਬ੍ਰੀਗੇਡੀਅਰ ਜਿਆਉਲਹਕ (ਜਿਹੜਾ ਬਾਅਦ ਵਿੱਚ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ) ਉਸਦੀ ਡਿਊਟੀ ਜਾਰਡਨ ਵਿੱਚ ਸੀ। ਸਾਲ 1970 ਦਾ ਸਿਤੰਬਰ ਮਹੀਨਾ ਚੜ੍ਹ ਚੁੱਕਾ ਸੀ, ਜਿਆਉਲਹਕ ਨੇ ਸੈਨਿਕ ਸ਼ਕਤੀ ਨਾਲ਼ ਬਹੁਤ ਸਾਰੇ ਫਿਲਸਤੀਨੀ ਜੱਥੇਬੰਦੀ ਪੀ.ਐੱਲ.ਓ ਦੇ ਲੜਾਕੇ ਮਾਰ ਦਿੱਤੇ ਅਤੇ ਫਿਲਸਤੀਨੀਆ ਨੂੰ ਪੱਛਮੀ ਕਿਨਾਰੇ ਵੱਲ ਧੱਕ ਦਿੱਤਾ। ਇਸ ਕਾਲੇ ਸਿਤੰਬਰ ਵਿੱਚ ਲਗਭਗ 25000 ਫਿਲਸਤਨੀਨੀ ਮਾਰੇ ਗਏ ਸਨ। 28 ਨਵੰਬਰ 1971 ਨੂੰ ਜਾਰਡਨ ਦੇ ਪ੍ਰਧਾਨ ਮੰਤਰੀ ਵਾਸਫੀ ਤਾਲ ਨੂੰ ਕਾਲੇ ਸਿਤੰਬਰ ਦਾ ਬਦਲਾ ਲੈਣ ਲਈ ਪੀ.ਐੱਲ.ਓ ਦੇ ਲੜਾਕਿਆਂ ਨੇ ਮਾਰ ਦਿੱਤਾ। ਇਸਤੋਂ ਪਹਿਲਾਂ 20 ਜੁਲਾਈ 1951 ਨੂੰ ਇੱਕ ਫਿਲਸਤੀਨੀ ਨੇ ਜਾਰਡਨ ਦੇ ਰਾਜੇ ਅਬਦੁੱਲਾ ਨੂੰ ਉਸ ਵੇਲੇ ਮਾਰ ਦਿੱਤਾ ਸੀ, ਜਦੋਂ ਉਹ ਯੋਰੋਸਲਮ ਵਿਖੇ ਅਲ-ਅਕਸਾ ਮਸਜਿਦ ਵਿੱਚ ਗਏ ਹੋਏ ਸਨ।
ਇਸਰਾਈਲ ਅਤੇ ਫਿਲਸਤੀਨ ਵਿੱਚ ਓਸਲੋ ਸਮਝੌਤੇ – ਨਾਰਵੇ ਦੇ ਉਸਲੋ ਵਿੱਚ ਦੋਵਾਂ ਵਿਚਕਾਰ ਕਿਸੇ ਸਮਝੌਤ ਤੇ ਪਹੁੰਚਣ ਲਈ ਗੱਲਬਾਤ ਚੱਲਦੀ ਰਹੀ। ਦੋਵਾਂ ਵਿਚਕਾਰ ਉਸਲੋ 1 ਸਮਝੌਤਾ ਵਾਸ਼ਿੰਗਟਨ ਡੀ.ਸੀ. ਵਿੱਚ 1993 ਵਿੱਚ ਹੋਇਆ, ਅਤੇ ਉਸਲੋ II ਸਮਝੌਤਾ ਤਾਬਾ-ਮਿਸਰ ਚ 1995 ਵਿੱਚ ਹੋਇਆ। ਸਮਝੌਤਿਆ ਦਾ ਮੁੱਖ ਮੁੱਦਾ ਇੱਕ ਦੂਜੇ ਨੂੰ ਮਾਨਤਾ ਦੇਣਾ ਸੀ। ਪਰ ਫਿਲਸਤੀਨ ਦੀਆਂ ਖਾੜਕੂ ਜੱਥੇਬੰਦੀਆਂ ਨੇ ਉਸਲੋ ਸਮਝੌਤਿਆੰ ਦੀ ਵਿਰੋਧਤਾ ਕੀਤੀ। ਓਸਲੋ I ਅਤੇ II ਸਮਝੌਤੇ ਕਰਨ ਵਾਲੇ ਇਸਰਾਈਲੀ ਪ੍ਰਧਾਨ ਮੰਤਰੀ ਯਿਤਜਕ ਰਬੀਨ ਨੂੰ ਇਸਰਾਈਲ ਵਿੱਚ ਹੀ ਇੱਕ ਯਹੂਦੀ ਨੇ ਮਾਰ ਦਿੱਤਾ। ਇਤਿਹਾਸਿਕ ਉਸਲੋ 1 ਸਮਝੌਤੇ ਕਾਰਨ ਇਸਰਾਈਲ ਦੇ ਵਿਦੇਸ਼ ਮੰਤਰੀ ਸੀਮੋਨ ਪੈਰੇਸ ਪ੍ਰਧਾਨ ਮੰਤਰੀ ਯਿਤਜਕ ਰਬੀਨ ਅਤੇ ਫਿਲਸਤੀਨ ਦੇ ਆਗੂ ਯਾਸਰ ਅਰਾਫਾਤ ਨੂੰ ਸਾਂਝੇ ਤੌਰ ਤੇ 1994 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਿਆ ਸੀ।
2005 ਵਿੱਚ ਇਸਰਾਈਲ ਨੇ ਸਵੈ ਇੱਛਾ ਨਾਲ਼ ਗਾਜਾ ਪੱਟੀ ਫਿਲਸਤੀਨ ਨੂੰ ਸੋਂਪ ਦਿੱਤੀ । ਫਿਲਸਤੀਨ ਦੀ ਮੁੱਖ ਧਰਤੀ ਪੱਛਮੀ ਕਿਨਾਰੇ ਉੱਪਰ ਯਾਸਰ ਅਰਾਫਾਤ ਦੀ ਪਾਰਟੀ ਪੀ.ਐੱਲ.ਓ ਦਾ ਰਾਜ ਕਾਇਮ ਹੋ ਗਿਆ ਅਤੇ ਗਾਜਾ ਪੱਟੀ ਜਿਹੜੀ ਕਿ ਪੱਛਮੀ ਕਿਨਾਰੇ ਤੋਂ ਹਟਵੀਂ ਹੈ, ਉੱਪਰ ਹਮਾਸ ਖਾੜਕੂ ਜੱਥੇਬੰਦੀ ਦਾ ਕਬਜਾ ਹੋ ਗਿਆ।
ਅਕਤੂਬਰ 2023 ਤੋਂ ਅੰਤਰਰਾਸ਼ਟਰੀ ਵਿਰੋਧਤਾਈਆਂ ਕਾਰਨ ਅਤੇ ਅੱਤਵਾਦੀ ਸੰਗਠਨਾਂ ਦੇ ਮਨਸੂਬਿਆਂ ਕਾਰਨ ਇਸਰਾਈਲ ਅਤੇ ਫਿਲਸਤੀਨ ਦਾ ਝਗੜਾ ਸਿਖਰ ਤੇ ਪਹੁੰਚ ਚੁੱਕਾ ਹੈ। ਰੂਸ ਅਤੇ ਚੀਨ, ਅਮਰੀਕਾ ਨੂੰ ਪੱਛਮੀ ਏਸ਼ੀਆ ਦੇ ਸੰਘਰਸ਼ ਵਿੱਚ ਉਲਝਾਉਣਾ ਚਾਹੁੰਦੇ ਸਨ ਤਾਂ ਕਿ ਰੂਸ, ਯੂਕ੍ਰੇਨ ਤੇ ਅਸਾਨੀ ਨਾਲ਼ ਜਿੱਤ ਪ੍ਰਾਪਤ ਕਰ ਸਕੇ ਅਤੇ ਚੀਨ ਤਾਇਵਾਨ ਤੇ ਜਿੱਤ ਪ੍ਰਾਪਤ ਕਰ ਸਕੇ। ਇਰਾਨ ਦੀ ਅਮਰੀਕਾ ਅਤੇ ਇਸਰਾਈਲ ਨਾਲ਼ ਪਹਿਲਾਂ ਤੋਂ ਹੀ ਤਿੱਖੀ ਵਿਰੋਧਤਾਈ ਚੱਲ ਰਹੀ ਹੈ। ਰੂਸ ਅਤੇ ਚੀਨ ਨੇ ਈਰਾਨ ਨੂੰ ਆਪਣੇ ਗੁੱਟ ਚ ਸ਼ਾਮਿਲ ਕੀਤਾ ਹੋਇਆ ਹੈ। ਈਰਾਨ ਨੇ ਮੁਸਲਿਮ ਜਗਤ ਉੱਪਰ ਆਪਣੀ ਧੋਂਸ ਜਮਾਉਣ ਲਈ ਦੂਸਰੇ ਮੁਸਲਿਮ ਦੇਸ਼ਾਂ ਵਿੱਚ ਕਈ ਅੱਤਵਾਦੀ ਸੰਘਠਨ ਖੜੇ ਕਰ ਲਏ ਹਨ। ਈਰਾਨ ਨੇ ਯਮਨ ਵਿੱਚ ਸ਼ੀਆ ਹੂਥੀ ਅੱਤਵਾਦੀ ਸੰਗਠਨ ਖੜਾ ਕਰਕੇ ਯਮਨ ਦੀ ਗੱਦੀ ਤੇ ਕਬਜਾ ਕਰ ਲਿਆ ਹੈ। ਭਾਵੇਂ ਉੱਥੇ ਸ਼ੀਆ ਦੀ ਗਿਣਤੀ 40 ਪ੍ਰਤੀਸ਼ਤ ਹੈ ਅਤੇ ਸੁੰਨੀਆਂ ਦੀ 60 ਪ੍ਰਤੀਸ਼ਤ ਇਸੇ ਤਰਾਂ ਉਸਨੇ ਲੈਬਨਾਨ ਦੀ ਸਰਕਾਰੀ ਫੌਜ ਦੇ ਸਮਾਨੰਤਰ ਸ਼ੀਆ ਹਿਜਬੁੱਲਾ ਅੱਤਵਾਦੀ ਸੰਗਠਨ ਬਣਾਇਆ ਹੈ। ਗਾਜਾ ਪੱਟੀ ਵਿੱਚ ਕਾਬਜ ਹੋਏ ਹਮਾਸ ਨੂੰ ਵੀ ਈਰਾਨ ਹੀ ਸੈਨਿਕ ਅਤੇ ਆਰਥਿਕ ਮਦਦ ਦਿੰਦਾ ਹੈ। ਗਾਜਾ ਪੱਟੀ ਨੂੰ ਜੋ ਬਾਹਰਲੇ ਦੋਸ਼ਾਂ ਤੋਂ ਵੱਡੀ ਆਰਥਿਕ ਮਦਦ ਆਉਂਦੀ ਸੀ, ਉਸ ਆਰਥਿਕ ਮਦਦ ਨਾਲ਼ ਹਮਾਸ ਨੇ ਉੱਤਰੀ ਗਾਜਾ ਵਿੱਚ ਭੂਮੀਗਤ ਸੁਰੰਗਾਂ ਦਾ ਜਾਲ ਬਿਛਾ ਦਿੱਤਾ।
7 ਅਕਤੂਬਰ 2023 ਨੂੰ ਮਿਥੀ ਸਾਜਿਸ਼ ਅਧੀਨ ਹਮਾਸ ਲੜਾਕਿਆਂ ਨੇ ਗਾਜਾ ਪੱਟੀ ਦੇ ਨਾਲ ਲੱਗਦੇ ਇਸਰਾਈਲ ਦੇ ਸ਼ਹਿਰਾਂ ਵਿੱਚ ਭਾਰੀ ਕਤਲੇਆਮ ਮਚਾ ਦਿੱਤਾ। ਜਿਸ ਵਿੱਚ ਲਗਭਗ 1600 ਯਹੂਦੀ ਬੱਚੇ, ਔਰਤਾਂ, ਮਰਦ ਅਤੇ ਸੈਨਿਕ ਮਾਰੇ ਗਏ ਅਤੇ 250 ਤੋਂ ਉੱਪਰ ਬੰਦੀ ਬਣਾ ਲਏ ਗਏ। ਪ੍ਰਤੀਕਰਮ ਵਜੋਂ ਗਾਜਾ ਪੱਟੀ ਉੱਪਰ ਇਸਰਾਈਲੀ ਸੈਨਾਂ ਦੀ ਕਾਰਵਾਈ ਜਾਰੀ ਹੈ। ਹਮਾਸ ਲੜਾਕਿਆਂ ਦਾ ਸਾਥ ਦੇਣ ਲਈ ਲੈਬਨਾਨ ਦਾ ਹਿਜਬੁੱਲਾ ਸੰਗਠਨ ਅਤੇ ਯਮਨ ਦਾ ਹੂਥੀ ਸੰਗਠਨ ਇਸਰਾਈਲ ਦੇ ਵਿਰੁੱਧ ਗੁਰਿੱਲਾ ਕਾਰਵਾਈਆਂ ਕਰ ਰਹੇ ਹਨ। ਇਸ ਯੁੱਧ ਵਿੱਚ ਫਿਲਸਤੀਨ ਨੂੰ ਆਪਣਾ ਹੋਰ ਇਲਾਕਾ ਅਤੇ ਨਾਗਰਿਕ ਖੋਣੇ ਪੈ ਸਕਦੇ ਹਨ। ਪਿੱਛੇ ਬੈਠੇ ਰੂਸ ਅਤੇ ਚੀਨ ਦਾ ਹਿੱਤ, ਇਸ ਯੁੱਧ ਦਾ ਵਿਸਥਾਰ ਕਰਕੇ, ਵਿਸ਼ਵ ਯੁੱਧ ਬਣਾਉਣ ਵੱਲ ਹੋਵੇਗਾ, ਅਮਰੀਕਾ ਅਤੇ ਇਸਰਾਈਲ ਦਾ ਹਿੱਤ ਇਸ ਯੁੱਧ ਨੂੰ ਅੱਤਵਾਦੀ ਸੰਗਠਨਾਂ ਵਿਰੁੱਧ ਸੀਮਤ ਰੱਖਣ ਚ ਹੋਵੇਗਾ।
ਪੂਰਵ ਇਤਿਹਾਸ ਕਾਲ ਵਿੱਚ ਭਾਰਤ, ਸ਼੍ਰੀਲੰਕਾ ਨਾਲ਼ ਸੰਬੰਧਤ ਇੱਕ ਘਟਨਾ ਤੋਂ ਸਬਕ ਲੈ ਕੇ ਮੌਜੂਦਾ ਫਿਲਸਤੀਨ-ਇਸਰਾਈਲ ਸੰਘਰਸ਼ ਨੂੰ ਰੋਕਿਆ ਜਾ ਸਕਦਾ ਸੀ। ਲੰਕਾ ਦੇ ਰਾਜੇ ਰਾਵਣ ਦੀ ਇੱਕ ਸੈਨਿਕ ਟੁੱਕੜੀ ਨੇ ਆਰੀਆ ਰਿਸ਼ੀਆਂ ਨੂੰ ਮਾਰ ਕੇ ਉਨ੍ਹਾਂ ਦੇ ਖੂਨ ਦਾ ਭਰਿਆ ਘੜਾ ਰਾਵਣ ਦੇ ਦਰਬਾਰ ਵਿੱਚ ਪੇਸ਼ ਕਰ ਦਿੱਤਾ, ਤਾਂ ਰਾਵਣ ਚੀਕਿਆ ਅਤੇ ਕਹਿਣ ਲੱਗਾ, ਇਹ ਖੂਨ ਦਾ ਘੜਾ ਲੰਕਾ ਵਿੱਚ ਅਕਾਲ ਦਾ ਕਾਰਨ ਬਣੇਗਾ, ਇਸ ਨੂੰ ਲੰਕਾ ਤੋਂ ਬਹੁਤ ਦੂਰ ਦੱਬ ਆਓ। ਇਹੋ ਖ਼ੂਨ ਦੇ ਘੜੇ ਦੀ ਗੱਲ ਫਿਲਿਸਤੀਨ ਦੇ ਅੱਤਵਾਦੀਆਂ ਨੇ ਕੀਤੀ ਹੈ। 7 ਅਕਤੂਬਰ 2023 ਨੂੰ ਫਿਲਸਤੀਨੀ ਅੱਤਵਾਦੀਆਂ ਨੇ ਜਸ਼ਨ ਮਨਾ ਰਹੇ 1600 ਇਸਰਾਈਲੀਆਂ ਨੂੰ ਮਾਰ ਦਿੱਤਾ ਅਤੇ 250 ਨੂੰ ਬੰਧਕ ਬਣਾ ਲਿਆ ਸੀ। ਇਨ੍ਹਾਂ ਬੰਧਕਾਂ ਵਿੱਚ ਇਸਰਾਈਲ ਅਤੇ ਹੋਰ ਦੇਸ਼ਾਂ ਦੀਆਂ ਔਰਤਾਂ, ਬੱਚੇ ਅਤੇ ਬੁੱਢੇ ਸਨ। ਆਪਣੇ ਬੰਧਕਾਂ ਨੂੰ ਛੁਡਾਉਣ ਲਈ ਇਸਰਾਈਲ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਆਪਣੇ ਬੰਦੀਆਂ ਨੂੰ ਛੁਡਾਉਣ ਲਈ ਫਿਲਸਤੀਨ (ਗਾਜਾ) ਵਿਰੁੱਧ ਜਾਂ ਇਨ੍ਹਾਂ ਦਾ ਸਾਥ ਦੇਣ ਵਾਲੇ ਲੇਬਨਾਨ ਦੇ ਹਿਜਬੁੱਲਾ ਜਾਂ ਯਮਨ ਦੇ ਹੂਥੀਆਂ ਅਤੇ ਪ੍ਰਾਕਸੀ ਅੱਤਵਾਦ ਦੇ ਮਾਸਟਰਮਾਈਂਡ ਈਰਾਨ ਵਿਰੁੱਧ ਵੱਡੀ ਤੋਂ ਵੱਡੀ ਕਾਰਵਾਈ ਕਰ ਸਕਦਾ ਹੈ ਅਤੇ ਜੋ ਉਹ ਕਰ ਵੀ ਰਿਹਾ ਹੈ। ਸੰਸਾਰ ਭਰ ਦੇ ਬੁੱਧੀਜੀਵੀ ਬੰਧਕਾਂ ਨੂੰ ਛੁਡਾਉਣ ਦੀ ਗੱਲ ਨਾ ਕਰਕੇ ਇਸਰਾਈਲ ਵੱਲੋਂ ਕੀਤੀ ਜਾ ਰਹੀ ਸੈਨਿਕ ਕਾਰਵਾਈ ਦੀ ਪ੍ਰੋੜ੍ਹਤਾ ਕਰ ਰਹੇ ਹਨ।