Punjab

 ‘28ਵੀਂ ਪੰਜਾਬ ਸਾਇੰਸ ਕਾਂਗਰਸ’ ਕਾਨਫਰੰਸ ਦੀ ਸਮਾਪਤੀ ’ਤੇ ਮਾਹਿਰਾਂ ਨੇ ਸਾਂਝੇ ਕੀਤੇ ਸੁਝਾਅ !

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬ ਅਕੈਡਮੀ ਆਫ਼ ਸਾਇੰਸਿਜ਼, ਪਟਿਆਲਾ ਦੇ ਸਹਿਯੋਗ ਨਾਲ ‘28ਵੀਂ ਪੰਜਾਬ ਸਾਇੰਸ ਕਾਂਗਰਸ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਮੌਜੂਦਾ ਰੁਝਾਨ’ ਵਿਸ਼ੇ ’ਤੇ 3 ਰੋਜ਼ਾ ਨੈਸ਼ਨਲ ਕਾਨਫਰੰਸ ਬੜੇ ਉਤਸ਼ਾਹ ਨਾਲ ਪੁੱਜੇ ਮਾਹਿਰਾਂ, ਬੁੱਧੀਜੀਵੀਆਂ ਦੁਆਰਾ ਸਾਂਝੇ ਕੀਤੇ ਗਏ ਮਹੱਤਵਪੂਰਨ ਸੁਝਾਵਾਂ ਨਾਲ ਸੰਪੰਨ ਹੋ ਗਈ।

ਇਸ ਸਬੰਧੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ’ਚ ਲਾਈਫਟਾਈਮ ਅਚੀਵਮੈਂਟ, ਯੰਗ ਸਾਇੰਟਿਸਟ, ਬੈਸਟ ਪੋਸਟਰ ਪ੍ਰੈਜ਼ੈਂਟੇਸ਼ਨ, ਫਾਰਮਾਸਿਊਟੀਕਲ ਸਾਇੰਸਜ਼, ਬੈਸਟ ਸਾਇੰਸ ਕਾਲਜ ਟੀਚਰ, ਬੈਸਟ ਰੂਰਲ ਸਾਇੰਸ ਸਕੂਲ ਟੀਚਰ, ਬੈਸਟ ਰੂਰਲ ਸਟੂਡੈਂਟ ਆਦਿ ਐਵਾਰਡ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਨਫਰੰਸ ਮੌਕੇ ਪ੍ਰੋ: ਏ.ਐਸ. ਆਹਲੂਵਾਲੀਆ, ਰਿਟਾਇਰਡ ਪ੍ਰੋਫ਼ੈਸਰ (ਬੋਟਨੀ, ਪੀ. ਯੂ. ਚੰਡੀਗੜ੍ਹ ਨੂੰ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ: ਕਾਹਲੋਂ ਨੇ ਵਿਗਿਆਨ ਦੇ ਸਾਡੇ ਰੋਜ਼ਾਨਾ ਜੀਵਨ ’ਚ ਲਾਭਦਾਇਕ ਹੋਣ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਖੋਜਾਂ ਦੇ ਵਿਸ਼ਾ ਵਸਤੂ ਲਈ ਜੀਵਨ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਦੇਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਅਤੇ ਪੀ. ਐਸ. ਸੀ.-2025 ਦੇ ਕੋਆਰਡੀਨੇਟਰ ਡਾ: ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ। ਇਸ ਮੌਕੇ ਪੀ. ਐਸ. ਸੀ. ਜਥੇਬੰਦਕ ਸਕੱਤਰ ਡਾ: ਰਾਜਬੀਰ ਸਿੰਘ ਸੋਹੀ ਨੇ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਾਇੰਸ ਕਾਂਗਰਸ ਲਈ 450 ਦੇ ਕਰੀਬ ਖੋਜਾਰਥੀਆਂ ਨੂੰ ਰਜਿਸਟਰ ਕੀਤਾ ਗਿਆ ਸੀ।

ਡਾ. ਕਾਹਲੋਂ ਨੇ ਕਿਹਾ ਕਿ ਉਕਤ ਕਾਨਫਰੰਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪੰਜਾਬ ਅਕੈਡਮੀ ਆਫ ਸਾਇੰਸਿਜ਼ ਦੇ ਪ੍ਰਧਾਨ ਪ੍ਰੋ: ਤਰਲੋਕ ਸਿੰਘ ਅਤੇ ਸਕੱਤਰ ਪ੍ਰੋ: ਐਨ. ਆਰ. ਧਾਮੀਵਾਲ ਵੀ ਮਹਿਮਾਨ ਵਜੋਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਖ਼ਰੀ ਦਿਨ ਦਾ ਤਕਨੀਕੀ ਸੈਸ਼ਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਉਪ ਕੁਲਪਤੀ ਡਾ: ਰਾਜੀਵ ਸੂਦ, ਜੀ. ਐਨ. ਡੀ. ਯੂ. ਦੇ ਕੈਮਿਸਟਰੀ ਵਿਭਾਗ ਦੇ ਪ੍ਰੋ: ਵੰਦਨਾ ਭੱਲਾ, ਪੀ.ਪੀ. ਸੀ. ਬੀ., ਪੰਜਾਬ ਦੇ ਚੇਅਰਮੈਨ ਡਾ: ਅਦਰਸ਼ ਪਾਲ ਵਿਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ: ਅਰਵਿੰਦ ਦੁਆਰਾ ਦਿੱਤੇ ਗਏ ਓਰੇਸ਼ਨ ਅਤੇ ਪਲੈਨਰੀ ਭਾਸ਼ਣਾਂ ਨਾਲ ਸਮਾਪਤ ਹੋਇਆ।

ਇਸ 3 ਦਿਨਾਂ ਕਾਨਫਰੰਸ ਦੌਰਾਨ ਡਾ: ਮਹਿਲ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇਸ਼ ’ਚ ਖੁਸ਼ਹਾਲੀ ਲਿਆ ਸਕਦੀ ਹੈ। ਅਖੀਰ ’ਚ ਪ੍ਰੋ: ਐਨ.ਆਰ. ਧਾਮੀਵਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Related posts

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin

ਮੁੱਖ ਮੰਤਰੀ ਨੇ 216 ਅਤਿ ਆਧੁਨਿਕ ਸਫ਼ਾਈ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ !

admin