ਬੀਜਿੰਗ – “ਚੀਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੁਐਡ ਗਠਜੋੜ ਇੱਕ ”ਉਪਕਰਨ” ਦੀ ਤਰ੍ਹਾਂ ਹੈ ਅਤੇ ਇਹ ਟਕਰਾਅ ਨੂੰ ਤੇਜ਼ ਕਰਨ ਲਈ ”ਜਾਨਬੁੱਝ ਕੇ ਚੁੱਕਿਆ ਗਿਆ ਕਦਮ ਹੈ ਜੋ ਸਫਲ ਨਹੀਂ ਹੋਵੇਗਾ।”
ਕੁਐਡ ਵਿਦੇਸ਼ ਮੰਤਰੀਆਂ ਦੇ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਗੱਲਬਾਤ ਸ਼ੁਰੂ ਕਰਨ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਕਵਾਡ ਗਠਜੋੜ ਸਿਰਫ਼ ਉਸ ਨੂੰ ਕੰਟਰੋਲ ਕਰਨ ਲਈ ਇਕ ਉਪਕਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਟਕਰਾਅ ਨੂੰ ਭੜਕਾਉਣ ਅਤੇ ਅੰਤਰ-ਰਾਸ਼ਟਰੀ ਇਕਜੁੱਟਤਾ ਅਤੇ ਸਹਾਇਤਾ ਨੂੰ ਕਮਜ਼ੋਰ ਕਰਨ ਲਈ ਜਾਨਬੁੱਝ ਕੇ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਸੀਤ ਯੁੱਧ ਲੰਬਾ ਖਿੱਚਿਆ ਗਿਆ ਹੈ ਅਤੇ ਚੀਨ ਨੂੰ ਰੋਕਣ ਦੇ ਉਦੇਸ਼ ਨਾਲ ਗਠਜੋੜ ਬਣਾਉਣ ਦੀ ਕੋਈ ਵੀ ਕੋਸ਼ਿਸ਼ ਸਫਲ ਨਹੀਂ ਹੋਵੇਗੀ। ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਝਾਓ ਨੇ ਕਿਹਾ ਸੀ ਕਿ ਚੀਨ ਵਿਸ਼ੇਸ਼ ਗੁੱਟ ਬਣਾਉਣ ਅਤੇ ਟਕਰਾਅ ਨੂੰ ਉਕਸਾਉਣ ਨਾਲ ਸਬੰਧਤ ਕਿਸੇ ਵੀ ਕਦਮ ਨੂੰ ਖਾਰਜ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਰੀਕਾ ਅਤੇ ਹੋਰ ਸਬੰਧਤ ਦੇਸ਼ ਸਮੇਂ ਦੇ ਰੁਖ਼ ਨੂੰ ਸਮਝਣਗੇ, ਉਚਿਤ ਮਾਨਸਿਕਤਾ ਰੱਖਣਗੇ ਅਤੇ ਸੀਤ ਯੁੱਧ ਦੀ ਮਾਨਸਿਕਤਾ ਨੂੰ ਛੱਡ ਦੇਣਗੇ।
ਚੀਨ ਦਾ ਰਣਨੀਤਕ ਰੂਪ ਤੋਂ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਈ ਦੇਸ਼ਾਂ ਨਾਲ ਖੇਤਰੀ ਵਿਵਾਦ ਹੈ ਅਤੇ ਉਹ ਕੁਐਡ ਗਠਜੋੜ ਦਾ ਇਸ ਦੇ ਗਠਨ ਦੇ ਸਮੇਂ ਤੋਂ ਹੀ ਵਿਰੋਧ ਕਰਦਾ ਰਿਹਾ ਹੈ। ਚੀਨ ਲਗਭਗ ਸਾਰੇ ਵਿਵਾਦਿਤ ਦੱਖਣੀ ਚੀਨ ਸਾਗਰ ਖੇਤਰ ‘ਤੇ ਆਪਣਾ ਦਾਅਵਾ ਕਰਦਾ ਹੈ। ਹਾਲਾਂਕਿ ਤਾਇਵਾਨ, ਫਿਲੀਪੀਂਸ, ਬਰੁਨੇਈ, ਮਲੇਸ਼ੀਆ ਅਤੇ ਵੀਅਤਨਾਮ ਵੀ ਇਸ ਦੇ ਕੁਝ ਹਿਸਿਆਂ ‘ਤੇ ਦਾਅਵਾ ਕਰਦੇ ਹਨ।
ਵਰਨਣਯੋਗ ਹੈ ਕਿ ਕੁਐਡ ਵਿੱਚ ਭਾਰਤ, ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਸ਼ਾਮਲ ਹਨ। ਯੂਕਰੇਨ ਨੂੰ ਲੈ ਕੇ ਰੂਸ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇਸ਼ਾਂ ਵਿਚ ਵਧਦੇ ਤਣਾਅ, ਅਫਗਾਨਿਸਤਾਨ ਸੰਕਟ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਦਬਦਬੇ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਕੁਐਡ ਸਮੂਹ ਦੇ ਵਿਦੇਸ਼ ਮੰਤਰੀਆਂ ਨੇ ਮੈਲਬੌਰਨ ਵਿੱਚ ਵਿਆਪਕ ਗੱਲਬਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ਿਮਾਸਾ ਹਯਾਸ਼ੀ ਅਤੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰਿਸ ਪਾਈਨ ਨੇ ਮੈਲਬੌਰਨ ਵਿੱਚ ਗੱਲਬਾਤ ਤੋਂ ਪਹਿਲਾਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨਾਲ ਸੰਯੁਕਤ ਰੂਪ ਵਿਚ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ, ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪੇਨ ਨੇ ਸ਼ੁੱਕਰਵਾਰ ਨੂੰ ਮੈਲਬੌਰਨ ਵਿੱਚ ਮੈਲਬੋਰਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮੈਰਿਸ ਪੇਨ ਨੂੰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੁਆਰਾ ਦਸਤਖਤ ਕੀਤਾ ਇੱਕ ਕ੍ਰਿਕਟ ਬੈਟ ਭੇਟ ਕੀਤਾ।