ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਵੱਲੋਂ ਮੁੱਖ-ਮੰਤਰੀ ਭਗਵੰਤ ਮਾਨ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਦੇਸ਼-ਵਿਆਪੀ ਐਲਾਨ ਕਰਦਿਆਂ ਮੁੱਖ-ਮੰਤਰੀ ਮਾਨ ਦਾ ਦੇਸ਼ ਭਰ ‘ਚ ਜ਼ਿਲ੍ਹਾ ਪੱਧਰਾਂ ‘ਤੇ 3 ਜੂਨ ਨੂੰ ਪੁਤਲੇ ਫੂਕਣ ਦਾ ਫੈਸਲਾ ਲਿਆ ਹੈ।
ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਲਕੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰਾਂ ‘ਤੇ ਡੀਸੀ ਹੈਡਕੁਆਰਟਰਾਂ ਅੱਗੇ ਮੁੱਖ ਮੰਤਰੀ ਮਾਨ ਦੇ ਪੁਤਲੇ ਫੂਕੇ ਜਾਣਗੇ, ਜਿਸ ਦੀਆਂ ਕਿਸਾਨਾਂ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕਿਸਾਨਾਂ-ਮਜਦੂਰਾਂ ਦੇ ਮਸਲੇ ਤਾਂ ਹੱਲ ਨਹੀਂ ਕੀਤੇ ਜਾ ਰਹੇ, ਪਰ ਜਿਥੇ ਵੀ ਕਿਸਾਨ ਤੇ ਮਜਦੂਰ ਸ਼ਾਂਤਮਈ ਧਰਨਾ ਲਾਉਂਦੇ ਹਨ, ਉਥੇ ਕਿਸਾਨਾਂ ‘ਤੇ ਲਾਠੀਚਾਰਜ ਤੇ ਜੇਲ੍ਹਾਂ ਵਿੱਚ ਸੁੱਟ ਕੇ ਤਸ਼ੱਦਦ ਕਰ ਰਹੇ ਹਨ।
ਇਸ ਤੋਂ ਇਲਾਵਾ ਬਠਿੰਡਾ ਦੇ ਪਿੰਡ ਘਸੋਖਾਨਾ ‘ਚ ਸੀਵਰੇਜ ਪਾਈਪਲਾਈਨ ਦਾ ਵਿਰੋਧ ਕਰਨ ‘ਤੇ ਵੀ ਕਿਸਾਨ ਆਗੂਆਂ ਨੂੰ ਚੁੱਕ ਕੇ ਵੱਖ ਵੱਖ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਉਪਰੰਤ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਇਸ ਧੱਕੇਸ਼ਾਹੀ ਖਿਲਾਫ਼ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰਨੀ ਚਾਹੀ ਤਾਂ ਵੀ ਪੰਜਾਬ ਸਰਕਾਰ ਤੇ ਪੁਲਿਸ ਨੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ, ਜੋ ਕਿ ਅਤਿ ਘਟੀਆ ਕਾਰਵਾਈ ਹੈ। ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਖਿਲਾਫ਼ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਦੀ ਸੰਯੁਕਤ ਕਿਸਾਨ ਮੋਰਚਾ ਨਿਖੇਧੀ ਕਰਦਾ ਹੈ। ਇਸ ਧੱਕੇਸ਼ਾਹੀ ਦੇ ਖਿਲਾਫ਼ ਹੁਣ ਬੀਤੀ ਦੇਰ ਰਾਤ ਕਿਸਾਨ ਆਗੂਆਂ ਨੇ ਆਨਲਾਈਨ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ 3 ਜੂਨ ਨੂੰ ਦੇਸ਼ਵਿਆਪੀ ਪ੍ਰੋਗਰਾਮ ਤਹਿਤ ਸਾਰੇ ਜ਼ਿਲ੍ਹਾ ਡੀਸੀ ਹੈਡਕੁਆਰਟਰਾਂ ਸੀਐਮ ਮਾਨ ਦੇ ਪੁਤਲੇ ਫੂਕੇ ਜਾਣਗੇ।