ਪਟਿਆਲਾ – ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਰਕਾਰੀ) ਨਾਲ ਸਬੰਧਤ ਕਿਸਾਨ 26 ਜਨਵਰੀ ਨੂੰ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣਗੇ। ਖਨੌਰੀ ਬਾਰਡਰ ਸਮੇਤ ਪੰਜਾਬ ਭਰ ’ਚ ਟਰੈਕਟਰ ਮਾਰਚ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸ਼ੁੱਕਰਵਾਰ ਨੂੰ ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਟਰੈਕਟਰ ਪੁੱਜਣੇ ਸ਼ੁਰੂ ਹੋ ਗਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਸੁਖਜਿੰਦਰ ਸਿੰਘ ਖੋਸਾ, ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦੇਸ਼ ਭਰ ’ਚ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਵੱਡੇ ਆਗੂਆਂ ਦੀਆਂ ਰਿਹਾਇਸ਼ਾਂ, ਮਾਲਜ਼, ਸਾਇਲੋ ਪਲਾਂਟਾਂ, ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ, ਟੋਲ ਪਲਾਜ਼ਿਆਂ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟਰੈਕਟਰ ਮਾਰਚ ਰਾਹੀਂ ਕਿਸਾਨ ਆਪਣਾ ਵਿਰੋਧ ਪ੍ਰਗਟਾਉਣਗੇ। ਇਹ ਟਰੈਕਟਰ ਮਾਰਚ ਨਹੀਂ ਹੋਵੇਗਾ, ਸਗੋਂ ਟਰੈਕਟਰ ਖੜ੍ਹੇ ਕੀਤੇ ਜਾਣਗੇ। ਤਾਮਿਲਨਾਡੂ-ਕਰਨਾਟਕ ਤੇ ਪੰਜਾਬ-ਹਰਿਆਣਾ ਸਮੇਤ ਹੋਰਨਾਂ ਸੂਬਿਆਂ ’ਚ 70 ਤੋਂ ਵੱਧ ਥਾਵਾਂ ’ਤੇ ਕਿਸਾਨਾਂ ਦੇ ਟਰੈਕਟਰ ਵੱਡੇ ਪੱਧਰ ’ਤੇ ਸੜਕਾਂ ’ਤੇ ਉਤਰਨਗੇ। ਮੱਧ ਪ੍ਰਦੇਸ਼ ਦੇ ਅਸ਼ੋਕਨਗਰ ’ਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਸ਼ੰਭੂ ’ਚ ਸ਼ੁਰੂ ਹੋ ਚੁੱਕੀਆਂ ਹਨ। ਇੱਥੇ ਸੂਬੇ ਭਰ ਦੇ ਕਿਸਾਨ ਟਰੈਕਟਰਾਂ ਸਮੇਤ ਪੁੱਜਣੇ ਸ਼ੁਰੂ ਹੋ ਗਏ ਹਨ।
ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸ਼ੁੱਕਰਵਾਰ 60 ਦਿਨ ਪੂਰੋ ਹੇ ਗਏ। ਕੇਂਦਰ ਨਾਲ ਬੈਠਕ ਦੇ ਸੱਦੇ ਤੋਂ ਬਾਅਦ ਬੇਸ਼ੱਕ ਡੱਲੇਵਾਲ ਨੇ ਮੈਡੀਕਲ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਹੈ ਪਰ 60 ਦਿਨਾਂ ਤੋਂ ਰੋਟੀ ਨਾ ਖਾਣ ਕਾਰਨ ਉਨ੍ਹਾਂ ਦੇ ਸਰੀਰ ’ਚ ਕਾਫ਼ੀ ਕਮਜ਼ੋਰੀ ਆ ਚੁੱਕੀ ਹੈ। ਉਹ ਨਾ ਤਾਂ ਠੀਕ ਤਰ੍ਹਾਂ ਬੈਠ ਪਾ ਰਹੇ ਹਨ ਤੇ ਨਾ ਹੀ ਖੜ੍ਹੇ ਹੋਣ ਦੀ ਸਥਿਤੀ ’ਚ ਹਨ। ਉਨ੍ਹਾਂ ਦਾ ਵਜ਼ਨ ਵੀ 20 ਕਿੱਲੋ ਘੱਟ ਹੋ ਚੁੱਕਾ ਹੈ, ਇਸ ਕਾਰਨ ਉਹ ਸਿਰਫ਼ੇ ਲੇਟੇ ਰਹਿਣ ਲਈ ਮਜਬੂਰ ਹਨ। ਉਨ੍ਹਾਂ ਨੂੰ ਦੂਜੀ ਟਰਾਲੀ ’ਚ ਸ਼ਿਫਟ ਕੀਤਾ ਗਿਆ ਹੈ ਪਰ ਉਹ ਦੋ ਦਿਨਾਂ ਤੋ ਟਰਾਲੀ ਤੋ ਬਾਹਰ ਨਹੀ ਆਏ। ਸ਼ੁੱਕਰਵਾਰ ਨੂੰ ਐੱਸਐੱਸਪੀ ਡਾ. ਨਾਨਕ ਸਿੰਘ. ਐੱਸਡੀਐਮ ਖਨੌਰੀ ਡੱਲੇਵਾਲ ਨੂੰ ਮਿਲਣ ਲਈ ਪੁੱਜੇ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਡੱਲੇਵਾਲ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਰਜਿੰਦਰ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਉਸ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਡੱਲੇਵਾਲ ਦਾ ਇਲਾਜ ਸ਼ਨਿੱਚਰਵਾਰ ਰਾਤ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਦੌਰਾਨ, ਪੰਦਰਾਂ ਘੰਟਿਆਂ ਦੇ ਅੰਤਰਾਲ ਨੂੰ ਛੱਡ ਕੇ ਇਲਾਜ ਲਗਾਤਾਰ ਜਾਰੀ ਹੈ। ਰੋਜ਼ਾਨਾ ਉਲਟੀਆਂ ਨੂੰ ਰੋਕਣ ਲਈ ਡਾਕਟਰ ਟੀਕਿਆਂ ਰਾਹੀਂ ਗੁਲੂਕੋਜ਼ ਦੇ ਰਹੇ ਹਨ। ਜੇਕਰ ਇਹ ਟੀਕਾ ਨਾ ਦਿੱਤਾ ਜਾਵੇ ਤਾਂ ਦੁਬਾਰਾ ਉਲਟੀਆਂ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਡਾਕਟਰਾਂ ਦੀ ਟੀਮ ਇਲਾਜ ਲਈ ਲੱਗੀ ਹੋਈ ਹੈ ਪਰ ਜਦੋਂ ਤੱਕ ਸਾਰੇ ਟੈਸਟਾਂ ਦੀ ਰਿਪੋਰਟ ਜਨਤਕ ਨਹੀਂ ਹੋ ਜਾਂਦੀ, ਉਦੋਂ ਤੱਕ ਸਿਹਤ ਦੀ ਸਥਿਤੀ ਸਪੱਸ਼ਟ ਨਹੀਂ ਹੋ ਸਕਦੀ।