ਪ੍ਰਯਾਗਰਾਜ – ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ’ਚ ਸ਼ੁੱਕਰਵਾਰ ਸ਼ਾਮ ਤੱਕ 50 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਬਿਆਨ ’ਚ ਕਿਹਾ ਗਿਆ ਕਿ ਇਸ਼ਨਾਨ ਕਰਨ ਵਾਲਿਆਂ ਦੀ ਇਹ ਗਿਣਤੀ ਭਾਰਤ ਤੇ ਚੀਨ ਨੂੰ ਛੱਡ ਕੇ ਦੁਨੀਆ ਦੇ ਬਾਕੀ ਸਾਰੇ ਮੁਲਕਾਂ ਦੀ ਆਬਾਦੀ ਤੋਂ ਵੱਧ ਹੈ।
ਮਹਾਂਕੁੰਭ ਦੀ ਮੇਜ਼ਬਾਨੀ ਕਰ ਰਹੀ ਉੱਤਰ ਪ੍ਰਦੇਸ਼ ਸਰਕਾਰ ਨੇ ਦਾਅਵਾ ਕੀਤਾ ਕਿ ਇਹ ਮਨੁੱਖੀ ਇਤਿਹਾਸ ’ਚ ਕਿਸੇ ਧਾਰਮਿਕ, ਸੱਭਿਆਚਾਰਕ ਜਾਂ ਸਮਾਜਿਕ ਸਮਾਗਮ ਦੇ ਲਿਹਾਜ਼ ਤੋਂ ‘ਲੋਕਾਂ ਦਾ ਸਭ ਤੋਂ ਵੱਡਾ ਇਕੱਠ’ ਹੈ। ਗੰਗਾ, ਯਮੁਨਾ ਤੇ ਸਰਸਵਤੀ ਦੇ ਮਿਲਾਪ ਸਥਾਨ ਤ੍ਰਿਵੇਣੀ ਸੰਗਮ ’ਤੇ ਇਹ ਮਹਾਂਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਜੋ 26 ਫਰਵਰੀ ਤੱਕ ਚੱਲੇਗਾ। ਮਹਾਂਕੁੰਭ ਹਰ 12 ਸਾਲਾਂ ਬਾਅਦ ਕਰਵਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਪੁਲੀਸ ਨੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਬਾਰੇ ਗਲਤ ਤੇ ਭਰਮਾਊ ਜਾਣਕਾਰੀ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਪਿਛਲੇ ਮਹੀਨੇ 53 ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਹਦਾਇਤਾਂ ਮਗਰੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਕਈ ਗੁੰਮਰਾਹਕੁਨ ਪੋਸਟਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿੱਚ ਪੁਰਾਣੀਆਂ ਵੀਡੀਓਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਗਲਤ ਢੰਗ ਨਾਲ ਇਸ ਸਮਾਗਮ ਨਾਲ ਜੋੜਿਆ ਗਿਆ ਸੀ। ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਅੱਜ ਦੱਸਿਆ ਕਿ ਵਿਭਾਗ ਨੇ ਰਣਨੀਤੀ ਬਣਾਈ ਹੈ, ਜਿਸ ਵਿੱਚ ਸੋਸ਼ਲ ਮੀਡੀਆ ’ਤੇ ਭਰਮਾਊ ਪੋਸਟਾਂ ਦੀ ਨਿਗਰਾਨੀ ਤੇ ਉਨ੍ਹਾਂ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਪੁਲੀਸ ਅਤੇ ਮਾਹਿਰ ਏਜੰਸੀਆਂ ਵੱਲੋਂ ਲਗਾਤਾਰ ਸਾਈਬਰ ਨਿਗਰਾਨੀ ਸ਼ਾਮਲ ਹੈ।