ਅਗਰਤਲਾ – ਇਕ ਸਮੇਂ ਪੂਰਬ-ਉੱਤਰ ਦੇ ਸੂਬੇ ਭ੍ਰਿਸ਼ਟਾਚਾਰ ਲਈ ਜਾਣੇ ਜਾਂਦੇ ਸਨ ਪਰ ਹੁਣ ਵਿਕਾਸ ’ਤੇ ਪੈਸਾ ਖ਼ਰਚ ਕਰ ਰਹੇ ਹਨ। ਇਹ ਗੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਹੀ। ਤ੍ਰਿਪੁਰਾ ਦੇ 50ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਕਾਨਫਰੰਸ ਜ਼ਰੀਏ ਇੱਥੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਖੇਤਰ ਦੇ ਵਿਕਾਸ ਲਈ ਪਹਿਲ ਕਰਨ ਤੋਂ ਬਾਅਦ ਦਿੱਲੀ ਤੋਂ ਭੇਜਿਆ ਗਿਆ ਪੂਰਾ ਪੈਸਾ ਹੁਣ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਅਗਲੇ 25 ਸਾਲਾਂ ’ਚ ਤ੍ਰਿਪੁਰਾ ਦੇ ਵਿਕਾਸ ਦੀ ਯੋਜਨਾ ਲਈ ਇਕ ਵਿਜ਼ਨ ਡਾਕੂਮੈਂਟ ‘ਲਕਸ਼ ਤ੍ਰਿਪੁਰਾ’ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ਤੇ ਰੇਲਵੇ ਰਾਹੀਂ ਸੂਬੇ ਦੀ ‘ਕੁਨੈਕਟੀਵਿਟੀ’ ਲਈ ਵਿਆਪਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਗਿਆ ਤੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਮਾਧਿਅਮ ਨਾਲ ਬਿਹਤਰ ਸੰਪਰਕ ਲਈ ਪਹਿਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਸੂਬੇ ’ਚ ਪੂਰਬ-ਉੱਤਰ ਰਾਜ ਦਾ ਪ੍ਰਵੇਸ਼ ਦੁਆਰ ਹੋਣ ਦੀ ਸਮਰੱਥਾ ਹੈ, ਉਸ ਨੂੰ ਹੁਣ ਅਗਰਤਲਾ-ਅਖੌਰਾ ਰੇਲਵੇ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਿਆ ਜਾ ਰਿਹਾ ਹੈ। 15 ਕਿਲੋਮੀਟਰ ਦਾ ਅਗਰਤਲਾ-ਅਖੌਰਾ ਰੇਲ ਮਾਰਗ ਬੰਗਲਾਦੇਸ਼ ਰੇਲਵੇ ਨਾਲ ਉੱਤਰ-ਪੂਰਬੀ ਰੇਲ ਮਾਰਗ ਨਾਲ ਜੁੜੇਗਾ ਜਿਸ ਨਾਲ ਇਸ ਦੀ ਪਹੁੰਚ ਕੋਲਕਾਤਾ ਤਕ ਹੋ ਜਾਵੇਗੀ। ਏਐੱਨਆਈ ਮੁਤਾਬਕ, ਸ਼ਾਹ ਨੇ ਕਿਹਾ ਕਿ ਬਿਪਲਬ ਦੇਵ ਸਰਕਾਰ ਤ੍ਰਿਪੁਰਾ ’ਚ ਸ਼ਾਂਤੀ ਤੇ ਸਥਿਰਤਾ ਲੈ ਕੇ ਆਈ ਹੈ। ਡਬਲ ਇੰਜਣ ਦੀ ਸਰਕਾਰ ਦਾ ਫ਼ਾਇਦਾ ਤੇ ਨਤੀਜੇ ਲੋਕਾਂ ਨੂੰ ਦਿਸ ਰਹੇ ਹਨ। ਸਾਲਾਂ ਤੋਂ ਸੱਤਾ ’ਤੇ ਕਾਬਜ਼ ਰਹੀਆਂ ਖੱਬੇਪੱਖੀ ਪਾਰਟੀਆਂ ’ਤੇ ਹਮਲਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਸੂਬੇ ਨੂੰ ਹਨੇਰੇ ਵੱਲ ਲੈ ਗਏ ਸਨ ਕਿਉਂਕਿ ਉਨ੍ਹਾਂ ਦੀ ਰਾਜਨੀਤੀ ਸਿਰਫ ਖ਼ੂਨੀ ਸੀ ਪਰੰਤੂ ਹੁਣ ਬਿਪਲਬ ਦੇਵ ਸਰਕਾਰ ਸੂਬੇ ’ਚ ਸ਼ਾਂਤੀ ਤੇ ਸਥਿਰਤਾ ਦੀ ਗਵਾਹ ਹੈ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬ-ਉੱਤਰ ਸੂਬਿਆਂ ਦੀ ਦਿੱਲੀ ਤੋਂ ਦੂਰੀ ਘਟਾ ਦਿੱਤੀ ਹੈ ਤੇ ਉਸ ਦਾ ਨਾਂ ਅੱਠ ਸੂਬਿਆਂ ਦੇ ਨਾਂ ’ਤੇ ਅਸ਼ਟਲਕਸ਼ਮੀ ਰੱਖਿਆ ਗਿਆ ਹੈ। ਤ੍ਰਿਪੁਰਾ ਆਤਮ-ਨਿਰਭਰ ਸੂਬਾ ਬਣ ਰਿਹਾ ਹੈ। ਉਨ੍ਹਾਂ ਸ਼ਰਨਾਰਥੀਆਂ ਦੇ ਮੁੱਦੇ ’ਤੇ ਵੀ ਰੌਸ਼ਨੀ ਪਾਈ ਤੇ ਉਨ੍ਹਾਂ ਨੂੰ ਮੁੱਖ ਧਾਰਾ ’ਚ ਲਿਆਉਣ ਤੇ ਸੂਬੇ ਦੇ ਵਿਕਾਸ ਕਾਰਜਾਂ ਲਈ ਬਿਪਲਬ ਦੇਵ ਦੀ ਤਾਰੀਫ਼ ਕੀਤੀ।