ਨਵੀਂ ਦਿੱਲੀ – ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 8774 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਕ ਦਿਨ ਪਹਿਲਾਂ ਕੋਰੋਨਾ ਦੇ 8,318 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਪਿਛਲੇ ਦਿਨ ਦੇ ਮੁਕਾਬਲੇ ਘੱਟ ਰਹੀ ਹੈ। ਅੱਜ 9,481 ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਜਦੋਂ ਕਿ ਇਕ ਦਿਨ ਪਹਿਲਾਂ 10,967 ਲੋਕ ਠੀਕ ਹੋਏ ਸਨ। ਹੁਣ ਤਕ ਦੇਸ਼ ਵਿਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 3,39,98,278 ਹੋ ਗਈ ਹੈ।ਦੇਸ਼ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਹੁਣ ਦੇਸ਼ ਵਿਚ 1,05,691 ਐਕਟਿਵ ਕੇਸ ਬਚੇ ਹਨ। ਇਹ ਸੰਖਿਆ ਪਿਛਲੇ 543 ਦਿਨਾਂ ਵਿਚ ਸਭ ਤੋਂ ਘੱਟ ਹੈ। ਐਕਟਿਵ ਕੇਸ ਕੁੱਲ ਕੇਸਾਂ ਦੇ ਇਕ ਫੀਸਦੀ ਤੋਂ ਵੀ ਘੱਟ ਹਨ। ਫਿਲਹਾਲ ਇਹ ਕੁੱਲ ਮਾਮਲਿਆਂ ਦਾ 0.31 ਫੀਸਦੀ ਹੈ। ਮਾਰਚ 2020 ਤੋਂ ਬਾਅਦ ਇਹ ਸਭ ਤੋਂ ਘੱਟ ਗਿਣਤੀ ਹੈ। ਦੇਸ਼ ਵਿਚ ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤਕ ਕੁੱਲ 121.94 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਇਹ ਅੰਕੜਾ ਹਰ ਰੋਜ਼ ਵਧ ਰਿਹਾ ਹੈ।ਦੱਖਣੀ ਅਫਰੀਕਾ ਵਿਚ ਸਾਹਮਣੇ ਆਏ ਕੋਰੋਨਾ ਦੇ ਇਕ ਨਵੇਂ ਰੂਪ ਓਮੀਕ੍ਰਾਮ ਦੇ ਖ਼ਤਰੇ ਦੇ ਮੱਦੇਨਜ਼ਰ ਦੇਸ਼ ਵਿਚ ਵੀ ਚਿੰਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਦੀ ਸਮੀਖਿਆ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਅਫਰੀਕੀ ਦੇਸ਼ਾਂ ਤੋਂ ਕੋਵਿਡ ਦੇ ਨਵੇਂ ਰੂਪਾਂ ਦੇ ਖਤਰੇ ਦੇ ਮੱਦੇਨਜ਼ਰ, ਦਿੱਲੀ ਦੇ ਉਪ ਰਾਜਪਾਲ, ਅਨਿਲ ਬੈਜਲ ਨੇ ਮੁੱਖ ਸਕੱਤਰ ਤੇ ਪੁਲਿਸ ਕਮਿਸ਼ਨਰ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਰੂਪ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾਉਣ। ਸੋਮਵਾਰ ਨੂੰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਡੀਡੀਐੱਮਏ) ਦੀ ਬੈਠਕ ਬੁਲਾਈ ਗਈ ਹੈ, ਜਿਸ ‘ਚ ਮਾਹਿਰ ਕੋਵਿਡ ਦੇ ਨਵੇਂ ਰੂਪ ਬਾਰੇ ਆਪਣੀ ਰਾਏ ਦੇਣਗੇ ਤੇ ਇਸ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਕੀ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ।