ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ‘ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਸ ਫੈਸਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਕਦਮ ਨੂੰ ਮੰਦਭਾਗਾ, ਅਣਉਚਿਤ ਅਤੇ ਮੂਰਖਤਾਪੂਰਨ ਦੱਸਿਆ ਅਤੇ ਕਿਹਾ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਭਾਰਤ ਨੇ ਰੂਸ ਤੋਂ ਤੇਲ ਸਿਰਫ 1.4 ਅਰਬ ਭਾਰਤੀਆਂ ਦੀ ਬਾਜ਼ਾਰ ਮੰਗ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਆਯਾਤ ਕੀਤਾ ਹੈ। ਭਾਰਤ ਅਮਰੀਕਾ ਨਾਲ ਸਕਾਰਾਤਮਕ ਗੱਲਬਾਤ ਲਈ ਤਿਆਰ ਹੈ, ਪਰ ਆਪਣੇ ਆਰਥਿਕ ਅਤੇ ਰਣਨੀਤਕ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਅਮਰੀਕਾ ਨੇ ਭਾਰਤ ‘ਤੇ ਉਸ ਕੰਮ ਲਈ ਵਾਧੂ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਕਈ ਹੋਰ ਦੇਸ਼ ਵੀ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਵਿੱਚ ਕਰ ਰਹੇ ਹਨ।”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਭਾਰਤ ਤੋਂ ਆਉਣ ਵਾਲੀਆਂ ਵਸਤਾਂ ‘ਤੇ 25 ਪ੍ਰਤੀਸ਼ਤ ਵਾਧੂ ਡਿਊਟੀ ਲਗਾਈ ਜਾਵੇਗੀ। ਇਹ ਨਵੀਂ ਡਿਊਟੀ ਆਦੇਸ਼ ਜਾਰੀ ਹੋਣ ਤੋਂ 21 ਦਿਨਾਂ ਬਾਅਦ ਲਾਗੂ ਹੋਵੇਗੀ। ਵ੍ਹਾਈਟ ਹਾਊਸ ਨੇ ਇਹ ਫੈਸਲਾ ਰੂਸ ‘ਤੇ ਦਬਾਅ ਪਾਉਣ ਅਤੇ ਯੂਕਰੇਨ ਯੁੱਧ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਿਆ ਹੈ। ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੂਸ ਤੋਂ ਤੇਲ ਖਰੀਦ ਰਿਹਾ ਹੈ, ਜੋ ਉਸਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਖ਼ਤਰਾ ਹੈ। ਟੈਰਿਫ ਨਾਲ ਸਬੰਧਤ ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਅਮਰੀਕਾ ਭੇਜੇ ਜਾ ਰਹੇ ਉਤਪਾਦਾਂ ‘ਤੇ ਇਹ ਡਿਊਟੀ ਪਹਿਲਾਂ ਤੋਂ ਲਗਾਈ ਗਈ ਕਿਸੇ ਵੀ ਹੋਰ ਡਿਊਟੀ ਤੋਂ ਇਲਾਵਾ ਹੋਵੇਗੀ, ਜਦੋਂ ਤੱਕ ਕਿ ਉਹ ਕੁਝ ਵਿਸ਼ੇਸ਼ ਸ਼੍ਰੇਣੀਆਂ ਜਾਂ ਪੁਰਾਣੇ ਵਪਾਰ ਸਮਝੌਤਿਆਂ ਦੀਆਂ ਛੋਟਾਂ ਦੇ ਅਧੀਨ ਨਾ ਆਉਣ। ਇਸ ਫੈਸਲੇ ਤੋਂ ਬਾਅਦ, ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਬੰਧਾਂ ਵਿੱਚ ਤਣਾਅ ਵਧ ਸਕਦਾ ਹੈ।
ਇਸ ਦੇ ਨਾਲ ਹੀ ਭਾਰਤ ਨੇ ਦੁਹਰਾਇਆ ਹੈ ਕਿ ਉਹ ਅਮਰੀਕਾ ਨਾਲ ਸਕਾਰਾਤਮਕ ਗੱਲਬਾਤ ਲਈ ਤਿਆਰ ਹੈ, ਪਰ ਆਪਣੇ ਆਰਥਿਕ ਅਤੇ ਰਣਨੀਤਕ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ।